ਸਾਲ ’ਚ ਦੋ ਵਾਰ ਪ੍ਰੀਖਿਆ ਲੈਣ ’ਤੇ ਬਣੀ ਸਹਿਮਤੀ

0
170

ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਾਲ ਵਿਚ ਦੋ ਵਾਰ ਲਈ ਜਾਵੇਗੀ। ਇਸ ਲਈ ਕੇਂਦਰੀ ਵਿਭਾਗ ਵਲੋਂ ਦੇਸ਼ ਭਰ ਦੇ ਪਿ੍ਰੰਸੀਪਲਾਂ ਨਾਲ ਆਨਲਾਈਨ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਸਾਲ ਵਿਚ ਜਨਵਰੀ ਤੇ ਅਪਰੈਲ ਵਿਚ ਦੋ ਵਾਰ ਪ੍ਰੀਖਿਆ ਕਰਵਾਉਣ ’ਤੇ ਸਹਿਮਤੀ ਬਣ ਗਈ ਹੈ। ਇਹ ਯੋਜਨਾ ਸਾਲ 2026 ਵਿਚ ਲਾਗੂ ਹੋਵੇਗੀ, ਜਿਸ ਲਈ ਪਿ੍ਰੰਸੀਪਲਾਂ ਨੂੰ ਲਿਖਤੀ ਸਹਿਮਤੀ ਦੇਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਲਈ ਆਪਣੇ ਅੰਕਾਂ ਨੂੰ ਬਿਹਤਰ ਬਣਾਉਣ ਲਈ ਦੋਵੇਂ ਪ੍ਰੀਖਿਆਵਾਂ ਦੇਣ ਦਾ ਵਿਕਲਪ ਹੋਵੇਗਾ ਪਰ ਇਸ ਲਈ ਵੱਖਰਾ ਖਾਕਾ ਉਲੀਕਿਆ ਜਾਵੇਗਾ। ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ ਮੀਟਿੰਗ ਵਿਚ ਤਿੰਨ ਵਿਕਲਪ ਦਿੱਤੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਸਮੈਸਟਰ ਸਿਸਟਮ ਅਨੁਸਾਰ ਸਾਲ ਵਿਚ ਦੋ ਵਾਰ ਪ੍ਰੀਖਿਆਵਾਂ ਕਰਵਾਈਆਂ ਜਾਣ। ਪਹਿਲੇ ਸਮੈਸਟਰ ਵਿਚ ਅੱਧੇ ਸਿਲੇਬਸ ਤੇ ਦੂਜੇ ਸਮੈਸਟਰ ਵਿਚ ਰਹਿੰਦੇ ਸਿਲੇਬਸ ਦੀ ਪ੍ਰੀਖਿਆ ਕਰਵਾਈ ਜਾਵੇ। ਦੂਜੇ ਵਿਕਲਪ ਅਨੁਸਾਰ ਮਾਰਚ-ਅਪਰੈਲ ਦੀਆਂ ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ ਸਪਲੀਮੈਂਟਰੀ ਪ੍ਰੀਖਿਆਵਾਂ ਵੇਲੇ ਪੂਰੀ ਪ੍ਰੀਖਿਆ ਲਈ ਜਾਵੇ। ਤੀਜੇ ਅਨੁਸਾਰ ਜੇ ਈ ਈ ਮੇਨਜ਼ ਦੀ ਤਰਜ਼ ’ਤੇ ਜਨਵਰੀ ਤੇ ਅਪਰੈਲ ਵਿਚ ਦੋ ਵਾਰ ਪ੍ਰੀਖਿਆਵਾਂ ਲਈਆਂ ਜਾਣ। ਇਹ ਪ੍ਰੀਖਿਆਵਾਂ ਪੂਰੇ ਸਿਲੇਬਸ ਲਈ ਜਨਵਰੀ ਤੇ ਅਪਰੈਲ ਵਿਚ ਲਈਆਂ ਜਾਣ। ਇਹ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਪਿ੍ਰੰਸੀਪਲਾਂ ਨੇ ਤੀਜੇ ਵਿਕਲਪ ਨਾਲ ਸਹਿਮਤੀ ਜਤਾਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2025-26 ਦੀਆਂ ਪ੍ਰੀਖਿਆਵਾਂ ਪੁਰਾਣੇ ਪਾਠਕ੍ਰਮ ਅਨੁਸਾਰ ਕਰਵਾਈਆਂ ਜਾਣ ਕਿਉਂਕਿ ਨਵੀਆਂ ਪਾਠ ਪੁਸਤਕਾਂ ਛਪਣ ਲਈ ਇਕ ਸਾਲ ਤੋਂ ਦੋ ਸਾਲ ਦਾ ਸਮਾਂ ਚਾਹੀਦਾ ਹੈ। ਇਸ ਲਈ ਨਵੀਆਂ ਪੁਸਤਕਾਂ ਆਉਣ ਤੋਂ ਬਾਅਦ ਹੀ ਨਵੇਂ ਪਾਠਕ੍ਰਮ ਅਨੁਸਾਰ ਪ੍ਰੀਖਿਆਵਾਂ ਲਈਆਂ ਜਾਣਗੀਆਂ।

LEAVE A REPLY

Please enter your comment!
Please enter your name here