ਪੁਣੇ : ਐੱਨ ਸੀ ਪੀ (ਐੱਸ ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਐਤਵਾਰ ਇੱਥੇ ਕਿਹਾ ਕਿ ਉਨ੍ਹਾ ਦੀ ਪਾਰਟੀ, ਕਾਂਗਰਸ ਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ ਬੀ ਟੀ) ਅਕਤੂਬਰ ਵਿਚ ਹੋਣ ਵਾਲੀਆਂ ਮਹਾਰਾਸ਼ਟਰ ਅਸੰਬਲੀ ਚੋਣਾਂ ਮਿਲ ਕੇ ਲੜਨਗੀਆਂ। ਉਨ੍ਹਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਸੂਬੇ ਦੀਆਂ ਪ੍ਰਮੁੱਖ ਆਪੋਜ਼ੀਸ਼ਨ ਪਾਰਟੀਆਂ ਦੀ ਇਹ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੀਆਂ ਨਿੱਕੀਆਂ ਪਾਰਟੀਆਂ ਦੇ ਹਿੱਤਾਂ ਦੀ ਰਾਖੀ ਕਰਨ।
ਐੱਨ ਸੀ ਪੀ (ਐੱਸ ਪੀ), ਕਾਂਗਰਸ ਤੇ ਸ਼ਿਵ ਸੈਨਾ (ਯੂ ਬੀ ਟੀ) ਮਹਾਂ ਵਿਕਾਸ ਅਘਾੜੀ ਦਾ ਹਿੱਸਾ ਹਨ, ਜਿਹੜਾ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਤੋਂ ਪਹਿਲਾਂ ਨਵੰਬਰ 2019 ਤੋਂ ਜੂਨ 2022 ਤੱਕ ਸੱਤਾ ਵਿਚ ਰਿਹਾ।
ਪਵਾਰ ਨੇ ਇਹ ਵੀ ਕਿਹਾ ਕਿ ਆਪੋਜ਼ੀਸ਼ਨ ਅਸੰਬਲੀ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦੀ ਥਾਂ ਸਮੂਹਕ ਚਿਹਰੇ ਨਾਲ ਲੜੇਗਾ। ਉਨ੍ਹਾ ਕਿਹਾ ਕਿ ਸੂਬਾ ਤਬਦੀਲੀ ਚਾਹੁੰਦਾ ਹੈ ਤੇ ਇਹ ਆਪੋਜ਼ੀਸ਼ਨ ਦੇ ਗੱਠਜੋੜ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਤਬਦੀਲੀ ਲਿਆਏ। ਉਨ੍ਹਾ ਕਿਹਾਜਿਵੇਂ ਅਰਜੁਨ ਦੀ ਨਜ਼ਰ ਮੱਛੀ ਦੀ ਅੱਖ ’ਤੇ ਸੀ, ਸਾਡੀਆਂ ਨਜ਼ਰਾਂ ਵੀ ਚੋਣਾਂ ’ਤੇ ਹਨ। ਕਾਂਗਰਸ, ਐੱਨ ਸੀ ਪੀ (ਐੱਸ ਪੀ) ਤੇ ਸ਼ਿਵ ਸੈਨਾ (ਯੂ ਬੀ ਟੀ) ਮਿਲ ਕੇ ਚੋਣਾਂ ਲੜਨਗੀਆਂ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੀਟਾਂ ਦੀ ਵੰਡ ਲਈ ਗੱਲਬਾਤ ਅਜੇ ਸ਼ੁਰੂ ਨਹੀਂ ਹੋਈ, ਪਰ ਛੇਤੀ ਸ਼ੁਰੂ ਹੋ ਜਾਵੇਗੀ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਮਹਾਂ ਵਿਕਾਸ ਅਘਾੜੀ ਨੂੰ ਵਧੀਆ ਹੁੰਗਾਰਾ ਦਿੱਤਾ, ਪਰ ਇਨ੍ਹਾਂ ਤਿੰਨ ਪਾਰਟੀਆਂ ਤੋਂ ਇਲਾਵਾ ਖੱਬੀਆਂ ਪਾਰਟੀਆਂ ਅਤੇ ਪੀਜ਼ੈਂਟਸ ਐਂਡ ਵਰਕਰਜ਼ ਪਾਰਟੀ ਨੇ ਵੀ ਅਹਿਮ ਰੋਲ ਨਿਭਾਇਆ। ਇਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨੀ ਪ੍ਰਮੁੱਖ ਪਾਰਟੀਆਂ ਦੀ ਇਖਲਾਕੀ ਜ਼ਿੰਮੇਵਾਰੀ ਹੈ, ਇਸ ਲਈ ਜਤਨ ਕੀਤੇ ਜਾਣਗੇ।
ਏਕਨਾਥ ਸ਼ਿੰਦੇ ਸਰਕਾਰ ਵੱਲੋਂ ਸ਼ੁੱਕਰਵਾਰ ਅਸੰਬਲੀ ਵਿਚ ਪੇਸ਼ ਕੀਤੇ ਬਜਟ ਬਾਰੇ ਪਵਾਰ ਨੇ ਕਿਹਾਕੀ ਹੁੰਦਾ ਹੈ ਜਦੋਂ ਤੁਸੀਂ ਖਾਲੀ ਬੋਝੇ ਨਾਲ ਬਾਜ਼ਾਰ ਜਾਂਦੇ ਹੋ? ਕੁਝ ਦਿਨਾਂ ਦੀ ਗੱਲ ਹੈ, ਹਕੀਕਤ ਛੇਤੀ ਸਾਹਮਣੇ ਆ ਜਾਵੇਗੀ। ਬਜਟ ਵਿਚ 21 ਤੋਂ 60 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਮਾਸਕ ਭੱਤਾ, ਹਰ ਘਰ ਨੂੰ ਸਾਲ ਵਿਚ ਤਿੰਨ ਮੁਫਤ ਗੈਸ ਸਿਲੰਡਰ ਅਤੇ ਸਕਿੱਲ ਟਰੇਨਿੰਗ ਲਈ ਨੌਜਵਾਨਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਹੈ।