ਲੰਡਨ : ਬਰਤਾਨੀਆ ’ਚ ਵੀਰਵਾਰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਬਰਤਾਨਵੀ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਮੰਦਰਾਂ ਦੇ ਗੇੜੇ ਲਾਏ। ਸੂਨਕ (44) ਐਤਵਾਰ ਨੈਸਡੈਨ ’ਚ ਸ੍ਰੀ ਸਵਾਮੀਨਾਰਾਇਣ ਮੰਦਰ ਪਹੁੰਚੇ। ਸਟਾਰਮਰ (61) ਸ਼ੁੱਕਰਵਾਰ ਉੱਤਰੀ ਲੰਡਨ ਦੇ ਕਿੰਗਜ਼ਬਰੀ ’ਚ ਸਵਾਮੀ ਨਾਰਾਇਣ ਮੰਦਰ ਪਹੁੰਚੇ। ਦੋਹਾਂ ਆਗੂਆਂ ਨੇ ਇਹ ਕਦਮ ਬਰਤਾਨਵੀ ਹਿੰਦੂ ਸੰਗਠਨਾਂ ਦੇ ਇਕ ਪ੍ਰਮੁਖ ਸਮੂਹ ਵੱਲੋਂ ਆਮ ਚੋਣਾਂ ਤੋਂ ਪਹਿਲਾਂ ਪਹਿਲੀ ਵਾਰ ਜਾਰੀ ਕੀਤੇ ਗਏ ‘ਹਿੰਦੂ ਮੈਨੀਫੈਸਟੋ’ ਤੋਂ ਬਾਅਦ ਉਠਾਇਆ। ਇਸ ਮੈਨੀਫੈਸਟੋ ’ਚ ਚੁਣੇ ਹੋਏ ਨੁਮਾਇੰਦਿਆਂ ਤੋਂ ਹਿੰਦੂ ਪੂਜਾ ਸਥੱਲਾਂ ਦੀ ਰੱਖਿਆ ਕਰਨ ਅਤੇ ਹਿੰਦੂਆਂ ਪ੍ਰਤੀ ਨਫਰਤ ਨਾਲ ਨਿਪਟਣ ਲਈ ਸਰਗਰਮ ਕਦਮ ਉਠਾਉਣ ਦੀ ਅਪੀਲ ਕੀਤੀ ਗਈ ਹੈ।