ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)
ਅਪਰਾਧਿਕ ਅਨਸਰਾਂ ਵੱਲੋਂ ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਇੱਕ ਬੇਮਿਸਾਲ ਕਾਰਵਾਈ ਤਹਿਤ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿੱਚ 56 ਅਸਲਾ ਲਸੰਸ ਰੱਦ ਕੀਤੇ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਜਲੰਧਰ ਨੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੁਆਲੇ ਸ਼ਿਕੰਜਾ ਕੱਸਿਆ ਹੈ। ਉਨ੍ਹਾ ਦੱਸਿਆ ਕਿ ਹੁਣ ਤੱਕ 56 ਅਸਲਾ ਲਸੰਸ ਰੱਦ ਕੀਤੇ ਗਏ ਹਨ। ਰੱਦ ਕੀਤੇ ਗਏ ਜ਼ਿਆਦਾਤਰ ਲਸੰਸ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਦੇ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ 56 ਲਸੰਸਧਾਰੀਆਂ ਵਿੱਚੋਂ 13 ਖ਼ਿਲਾਫ਼ ਅਸਲਾ ਐਕਟ ਤਹਿਤ, 13 ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਛੇ ਐੱਨ ਡੀ ਪੀ ਐੱਸ ਐਕਟ ਤਹਿਤ, ਛੇ ਕਤਲ ਦੇ, ਪੰਜ ਚੋਰੀ ਦੇ ਅਤੇ 13 ਖ਼ਿਲਾਫ਼ ਵੱਖ-ਵੱਖ ਆਈ ਪੀ ਸੀ ਦੀ ਉਲੰਘਣਾ ਲਈ ਐੱਫ ਆਈ ਆਰ ਦਰਜ ਹੈ ।
ਪੁਲਸ ਕਮਿਸ਼ਨਰ ਨੇ ਕਿਹਾ ਕਿ ਇਸ ਨਿਰਣਾਇਕ ਕਾਰਵਾਈ ਦਾ ਉਦੇਸ਼ ਲਸੰਸਸ਼ੁਦਾ ਹਥਿਆਰਾਂ ਦੀ ਦੁਰਵਰਤੋਂ ਅਤੇ ਅਪਰਾਧ ’ਤੇ ਨਕੇਲ ਕੱਸਣਾ ਹੈ।ਇਨ੍ਹਾਂ ਲਸੰਸ ਨੂੰ ਰੱਦ ਕਰਨਾ ਗਵਾਹੀ ਦਿੰਦਾ ਹੈ ਕਿ ਕਮਿਸ਼ਨਰੇਟ ਪੁਲਸ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ। ਇਸ ਅਪਰੇਸ਼ਨ ਦਾ ਉਦੇਸ਼ ਸੰਭਾਵੀ ਹਿੰਸਾ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਘਟਾਉਣਾ ਹੈ।ਉਹਨਾ ਕਿਹਾ ਕਿ ਇਹ ਸ਼ਹਿਰ ਦੇ ਸਾਰੇ ਵਸਨੀਕਾਂ ਲਈ ਇੱਕ ਸੁਰੱਖਿਅਤ ਅਤੇ ਸ਼ਾਂਤਮਈ ਮਾਹੌਲ ਪੈਦਾ ਕਰਨ ਵੱਲ ਇੱਕ ਕਦਮ ਹੈ।ਇਹ ਜਲੰਧਰ ਕਮਿਸ਼ਨਰੇਟ ਪੁਲਸ ਦੀ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਦੀ ਦਿ੍ਰੜ੍ਹ ਵਚਨਬੱਧਤਾ ਨੂੰ ਵੀ ਦਰਸਾਉਦਾ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਜਲੰਧਰ ਨੂੰ ਸ਼ਾਂਤਮਈ ਅਤੇ ਅਪਰਾਧ ਮੁਕਤ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਖੱਤਰੀ ਤੇ ਗੁੱਜਰ ਗੈਂਗ ਦੇ 5 ਗੈਂਗਸਟਰ ਗਿ੍ਰਫਤਾਰ
ਜਲੰਧਰ (ਸ਼ੈਲੀ)-ਐੱਸ ਐੱਸ ਪੀ ਦਿਹਾਤੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਐੱਸ ਐੱਚ ਓ ਫਿਲੌਰ ਸੁਖਦੇਵ ਸਿੰਘ ਦੀ ਟੀਮ ਨੇ ਫਿਲੌਰ ਦੇ ਹਾਈਟੈੱਕ ਨਾਕੇ ’ਤੇ ਹੁਸ਼ਿਆਰਪੁਰ ਵੱਲ ਜਾਂਦੇ ਬਾਈਕ ਸਵਾਰ 5 ਜਣਿਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ ਚਾਰ ਪਿਸਤੌਲ, ਇਕ ਦੇਸੀ ਕੱਟਾ ਅਤੇ ਗੋਲੀ-ਸਿੱਕਾ ਬਰਾਮਦ ਕੀਤਾ। ਇਨ੍ਹਾਂ ਦੀ ਪਛਾਣ ਆਦਮਪੁਰ ਥਾਣੇ ਦੇ ਪਿੰਡ ਕਾਲਰਾ ਦੇ ਜਸਵਿੰਦਰ ਸਿੰਘ ਉਰਫ ਕਾਲਾ ਤੇ ਬਲਜੀਤ ਸਿੰਘ ਉਰਫ ਗੋਰਾ, ਹੁਸ਼ਿਆਰਪੁਰ ਦੇ ਪਿੰਡ ਸਲਾਰਨ ਦੇ ਸ਼ਿਵ ਦਿਆਲ ਉਰਫ ਬਿੱਲਾ, ਮੇਹਟੀਆਣਾ ਥਾਣੇ ਦੇ ਪਿੰਡ ਡਵਿੰਡਾ ਅਹਿਰਾਣਾ ਦੇ ਚੰਦਰ ਸ਼ੇਖਰ ਉਰਫ ਪੰਡਤ ਅਤੇ ਰਾਵਲਪਿੰਡੀ ਥਾਣੇ ਦੇ ਪਿੰਡ ਨਸੀਰਾਬਾਦ ਦੇ ਗੁਰਵਿੰਦਰ ਸਿੰਘ ਉਰਫ ਗਿੰਦੂ ਵਜੋਂ ਹੋਈ ਹੈ। ਇਹ ਅਮਰੀਕਾ ਦੌੜੇ ਸੌਰਵ ਗੁੱਜਰ ਤੇ ਸੋਨੂੰ ਖੱਤਰੀ ਲਈ ਕੰਮ ਕਰਦੇ ਸਨ। ਸੌਰਵ ਗੁੱਜਰ ਦੇ ਲੁਧਿਆਣਾ ਜੇਲ੍ਹ ਵਿਚ ਬੰਦ ਭਰਾ ਬਿੰਨੀ ਗੁੱਜਰ ਨੇ ਆਪਣੇ ਸਾਥੀ ਗਜਨੀ ਰਾਹੀਂ ਚੰਦਰ ਸ਼ੇਖਰ ਤੇ ਉਸ ਦੇ ਸਾਥੀਆਂ ਨੂੰ ਮੱਧ ਪ੍ਰਦੇਸ਼ ਤੋਂ ਪਿਸਤੌਲ ਮੁਹੱਈਆ ਕਰਵਾਏ ਸਨ, ਤਾਂ ਜੋ ਗੈਂਗ ਆਪਣੀਆਂ ਸਰਗਰਮੀਆਂ ਜਾਰੀ ਰੱਖ ਸਕੇ।