ਪੂੰਜੀਵਾਦ ਅੱਗੇ ਪ੍ਰਮਾਣਕਤਾ ਦਾ ਸੰਕਟ

0
5

ਦੁਨੀਆ ਦੀ ਸਭ ਤੋਂ ਵੱਡੀ ਐਸੇਟ (ਅਸਾਸਾ) ਮੈਨੇਜਮੈਂਟ ਕੰਪਨੀ ਬਲੈਕਰੌਕ ਦੇ ਸੀ ਈ ਓ ਲੈਰੀ ਫਿੰਕ ਨੇ ਦਾਵੋਸ ਵਿੱਚ ਵਿਸ਼ਵ ਆਰਥਕ ਮੰਚ ਵਿੱਚ ਜੁਟੇ ਦੁਨੀਆ-ਭਰ ਦੇ ਸਭ ਤੋਂ ਵੱਡੇ ਪੂੰਜੀਪਤੀਆਂ ਨੂੰ ਮੁਖਾਤਬ ਹੁੰਦਿਆਂ ਖਬਰਦਾਰ ਕੀਤਾ ਕਿ ਪੂੰਜੀਵਾਦ ਪ੍ਰਮਾਣਕਤਾ (ਲਿਜਿਟਿਮਸੀ) ਦੇ ਸੰਕਟ ਨਾਲ ਜੂਝ ਰਿਹਾ ਹੈ। ਉਸ ਨੇ ਕਿਹਾ ਕਿ ਬਰਲਿਨ ਦੀ ਕੰਧ ਡਿੱਗਣ (ਯਾਨੀ ਸੋਵੀਅਤ ਖੈਮਾ ਢਹਿਣ) ਦੇ ਬਾਅਦ ਤੋਂ ਹੁਣ ਤੱਕ ਜਿੰਨਾ ਧਨ ਪੈਦਾ ਹੋਇਆ, ਓਨਾ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਪਰ ‘ਇੱਕ ਸਿਹਤਮੰਦ ਸਮਾਜ’ ਕਾਇਮ ਕਰਨ ਦੀ ਥਾਂ ਇਹ ਧਨ ਬਹੁਤ ਹੀ ਸੀਮਤ ਲੋਕਾਂ ਕੋਲ ਇਕੱਠਾ ਹੋ ਗਿਆ ਹੈ। ਫਿੰਕ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦਾ ਲਾਭ ਸਿਰਫ ਇਸ ਦੇ ਬੁਨਿਆਦੀ ਢਾਂਚੇ ਦੇ ਮਾਲਕਾਂ ਤੱਕ ਸੀਮਤ ਰਿਹਾ ਤੇ ਇਸ ਨੇ ਵੱਡੇ ਪੈਮਾਨੇ ’ਤੇ ਵ੍ਹਾਈਟ ਕਾਲਰ ਮੁਲਾਜ਼ਮਾਂ ਦੀਆਂ ਨੌਕਰੀਆਂ ਖਾਧੀਆਂ ਤਾਂ ਇਹ ਭੂਮੰਡਲੀਕਰਨ (ਗਲੋਬਲਾਈਜ਼ੇਸ਼ਨ) ਨਾਲ ਪੈਦਾ ਹੋਈ ਨਾਬਰਾਬਰੀ ਵਰਗੀ ਗਲਤੀ ਦੁਹਰਾਉਣਾ ਹੋਵੇਗਾ।
ਇਹ ਭਾਸ਼ਣ ਗਵਾਹ ਹੈ ਕਿ ਪੂੰਜੀਵਾਦ ਦੇ ਸਰਬਉੱਚ ਸੰਚਾਲਕਾਂ ਨੂੰ ਅਹਿਸਾਸ ਹੈ ਕਿ ਆਮ ਲੋਕਾਂ ਦੀ ਨਿਗਾਹ ਵਿੱਚ ਉਨ੍ਹਾਂ ਦੀ ਵਿਵਸਥਾ ਤੇਜ਼ੀ ਨਾਲ ਆਪਣੀ ਸਾਖ ਗੁਆਉਦੀ ਜਾ ਰਹੀ ਹੈ। ਜਿਸ ਭੂਮੰਡਲੀਕਰਨ ਨੂੰ ਸਭ ਦੀ ਖੁਸ਼ਹਾਲੀ ਦਾ ਮੰਤਰ ਦੱਸਿਆ ਗਿਆ ਸੀ, ਉਹ ਅਸਲ ਵਿੱਚ ਚੰਦ ਧਨੀ ਤਬਕਿਆਂ ਦੇ ਅੱਤ-ਅਮੀਰ ਬਣਨ ਦਾ ਜ਼ਰੀਆ ਸਾਬਤ ਹੋਇਆ ਹੈ। ਕਿਸੇ ਵਿਵਸਥਾ ਦੀ ਸਾਖ ਉਦੋਂ ਤੱਕ ਹੀ ਕਾਇਮ ਰਹਿੰਦੀ ਹੈ, ਜਦ ਤੱਕ ਉਸ ਦੇ ਹਿੱਤ ਵਿੱਚ ਹੋਣ ਦੀ ਧਾਰਨਾ ਬਣੀ ਰਹਿੰਦੀ ਹੈ। ਜਦੋਂ ਅਜਿਹਾ ਨਹੀਂ ਹੁੰਦਾ, ਲੋਕ ਉਸ ਦੀ ਪ੍ਰਮਾਣਕਤਾ ’ਤੇ ਸਵਾਲ ਉਠਾਉਦੇ ਹਨ। ਲੋਕ ਪੁੱਛਦੇ ਹਨ ਕਿ ਆਖਰ ਉਸ ਵਿਵਸਥਾ ਨੂੰ ਜਾਰੀ ਰੱਖਣ ਵਿੱਚ ਉਨ੍ਹਾਂ ਦਾ ਕੀ ਲਾਭ ਹੈ? ਅਤੇ ਫਿਰ ਲੋਕ ਇਸ ਗੱਲ ’ਤੇ ਵਿਚਾਰ ਕਰਨਾ ਸ਼ੁਰੂ ਕਰਦੇ ਹਨ ਕਿ ਉਸ ਵਿਵਸਥਾ ਦਾ ਬਦਲ ਕੀ ਹੈ? ਲੈਰੀ ਫਿੰਕ ਦੀਆਂ ਟਿੱਪਣੀਆਂ ਦੱਸਦੀਆਂ ਹਨ ਕਿ ਵੱਡੇ ਪੂੰਜੀਪਤੀ ਇਸ ਸੰਭਾਵਨਾ ਤੋਂ ਭੈਭੀਤ ਹਨ।
ਇੱਕ ਦੌਰ ਵਿੱਚ ਉਦਾਰੀਕਰਨ, ਨਿੱਜੀਕਰਨ ਤੇ ਭੂਮੰਡਲੀਕਰਨ ਯਾਨੀ ਨਵ-ਉਦਾਰਵਾਦ ਦੀਆਂ ਨੀਤੀਆਂ ਨੂੰ ਬੜ੍ਹਾਵਾ ਦੇ ਕੇ ਪੂੰਜੀਪਤੀਆਂ ਦੇ ਮੁਨਾਫੇ ਵਿੱਚ ਲਗਾਤਾਰ ਵਾਧੇ ਨੂੰ ਯਕੀਨੀ ਬਣਾਇਆ ਗਿਆ, ਪਰ ਉਨ੍ਹਾਂ ਨੀਤੀਆਂ ਦਾ ਨਤੀਜਾ 2008 ਵਿੱਚ ਬਾਜ਼ਾਰ ਢਹਿਣ ਤੇ ਉਸ ਦੇ ਬਾਅਦ ਸ਼ੁਰੂ ਹੋਈ ਲੰਬੀ ਮੰਦੀ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਤੋਂ ਦੁਨੀਆ ਅੱਜ ਵੀ ਉੱਭਰ ਨਹੀਂ ਸਕੀ। ਆਖਰਕਾਰ ਪੂੰਜੀਵਾਦ ਦੇ ਕੇਂਦਰ ਵਿੱਚ ਸਥਿਤ ਦੇਸ਼ਾਂ, ਖਾਸਕਰ ਉਨ੍ਹਾਂ ਦੇ ਆਗੂ ਅਮਰੀਕਾ ਨੇ ‘ਨਿਯਮ-ਅਧਾਰਤ’ ਉਸ ਵਿਵਸਥਾ ਨੂੰ ਦਰਕਿਨਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਉਨ੍ਹਾਂ ਦੀ ਅਗਵਾਈ ਵਿੱਚ ਹੀ ਲਾਗੂ ਕੀਤਾ ਗਿਆ ਸੀ। ਹੁਣ ਉਹ ਦੌਰ ਹੈ, ਜਦ ਅਮਰੀਕੀ ‘ਸ਼ਾਸਕ ਵਰਗ’ ਆਪਣੇ ਮੁਨਾਫੇ ਨੂੰ ਯਕੀਨੀ ਬਣਾਉਣ ਲਈ ਖੁੱਲ੍ਹੇਆਮ ਜੰਗ ’ਤੇ ਉੱਤਰ ਆਇਆ ਹੈ। ਇਸ ਸਿਲਸਿਲੇ ਵਿੱਚ ਉਸ ਨੇ ਮੁਕਾਬਲੇਬਾਜ਼, ਸਹਿਯੋਗੀ ਤੇ ਸਾਥੀ ਸਭ ਦਾ ਭੇਦ ਭੁਲਾ ਦਿੱਤਾ ਹੈ।
ਇੱਕ ਮਿੱਥ ਹੈ ਕਿ ਜਦੋਂ ਪੂੰਜੀਵਾਦ ਸੰਕਟ ਵਿੱਚ ਘਿਰਦਾ ਹੈ ਤਾਂ ਕੁਝ ਅਜਿਹੀ ਖੋਜ ਕਰਦਾ ਹੈ, ਜਿਸ ਨਾਲ ਸੰਕਟ ਵਿੱਚੋਂ ਨਿਕਲ ਜਾਂਦਾ ਹੈ। ਇਸ ਧਾਰਨਾ ਵਿੱਚ ਬਹੁਤ ਸਾਰੇ ਲੋਕਾਂ ਦਾ ਅਜਿਹਾ ਯਕੀਨ ਹੈ ਕਿ ਪੂੰਜੀਵਾਦ ਦੇ ਸੰਕਟ ਦੀ ਚਰਚਾ ਸੁਣਦੇ ਹੀ ਉਹ ਇਸ ਨੂੰ ਕਮਿਊਨਿਸਟਾਂ ਦਾ ਘਿਸਿਆ-ਪਿਟਿਆ ਜੁਮਲਾ ਦੱਸ ਦਿੰਦੇ ਹਨ। ਅਕਸਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਪੂੰਜੀਵਾਦ ਤਾਂ ਚੱਲਦਾ ਹੀ ਜਾ ਰਿਹਾ ਹੈ, ਜਦਕਿ ਉਸ ਦੇ ਬਦਲ ਦੇ ਰੂਪ ਵਿੱਚ ਉਭਰਿਆ ਸਮਾਜਵਾਦ ਢਹਿ ਚੁੱਕਾ ਹੈ (ਯਾਨੀ ਸੋਵੀਅਤ ਖੈਮਾ ਬਿਖਰ ਗਿਆ ਤੇ ਚੀਨ ਨੇ ਕਥਿਤ ਤੌਰ ’ਤੇ ਆਪਣਾ ਰਾਹ ਬਦਲ ਲਿਆ।) 1917 ਵਿੱਚ ਰੂਸ ਵਿੱਚ ਬਾਲਸ਼ਵਿਕ ਇਨਕਲਾਬ ਨੇ ਪੂੰਜੀਵਾਦ ਨੂੰ ਬਚਣ ਲਈ ਕੁਝ ਨਵਾਂ ਕਰਨ ਦੀ ਚੁਣੌਤੀ ਪੇਸ਼ ਕੀਤੀ ਸੀ। ਇਸ ਦੇ ਜਵਾਬ ਵਿੱਚ ਉਸ ਨੇ ਸੋਸ਼ਲ ਡੈਮੋਕਰੇਸੀ ਦੀ ਖੋਜ ਕੀਤੀ। ਇਹ ਸੋਚ ਫੈਲਾਈ ਗਈ ਕਿ ਰਾਜ ਦੀ ਭੂਮਿਕਾ ਸਾਰੇ ਸਮਾਜੀ ਵਰਗਾਂ ਦੇ ਹਿੱਤਾਂ ਵਿਚਾਲੇ ਤਾਲਮੇਲ ਬਿਠਾਉਦਿਆਂ ਅਜਿਹੀਆਂ ਨੀਤੀਆਂ ’ਤੇ ਅਮਲ ਯਕੀਨੀ ਬਣਾਉਣਾ ਹੈ, ਜਿਸ ਨਾਲ ਸਭ ਦਾ ਭਲਾ ਹੋਵੇ। ਪਰ ਰਾਜ ਦੀ ਇਹ ਭੂਮਿਕਾ ਉਦੋਂ ਤੱਕ ਕਾਇਮ ਰਹੀ, ਜਦੋਂ ਤੱਕ ਕਮਿਊਨਿਜ਼ਮ ਦਾ ਖਤਰਾ ਪੂੰਜੀਪਤੀਆਂ ਦੇ ਸਿਰ ’ਤੇ ਮੰਡਰਾਉਦਾ ਰਿਹਾ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਖਤਰਾ ਟਲ ਗਿਆ ਹੈ, ਤਾਂ ਮਜ਼ਦੂਰਾਂ ਨੂੰ ਦਿੱਤੀਆਂ ਗਈਆਂ ਰਿਆਇਤਾਂ ਹੌਲੀ-ਹੌਲੀ ਵਾਪਸ ਲੈ ਲਈਆਂ। ਇਸ ਦਾ ਨਤੀਜਾ ਅਨਿਅੰਤਰਤ ਪੂੰਜੀਵਾਦ ਵਿੱਚ ਨਿਕਲਿਆ, ਜਿਸ ਦੀ ਪ੍ਰਮਾਣਕਤਾ ਦੇ ਸੰਕਟ ਦੀ ਗੱਲ ਅੱਜ ਹੋ ਰਹੀ ਹੈ।
ਦੋ ਗੱਲਾਂ ਨੋਟ ਕਰਨ ਵਾਲੀਆਂ ਹਨ। ਉਦੋਂ ਪੂੰਜੀਵਾਦ ਸੰਕਟ ਵਿੱਚੋਂ ਇਸ ਕਰਕੇ ਨਿਕਲ ਗਿਆ ਸੀ, ਕਿਉਕਿ ਪੰੂਜੀਵਾਦੀ ਦੇਸ਼ਾਂ ਕੋਲ ਬਸਤੀਵਾਦ ਤੇ ਨਵ-ਸਾਮਰਾਜਵਾਦ ਨਾਲ ਪੂਰੀ ਦੁਨੀਆ ਤੋਂ ਵਾਧੂ ਦੌਲਤ ਇਕੱਠੀ ਕਰਨ ਦੀ ਸਹੂਲਤ ਸੀ। ਬਸਤੀਵਾਦ ਦੇ ਖਾਤਮੇ ਦੇ ਨਾਲ ਕਈ ਪੂੰਜੀਵਾਦ ਦੇਸ਼ਾਂ ਦੇ ਹੱਥੋਂ ਇਹ ਸਹੂਲਤ ਨਿਕਲ ਗਈ। ਅਮਰੀਕਾ ਕੋਲ ‘ਨਾਬਰਾਬਰ ਵਟਾਂਦਰੇ’ (ਅਨਇਕੁਅਲ ਐਕਸਚੇਂਜ) ਰਾਹੀਂ ਉਹ ਸਹੂਲਤ ਅਜੇ ਵੀ ਹੈ, ਪਰ ਚੀਨ ਦਾ ਉਭਾਰ ਉਸ ਦੀ ਇਸ ਸਮਰੱਥਾ ਨੂੰ ਤੇਜ਼ੀ ਨਾਲ ਸੀਮਤ ਕਰ ਰਿਹਾ ਹੈ। ਦੂਜੀ ਗੱਲ, ਸਨਅਤੀ ਇਨਕਲਾਬ ਦੇ ਪਹਿਲੇ ਤਿੰਨ ਪੜਾਵਾਂ ਵਿੱਚ ਆਧੁਨਿਕ ਤਕਨੀਕਾਂ ਦੇ ਵਿਕਾਸ ਵਿੱਚ ਪੂੰਜੀਵਾਦ ਅੱਗੇ ਰਿਹਾ, ਪਰ ਚੌਥੇ ਪੜਾਅ ਦੀਆਂ ਤਕਨੀਕਾਂਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਕੁਆਂਟਮ ਕੰਪਿਊਟਿੰਗ, ਬਾਇਓਟੈਕ, ਗਰੀਨ ਐਨਰਜੀਆਦਿ ਵਿੱਚ ਚੀਨ ਅੱਗੇ ਹੋ ਚੁੱਕਾ ਹੈ। ਜਿਨ੍ਹਾਂ ਖੇਤਰਾਂ ਵਿੱਚ ਚੀਨ ਅੱਗੇ ਨਹੀਂ ਹੈ, ਉਨ੍ਹਾਂ ਵਿੱਚ ਅਮਰੀਕਾ ਨਾਲ ਬਰਾਬਰ ਵਿਦ ਰਿਹਾ ਹੈ। ਇਨ੍ਹਾਂ ਦੋਹਾਂ ਪਹਿਲੂਆਂ ਕਾਰਨ ਪੂੰਜੀਵਾਦ ਦੇ ਗੜ੍ਹ ਦੇਸ਼ਾਂ ਦੀਆਂ ਚੁਣੌਤੀਆਂ ਵਧ ਗਈਆਂ ਹਨ। ਇਸ ਲਈ ਇਸ ਵਾਰ ਦੇ ਸੰਕਟ ਦਾ ਹੱਲ ਲੱਭਣਾ ਉਨ੍ਹਾਂ ਲਈ ਆਸਾਨ ਨਹੀਂ ਹੈ। ਅਜਿਹੇ ਵਿੱਚ ਪੈਦਾ ਹੋਣ ਵਾਲੇ ਧਨ ਦੇ ਲਾਭ ਤੋਂ ਵਿਰਵੇ ਰਹਿਣ ਵਾਲੇ ਭਾਈਚਾਰਿਆਂ ਵਿੱਚ ਪੂੰਜੀਵਾਦ ਪ੍ਰਤੀ ਅਸੰਤੋਸ਼ ਵਧਣਾ ਲਾਜ਼ਮੀ ਹੈ। ਫਿਲਹਾਲ ਨਫਰਤ ਦੇ ਏਜੰਡੇ ਵਿੱਚ ਲੋਕਾਂ ਨੂੰ ਉਲਝਾ ਕੇ ਸ਼ਾਸਕ ਵਰਗ ਬਦਲ ਦੀ ਚਰਚਾ ਨੂੰ ਮੁੱਖਧਾਰਾ ਤੋਂ ਦੂਰ ਰੱਖੇ ਹੋਏ ਹੈ, ਪਰ ਅਜਿਹਾ ਕਰਨਾ ਅਨਿਸਚਿਤ ਕਾਲ ਤੱਕ ਸੰਭਵ ਨਹੀਂ ਹੋਵੇਗਾ।