ਚੰਡੀਗੜ੍ਹ (ਗੁਰਜੀਤ ਬਿੱਲਾ)-ਸੌਰ ਊਰਜਾ ਨੂੰ ਅਪਣਾ ਕੇ ਖੇਤੀਬਾੜੀ ਸੈਕਟਰ ਨੂੰ ਕਾਰਬਨ-ਮੁਕਤ ਕਰਨ ਦੀ ਦਿਸ਼ਾ ਵਿੱਚ ਇਕ ਹੋਰ ਠੋਸ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ 12 ਮੈਗਾਵਾਟ (ਹਰੇਕ ਪਲਾਂਟ 4 ਮੈਗਾਵਾਟ) ਸਮਰੱਥਾ ਦੇ ਤਿੰਨ ਹੋਰ ਸੌਰ ਊਰਜਾ ਪਾਵਰ ਪਲਾਂਟ ਲਗਾਏ ਜਾਣਗੇ।ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਹਾਲ ਹੀ ਵਿੱਚ ਖੇਤੀਬਾੜੀ ਸੰਬੰਧੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਪਿੰਡ ਤਰਖਾਣਵਾਲਾ ਵਿਖੇ 4 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਕਾਰਜਸ਼ੀਲ ਕੀਤਾ ਹੈ।
ਇਸ ਪ੍ਰਾਜੈਕਟ ਤੋਂ ਪੈਦਾ ਹੋਈ ਬਿਜਲੀ ਪਿੰਡ ਸੇਖੂ ਸਥਿਤ ਪੀ ਐੱਸ ਪੀ ਸੀ ਐੱਲ ਦੇ ਗਰਿੱਡ/ ਸਬ-ਸਟੇਸ਼ਨ ਨੂੰ ਸਪਲਾਈ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ ਸਾਲਾਨਾ ਲਗਭਗ 66.50 ਲੱਖ ਯੂਨਿਟ ਬਿਜਲੀ ਪੈਦਾ ਕਰੇਗਾ।ਅਮਨ ਅਰੋੜਾ ਨੇ ਦੱਸਿਆ ਕਿ 50 ਕਰੋੜ ਦੀ ਲਾਗਤ ਵਾਲੇ 12 ਮੈਗਾਵਾਟ ਸਮਰੱਥਾ ਦੇ ਇਹ ਹੋਰ ਤਿੰਨ ਸੂਰਜੀ ਊਰਜਾ ਪ੍ਰਾਜੈਕਟਾਂ ਦੇ ਜੂਨ 2025 ਤੱਕ ਕਾਰਜਸ਼ੀਲ ਹੋਣ ਦੀ ਆਸ ਹੈ। ਉਨ੍ਹਾ ਦੱਸਿਆ ਇਨ੍ਹਾਂ ਪ੍ਰਾਜੈਕਟਾਂ ਨੂੰ ਸਥਾਪਤ ਕਰਨ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਗੀ ਵਾਂਦਰ, ਸ਼ੇਰਗੜ੍ਹ ਅਤੇ ਕੋਠੇ ਮੱਲੂਆਣਾ ਵਿੱਚ ਲੱਗੇ ਪੀ ਐੱਸ ਪੀ ਸੀ ਐੱਲ ਦੇ 66 ਕੇ ਵੀ ਸਬ-ਸਟੇਸ਼ਨਾਂ ਨੇੜੇ ਪੰਚਾਇਤੀ ਜ਼ਮੀਨ ਲੀਜ਼ ’ਤੇ ਲਈ ਗਈ ਹੈ। ਉਹਨਾ ਕਿਹਾ ਕਿ ਇਹ ਪ੍ਰਾਜੈਕਟ ਖੇਤੀਬਾੜੀ ਲਈ ਸੌਰ ਊਰਜਾ ਦੇ ਸੰਕਲਪ ਨੂੰ ਦਰਸਾਉਣਗੇ ਅਤੇ ਪੀ ਐੱਸ ਪੀ ਸੀ ਐੱਲ ਨੂੰ ਬਹੁਤ ਘੱਟ ਕੀਮਤ ’ਤੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਨਗੇ। ਉਹਨਾ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਤੋਂ ਲੰਮੇ ਸਮੇਂ ਦੇ ਪੀ ਪੀ ਏ ਤਹਿਤ ਪੀ ਐੱਸ ਪੀ ਸੀ ਐੱਲ ਨੂੰ 2.748 ਰੁਪਏ ਪ੍ਰਤੀ ਕਿਲੋਵਾਟ ਘੰਟਾ ਦੀ ਦਰ ਮੁਤਾਬਕ ਬਿਜਲੀ ਸਪਲਾਈ ਕੀਤੀ ਜਾਵੇਗੀ।




