25.8 C
Jalandhar
Monday, September 16, 2024
spot_img

ਲਾਡੋਵਾਲ ਟੋਲ ਪਲਾਜ਼ਾ ਪੱਕਾ ਬੰਦ

ਜਲੰਧਰ : ਕਿਸਾਨਾਂ ਨੇ ਆਪਣੇ ਮੋਰਚੇ ਦੇ ਸੋਲ੍ਹਵੇਂ ਦਿਨ ਐਤਵਾਰ ਫਿਲੌਰ ਕੋਲ ਲਾਡੋਵਾਲ ਦੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ। ਕਿਸਾਨਾਂ ਨੇ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਨਾਂਅ ਏ ਡੀ ਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ, ਜਿਸ ’ਚ 6 ਮੁੱਖ ਮੰਗਾਂ ਰੱਖੀਆਂ ਹਨ। ਕਿਸਾਨਾਂ ਨੇ ਟੋਲ ਪਲਾਜ਼ੇ ’ਤੇ ਪੱਲੀਆਂ ਪਾ ਕੇ ਰੱਸੀਆਂ ਬੰਨ੍ਹ ਦਿੱਤੀਆਂ ਹਨ।
ਕਿਸਾਨਾਂ ਦੀ ਤਾਲਾਬੰਦੀ ਨੂੰ ਰੋਕਣ ਲਈ ਟੋਲ ਪਲਾਜ਼ਾ ’ਤੇ ਭਾਰੀ ਗਿਣਤੀ ’ਚ ਪੁਲਸ ਮੌਜੂਦ ਸੀ, ਪਰ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਕੇ ਹੀ ਰਹੇ। ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਟੋਲ ਦੇ ਰੇਟ ਸਭ ਤੋਂ ਵੱਧ ਹਨ। ਇਸ ਧਰਨੇ ’ਚ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵੀ ਭਰਪੂਰ ਸਮਰਥਨ ਮਿਲਿਆ ਹੈ। ਕਈ ਟੈਕਸੀ ਡਰਾਈਵਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਟੋਲ ਪਲਾਜ਼ਾ ਬੰਦ ਕਰਨ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਐਤਵਾਰ ਦੇ ਪ੍ਰੋਗਰਾਮ ’ਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਟੋਲ ਨੂੰ ਬੰਦ ਕਰਵਾਉਣ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ। ਕਿਸਾਨਾਂ ਨੇ ਕਿਹਾ ਕਿ ਕਈ ਵਾਰ ਟੋਲ ਅਧਿਕਾਰੀਆਂ ਅਤੇ ਐੱਨ ਅੱੈਚ ਏ ਆਈ ਨੂੰ ਇਸ ਟੋਲ ਦੀ ਸਮਾਂ-ਸੀਮਾ ਦੱਸਣ ਲਈ ਕਿਹਾ ਗਿਆ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਟੋਲ ਪਲਾਜ਼ਾ ਦੀ ਮਿਆਦ ਵੀ ਖਤਮ ਹੋ ਗਈ ਹੈ, ਪਰ ਲੋਕਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਇਸ ਲਈ ਤਾਲਾ ਲਗਾ ਕੇ ਇਸ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਹੈ।
ਲਾਡੋਵਾਲ ਟੋਲ ’ਤੇ ਕਾਰ ਦਾ ਟੈਕਸ ਇਕਤਰਫਾ 215 ਰੁਪਏ ਤੇ ਰਾਊਂਡ ਟਿ੍ਰਪ ਲਈ 325 ਰੁਪਏ ਸੀ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ’ਚ ਇਕਤਰਫਾ ਕਿਰਾਇਆ 220 ਰੁਪਏ ਤੇ ਰਾਊਂਡ ਟਿ੍ਰਪ 330 ਰੁਪਏ ਅਤੇ ਮਹੀਨਾਵਾਰ ਪਾਸ 7360 ਰੁਪਏ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹਲਕੇ ਵਾਹਨ ਦਾ ਪੁਰਾਣਾ ਕਿਰਾਇਆ ਵਨ ਵੇਅ ਲਈ 350 ਰੁਪਏ ਤੇ ਰਾਊਂਡ ਟਿ੍ਰਪ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੀਂ ਦਰ ’ਚ ਇਕਤਰਫਾ ਕਿਰਾਇਆ 355 ਰੁਪਏ ਤੇ ਰਾਊਂਡ ਟਿ੍ਰਪ 535 ਰੁਪਏ ਅਤੇ ਮਹੀਨਾਵਾਰ ਪਾਸ 11885 ਰੁਪਏ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਵੱਡੇ ਵਾਹਨਾਂ ਦੇ ਰੇਟ ਵੀ ਵਧਾਏ ਗਏ।

Related Articles

LEAVE A REPLY

Please enter your comment!
Please enter your name here

Latest Articles