ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਪਹਿਲੀ ਜੁਲਾਈ ਤੋਂ ਲਾਗੂ ਹੋਏ ਨਵੇਂ ਫੌਜਦਾਰੀ ਕਾਨੂੰਨਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਸੰਬੰਧਤ ਮੁੱਦੇ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹਨ। ਇਸ ਦਾ ਉਸ ਸਮਾਗਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜਿਸ ਵਿਚ ਹਾਜ਼ਰੀ ਭਰਨ ਲਈ ਉਹ ਆਏ ਹਨ। ਉਨ੍ਹਾ ਕੌਮੀ ਰਾਜਧਾਨੀ ਦੇ ਕੜਕੜਡੂਮਾ, ਸ਼ਾਸਤਰੀ ਪਾਰਕ ਅਤੇ ਰੋਹਿਨੀ ਵਿਚ ਤਿੰਨ ਵਾਧੂ ਅਦਾਲਤੀ ਇਮਾਰਤਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਿਰਕਤ ਕੀਤੀ।
ਕੇਜਰੀਵਾਲ ਦੀ ਪਟੀਸ਼ਨ ’ਤੇ ਸੀ ਬੀ ਆਈ ਨੂੰ ਨੋਟਿਸ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਬਕਾਰੀ ਨੀਤੀ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੀ ਬੀ ਆਈ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਨੀਨਾ ਬਾਂਸਲ ਕਿ੍ਰਸ਼ਨਾ ਨੇ ਅਭਿਸ਼ੇਕ ਮਨੂੰ ਸਿੰਘਵੀ ਦੀਆਂ ਦਲੀਲਾਂ ਸੁਨਣ ਤੋਂ ਬਾਅਦ 7 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ। ਅਦਾਲਤ ਨੇ ਇਸ ਮਾਮਲੇ ਨੂੰ ਵਿਸਥਾਰਤ ਸੁਣਵਾਈ ਲਈ 17 ਜੁਲਾਈ ਲਈ ਸੂਚੀਬੱਧ ਕੀਤਾ ਹੈ।
ਅੰਮਿ੍ਰਤਪਾਲ ਬਾਰੇ ਅਰਜ਼ੀ ਪੰਜਾਬ ਸਰਕਾਰ ਨੇ ਸਪੀਕਰ ਨੂੰ ਘੱਲੀ
ਜਲੰਧਰ (ਸੁਰਿੰਦਰ ਕੁਮਾਰ)-ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਲਈ ਚੁਣੇ ਗਏ ਅੰਮਿ੍ਰਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜ ਦਿੱਤੀ ਹੈ। ਡਿੱਬਰੂਗੜ੍ਹ ਜੇਲ੍ਹ ਵਿਚ ਐੱਨ ਐੱਸ ਏ ਤਹਿਤ ਬੰਦ ਅੰਮਿ੍ਰਤਪਾਲ ਸਿੰਘ ਦੇ ਪਰਿਵਾਰ ਨੇ ਡੀ ਸੀ ਅੰਮਿ੍ਰਤਸਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ ਹੈ। ਲੋਕ ਸਭਾ ਲਈ ਚੁਣੇ ਗਏ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ।
ਧਰਮਪੁਰਾ ਦੀ ਕੁੜੀ ਦੀ ਆਸਟ੍ਰੇਲੀਆ ਦੇ ਹਵਾਈ ਅੱਡੇ ’ਤੇ ਮੌਤ
ਬਰੇਟਾ (ਰੀਤਵਾਲ) : ਨੇੜਲੇ ਪਿੰਡ ਧਰਮਪੁਰਾ ਦੀ 24 ਸਾਲਾ ਮਨਪ੍ਰੀਤ ਕੌਰ ਦੀ ਆਸਟ੍ਰੇਲੀਆ ਤੋਂ ਪਰਤਦਿਆਂ ਮੈਲਬੌਰਨ ਹਵਾਈ ਅੱਡੇ ’ਤੇ ਜਹਾਜ਼ ’ਚ ਮੌਤ ਹੋ ਗਈ। ਮੈਲਬੌਰਨ ਦੀ ਰਿਪੋਰਟ ਹੈ ਕਿ ਮਨਪ੍ਰੀਤ ਤਪਦਿਕ ਨਾਲ ਪੀੜਤ ਸੀ। ਉਹ ਮੈਲਬੌਰਨ ਤੋਂ ਦਿੱਲੀ ਲਈ ਜਹਾਜ਼ ’ਤੇ ਸਵਾਰ ਹੋਈ। ਉਹ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਤੇ ਜਹਾਜ਼ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਤਪਦਿਕ ਨੂੰ ਮੰਨਿਆ ਜਾ ਰਿਹਾ ਹੈ। ਉਸ ਦੇ ਇੱਕ ਦੋਸਤ ਅਨੁਸਾਰ ਮਨਪ੍ਰੀਤ ਕੌਰ ਮਾਰਚ 2020 ’ਚ ਆਸਟਰੇਲੀਆ ਆਉਣ ਤੋਂ ਬਾਅਦ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਮਿਲਣ ਭਾਰਤ ਜਾ ਰਹੀ ਸੀ। ਜਦੋਂ ਉਹ ਆਪਣੀ ਸੀਟ ਬੈਲਟ ਬੰਨ੍ਹਣ ਲੱਗੀ ਤਾਂ ਫਰਸ਼ ’ਤੇ ਡਿੱਗ ਪਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਆਸ਼ਰਮ ’ਚ ਦੋ ਬੱਚਿਆਂ ਦੀ ਮੌਤ
ਇੰਦੌਰ : ਇੱਥੋਂ ਦੇ ਇਕ ਬਾਲ ਆਸ਼ਰਮ ਵਿਚ ਦੋ ਦਿਨਾਂ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ 12 ਬਿਮਾਰ ਹੋ ਗਏ ਹਨ। ਡਾਕਟਰਾਂ ਅਨੁਸਾਰ ਪਹਿਲੀ ਨਜ਼ਰ ਵਿਚ ਇਹ ਮਾਮਲਾ ਖਾਣੇ ਕਾਰਨ ਹੋਈ ਬਿਮਾਰੀ ਦਾ ਜਾਪਦਾ ਹੈ। ਐਡੀਸ਼ਨਲ ਡੀ ਸੀ ਦੀ ਅਗਵਾਈ ’ਚ ਟੀਮ ਨੂੰ ਜਾਂਚ ਲਈ ਲਾਇਆ ਗਿਆ ਹੈ।


