ਬਲੈਕਲਿਸਟ ਕੰਪਨੀ ਮੁੜ ਭਰਤੀ ਪ੍ਰੀਖਿਆ ਲਵੇਗੀ

0
217

ਪੇਪਰ ਲੀਕ ਤੇ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦਾ ਮਾਮਲਾ ਦੇਸ਼ ਭਰ ਵਿੱਚ ਭਖਿਆ ਹੋਇਆ ਹੈ। ਸੱਤਾਧਾਰੀਆਂ ਨੇ ਇਨ੍ਹਾਂ ਪ੍ਰੀਖਿਆਵਾਂ ਨੂੰ ਅਰਬਾਂ-ਖਰਬਾਂ ਦਾ ਧੰਦਾ ਬਣਾ ਦਿੱਤਾ ਹੈ। ਹਾਲਤ ਇਹ ਹੈ ਕਿ ਬਦਨਾਮ ਤੇ ਦਾਗੀ ਕੰਪਨੀਆਂ ਵੀ ਇਸ ਧੰਦੇ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ ਐੱਸ ਆਈ ਆਰ) ਵਿੱਚ ਸੈਕਸ਼ਨ ਅਫਸਰਾਂ (ਐੱਸ ਓ) ਤੇ ਅਸਿਸਟੈਂਟ ਸੈਕਸ਼ਨ ਅਫਸਰਾਂ ਦੇ ਅਹੁਦੇ ਲਈ ਇਸੇ ਹਫਤੇ ਪ੍ਰੀਖਿਆ ਜਥੇਬੰਦ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਦਾ ਠੇਕਾ ਗੁਜਰਾਤ ਦੀ ਉਸ ‘ਐਡੂਟੈਸਟ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਨੂੰ ਦਿੱਤਾ ਹੋਇਆ ਹੈ, ਜਿਸ ਨੂੰ ਉਤਰ ਪ੍ਰਦੇਸ਼ ਸਰਕਾਰ ਨੇ ਪੇਪਰ ਲੀਕ ਮਾਮਲੇ ਵਿੱਚ ਬਲੈਕ ਲਿਸਟ ਕੀਤਾ ਹੈ। ਕੰਪਨੀ ਦਾ ਐੱਮ ਡੀ ਵਿਨੀਤ ਆਰੀਆ ਯੂ ਪੀ ਪੁਲਸ ਤੋਂ ਡਰਦਾ ਵਿਦੇਸ਼ ਭੱਜ ਗਿਆ ਹੈ।
ਵਿਗਿਆਨ ਤੇ ਖੋਜ ਮੰਤਰਾਲੇ ਵੱਲੋਂ ਜਾਰੀ ਸੂਚਨਾ ਮੁਤਾਬਕ ਐੱਸ ਓ ਤੇ ਏ ਐੱਸ ਓ ਅਹੁਦਿਆਂ ਲਈ ਪ੍ਰੀਖਿਆ ’ਚ 7 ਜੁਲਾਈ ਨੂੰ ਉਹ ਦਾਅਵੇਦਾਰ ਬੈਠ ਸਕਣਗੇ, ਜਿਨ੍ਹਾਂ ਪਹਿਲੇ ਗੇੜ ਦੀ ਪ੍ਰੀਖਿਆ ਪਾਸ ਕਰ ਲਈ ਹੈ। ਪਹਿਲੇ ਗੇੜ ਦੀ ਪ੍ਰੀਖਿਆ ਵੀ ਗੁਜਰਾਤ ਦੀ ਇਸੇ ਕੰਪਨੀ ਨੇ ਲਈ ਸੀ। ਪਿਛਲੇ ਸਾਲ 19 ਅਕਤੂਬਰ ਨੂੰ ‘ਐਡੂਟੈਸਟ’ ਨੂੰ ਐੱਸ ਓ ਤੇ ਏ ਐੱਸ ਓ ਦੇ ਅਹੁਦਿਆਂ ਲਈ ਭਰਤੀ ਪ੍ਰੀਖਿਆ ਕਰਾਉਣ ਲਈ ਅੱਠ ਕਰੋੜ ਦਾ ਠੇਕਾ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਅਗਲੇ ਦਿਨ 20 ਅਕਤੂਬਰ ਨੂੰ ਬਿਹਾਰ ਯੂਨੀਵਰਸਿਟੀ ਪ੍ਰੀਖਿਆ ਸੰਮਤੀ (ਪਟਨਾ) ਦੇ ਪ੍ਰੀਖਿਆ ਕੰਟਰੋਲਰ ਨੇ ਇਸ ਕੰਪਨੀ ਨੂੰ ਨੋਟਿਸ ਭੇਜ ਕੇ ਕਿਹਾ ਸੀ ਕਿ ਸੰਮਤੀ ਉਸ ਨੂੰ ਲਾਪ੍ਰਵਾਹੀ ਤੇ ਗੈਰ-ਵਿਹਾਰਕ ਆਚਰਣ ਕਾਰਨ ਬਲੈਕ ਲਿਸਟ ਕਰ ਰਹੀ ਹੈ।
ਇਨ੍ਹਾਂ ਅਹੁਦਿਆਂ ਲਈ ਪਹਿਲੇ ਗੇੜ ਦੀ ਪ੍ਰੀਖਿਆ ਇਸੇ ਸਾਲ 5 ਤੋਂ 20 ਫਰਵਰੀ ਤੱਕ 19 ਸ਼ਹਿਰਾਂ ਦੇ 138 ਕੇਂਦਰਾਂ ’ਤੇ ਹੋਈ ਸੀ। ਇਸ ਵਿੱਚ 4 ਲੱਖ 75 ਹਜ਼ਾਰ ਉਮੀਦਵਾਰਾਂ ਨੇ ਭਾਗ ਲਿਆ ਸੀ। ਇਸ ਪ੍ਰੀਖਿਆ ਦੌਰਾਨ ਉਮੀਦਵਾਰਾਂ ਨੇ ਵੱਡੇ ਪੱਧਰ ’ਤੇ ਧਾਂਦਲੀਆਂ ਬਾਰੇ ਦੋਸ਼ ਲਾਏ ਸਨ। ਇਨ੍ਹਾਂ ਧਾਂਦਲੀਆਂ ਦੀ ਦੋ ਰਾਜਾਂ ਰਾਜਸਥਾਨ ਤੇ ਉਤਰਾਖੰਡ ਦੀ ਪੁਲਸ ਪੜਤਾਲ ਕਰ ਰਹੀ ਹੈ। ਕਈ ਉਮੀਦਵਾਰ ਇਸ ਸਮੇਂ ਨਕਲ ਦੇ ਦੋਸ਼ ਵਿੱਚ ਜੇਲ੍ਹ ਬੰਦ ਹਨ।
ਉੱਤਰਾਖੰਡ ਪੁਲਸ ਨੇ 8 ਫਰਵਰੀ ਨੂੰ ਸੂਬੇ ਦੇ ਇੱਕ ਪ੍ਰੀਖਿਆ ਕੇਂਦਰ ’ਤੇ ਛਾਪਾ ਮਾਰਿਆ ਸੀ। ਦੇਹਰਾਦੂਨ ਦੇ ਪੁਲਸ ਮੁਖੀ ਨੇ ਦੱਸਿਆ ਕਿ ਆਈ ਟੀ ਪਾਰਕ ਤੇ ਡੋਈਵਾਲਾ ਦੇ ਪ੍ਰੀਖਿਆ ਕੇਂਦਰਾਂ ਵਿੱਚ ਕੇਂਦਰ ਸੰਚਾਲਕ ਨਕਲ ਕਰਾ ਰਹੇ ਸਨ। ਸਰਵਰ ਰੂਮ ਵਿੱਚ ਰਿਮੋਟ ਐਕਸੈੱਸ ਰਾਹੀਂ ਪ੍ਰੀਖਿਆ ਸਿਸਟਮ ਨੂੰ ਹੈਕ ਕਰ ਰੱਖਿਆ ਸੀ। ਨਕਲ ਲਈ ਬਕਾਇਦਾ ਇੱਕ ਕਮਰਾ ਤਿਆਰ ਕੀਤਾ ਹੋਇਆ ਸੀ। ਪੁਲਸ ਨੇ 5 ਵਿਅਕਤੀਆਂ ਨੂੰ ਉਸ ਸਮੇਂ ਗਿ੍ਰਫ਼ਤਾਰ ਕੀਤਾ ਸੀ।
ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੇ ਬਹਰੋਡ ਥਾਣੇ ਵਿੱਚ ਬੀਤੀ 20 ਫਰਵਰੀ ਨੂੰ ਐੱਫ ਆਈ ਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ੀ ਨੇ ਮੰਨਿਆ ਸੀ ਕਿ ਉਸ ਨੇ ਨਕਲ ਕਰਵਾਈ ਸੀ। ਇਸ ਲਈ ਉਸ ਨੇ ਸਕਰੀਨ ਸ਼ੇਅਰਿੰਗ ਐਪ ‘ਏਮੀ ਐਡਮਿਨ’ ਦੀ ਵਰਤੋਂ ਕੀਤੀ ਸੀ। ਇਸ ਕੇਸ ਵਿੱਚ ਰਵੀ ਯਾਦਵ ਤੇ ਯੋਗੇਸ਼ ਸ਼ਰਮਾ ਨਾਂਅ ਦੇ ਦੋ ਵਿਅਕਤੀ ਜੇਲ੍ਹ ਭੇਜੇ ਗਏ ਹਨ। ਇਨ੍ਹਾਂ ਦੋਸ਼ੀਆਂ ਨੇ ਜਿਸ ਸੰਦੀਪ ਕੁਮਾਰ ਤੇ ਮਹੇਸ਼ ਕੁਮਾਰ ਦੀ ਨਕਲ ਕਰਨ ਵਿੱਚ ਮਦਦ ਕੀਤੀ ਸੀ, ਉਹ ਪਾਸ ਹੋ ਗਏ ਸਨ। ਇਹ ਹੁਣ ਦੂਜੇ ਗੇੜ ਦੀ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹਨ।
ਦੋ ਰਾਜਾਂ ਵਿੱਚ ਬਲੈਕ ਲਿਸਟ ਤੇ ਦੋ ਹੋਰ ਰਾਜਾਂ ਵਿੱਚ ਪ੍ਰੀਖਿਆ ਪ੍ਰਕਿਰਿਆ ਵਿੱਚ ਧਾਂਦਲੀ ਦੇ ਦੋਸ਼ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਗੁਜਰਾਤੀ ਕੰਪਨੀ ‘ਐਡੂਟੈਸਟ’ ਕੇਂਦਰ ਸਰਕਾਰ ਦੀ ਨਜ਼ਰ ਵਿੱਚ ਦੁੱਧ ਧੋਤੀ ਹੈ। ਸੀ ਐੱਸ ਆਈ ਆਰ ਇਹ ਮੰਨਣ ਲਈ ਤਿਆਰ ਨਹੀਂ ਕਿ ਪਹਿਲੇ ਗੇੜ ਦੀ ਪ੍ਰੀਖਿਆ ਵਿੱਚ ਕੋਈ ਧਾਂਦਲੀ ਹੋਈ ਸੀ। ਰਾਹੁਲ ਗਾਂਧੀ ਨੇ ਪੇਪਰ ਲੀਕ ਮਾਮਲੇ ਬਾਰੇ ਦੋਸ਼ ਲਾਇਆ ਸੀ ਕਿ ਇਸ ਪਿੱਛੇ ਸਿੱਖਿਆ ਖੇਤਰ ਵਿੱਚ ਸੰਘ ਦੇ ਪੈਰੋਕਾਰਾਂ ਦੀ ਵੱਡੇ ਪੱਧਰ ’ਤੇ ਘੁਸਪੈਠ ਹੈ। ‘ਐਡੂਟੈਸਟ’ ਕੰਪਨੀ ਇਸ ਦੀ ਇੱਕ ਮਿਸਾਲ ਹੈ। ਇਸ ਕੰਪਨੀ ਦਾ ਮੁਖੀ ਸੁਰੇਸ਼ ਚੰਦਰ ਆਰੀਆ ਇੱਕ ਹਿੰਦੂ ਸੰਗਠਨ ਦਾ ਪ੍ਰਧਾਨ ਹੈ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here