ਚਿਹਰਾ ਨਹੀਂ, ਗੱਠਜੋੜ ਹੀ ਜਿੱਤ ਦਾ ਜ਼ਾਮਨ

0
178

ਨਰਿੰਦਰ ਮੋਦੀ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਕੇ ਪੇਸ਼ ਕਰਨ ਤੋਂ ਬਾਅਦ ਲਗਭਗ ਹਰ ਚੋਣ ’ਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦਾ ਚਿਹਰਾ ਦੱਸਣ ਦੀ ਰਵਾਇਤ ਜਿਹੀ ਪੈ ਗਈ ਹੈ। ਸਿਆਲਾਂ ਵਿਚ ਜਿਨ੍ਹਾਂ ਰਾਜਾਂ ’ਚ ਅਸੰਬਲੀ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ’ਚ ਮਹਾਰਾਸ਼ਟਰ ਵੀ ਹੈ। ਇੱਥੇ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ), ਕਾਂਗਰਸ ਤੇ ਐੱਨ ਸੀ ਪੀ (ਸ਼ਰਦ ਪਵਾਰ) ਮਹਾਂ ਵਿਕਾਸ ਅਘਾੜੀ ਨਾਂਅ ਦਾ ਗੱਠਜੋੜ ਬਣਾ ਕੇ ਵਿਚਰ ਰਹੀਆਂ ਹਨ। ਭਾਜਪਾ ਵੱਲੋਂ ਸ਼ਿਵ ਸੈਨਾ ਤੇ ਐੱਨ ਸੀ ਪੀ ਵਿਚ ਫੁੱਟ ਪਾਉਣ ਤੋਂ ਪਹਿਲਾਂ ਇਹ ਗੱਠਜੋੜ ਸੂਬੇ ’ਚ ਸੱਤਾ ਵਿਚ ਸੀ। ਸੱਤਾ ਗੁਆਉਣ ਤੋਂ ਬਾਅਦ ਇਹ ਮਿਲ ਕੇ ਚੱਲਿਆ ਤੇ ਲੋਕ ਸਭਾ ਚੋਣਾਂ ਵਿਚ ਇਸ ਨੇ ਵਧੀਆ ਪ੍ਰਦਰਸ਼ਨ ਕੀਤਾ। ਅਸੰਬਲੀ ਚੋਣਾਂ ਵੀ ਇਹ ਪਾਰਟੀਆਂ ਮਿਲ ਕੇ ਲੜਨਗੀਆਂ। ਇਸੇ ਦਰਮਿਆਨ ਊਧਵ ਠਾਕਰੇ ਦੇ ਕਰੀਬੀ ਤੇ ਪਾਰਟੀ ਦੇ ਬੁਲਾਰੇ ਸੰਜੇ ਰਾਊਤ ਨੇ ਇਹ ਰਾਗ ਛੇੜ ਦਿੱਤਾ ਹੈ ਕਿ ਊਧਵ ਠਾਕਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਅਸੰਬਲੀ ਚੋਣਾਂ ਲੜੀਆਂ ਜਾਣ। ਰਾਊਤ ਦਾ ਇਹ ਵੀ ਕਹਿਣਾ ਹੈ ਕਿ ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਕੇ ਚੋਣਾਂ ਲੜੀਆਂ ਜਾਂਦੀਆਂ ਤਾਂ ਲੋਕ ਸਭਾ ਦੀਆਂ 25-30 ਸੀਟਾਂ ਹੋਰ ਮਿਲ ਸਕਦੀਆਂ ਸਨ ਤੇ ‘ਇੰਡੀਆ’ ਗੱਠਜੋੜ ਸਰਕਾਰ ਬਣਾ ਸਕਦਾ ਸੀ। ਉਨ੍ਹਾ ਮੋਦੀ ਤੇ ਇੰਦਰਾ ਦਾ ਨਾਂਅ ਲੈ ਕੇ ਕਿਹਾ ਕਿ ਲੋਕ ਚਿਹਰੇ ਨੂੰ ਵੋਟ ਪਾਉਦੇ ਹਨ।
ਸ਼ਰਦ ਪਵਾਰ ਨੇ ਰਾਊਤ ਨਾਲ ਅਸਹਿਮਤੀ ਪ੍ਰਗਟਾਉਦਿਆਂ ਕਿਹਾ ਹੈ ਕਿ ਗੱਠਜੋੜ ਕਿਸੇ ਇਕ ਚਿਹਰੇ ਦੀ ਥਾਂ ਸਮੂਹਕ ਚਿਹਰੇ ਨਾਲ ਚੋਣਾਂ ਲੜੇਗਾ। ਇਹੀ ਫਾਰਮੂਲਾ ਜਿੱਤ ਦਿਵਾ ਸਕਦਾ ਹੈ। ਪਵਾਰ ਦਾ ਇਹ ਵੀ ਕਹਿਣਾ ਹੈ ਕਿ ਚਿਹਰੇ ’ਤੇ ਜ਼ੋਰ ਦੇਣ ਦੀ ਥਾਂ ਗੱਠਜੋੜ ਨੂੰ ਵਿਸ਼ਾਲ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾ ਮੁਤਾਬਕ ਲੋਕ ਸਭਾ ਚੋਣਾਂ ਵਿਚ ਪੀਜ਼ੈਂਟਸ ਐਂਡ ਵਰਕਰਜ਼ ਪਾਰਟੀ ਤੇ ਕਮਿਊਨਿਸਟ ਪਾਰਟੀਆਂ ਨੇ ਗੱਠਜੋੜ ਦੀ ਮਦਦ ਕੀਤੀ। ਇਨ੍ਹਾਂ ਨੂੰ ਵੀ ਮਹਾਂ ਵਿਕਾਸ ਅਘਾੜੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਲੋਕ ਸਭਾ ਚੋਣਾਂ ਵਿਚ ਅਸੀਂ ਇਨ੍ਹਾਂ ਲਈ ਸੀਟਾਂ ਨਹੀਂ ਛੱਡ ਸਕੇ। ਹੁਣ ਇਹ ਸਾਡੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਪਾਰਟੀਆਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਇਨ੍ਹਾਂ ਨੂੰ ਗੱਠਜੋੜ ਵਿਚ ਲਿਆਈਏ। ਮੋਦੀ ਦਾ ਵਿਰੋਧ ਕਰਨ ਵਾਲੇ ਸਾਰੇ ਲੋਕਾਂ ਨੂੰ ਗੱਠਜੋੜ ਨਾਲ ਜੋੜਨਾ ਚਾਹੀਦਾ ਹੈ। ਮੁੱਖ ਮੰਤਰੀ ਦਾ ਫੈਸਲਾ ਚੋਣਾਂ ਤੋਂ ਬਾਅਦ ਕੀਤਾ ਜਾ ਸਕਦਾ ਹੈ।
ਸ਼ਰਦ ਪਵਾਰ ਦੀ ਦਲੀਲ ਵਿਚ ਵਜ਼ਨ ਹੈ। ਲੋਕ ਸਭਾ ਚੋਣਾਂ ਨੇ ਦਿਖਾਇਆ ਹੈ ਕਿ ਮੋਦੀ ਦਾ ਚਿਹਰਾ ਭਾਜਪਾ ਨੂੰ ਬਹੁਮਤ ਨਹੀਂ ਦਿਵਾ ਸਕਿਆ, ਜਦਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਨੇ ਯੂ ਪੀ ਵਿਚ ਨਿੱਕੀਆਂ-ਨਿੱਕੀਆਂ ਪਾਰਟੀਆਂ ਇਕੱਠੀਆਂ ਕਰਕੇ ਭਾਜਪਾ ਨਾਲੋਂ ਵੱਧ ਸੀਟਾਂ ਹਾਸਲ ਕਰ ਲਈਆਂ।

LEAVE A REPLY

Please enter your comment!
Please enter your name here