ਵੋਟਾਂ ਤੋਂ ਹਫਤਾ ਪਹਿਲਾਂ ਅਕਾਲੀ ਉਮੀਦਵਾਰ ਆਪ ’ਚ

0
130

ਜਲੰਧਰ (ਸ਼ੈਲੀ ਐਲਬਰਟ)-ਜਲੰਧਰ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਅਚਾਨਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ। ਜ਼ਿਮਨੀ ਚੋਣ ਲਈ ਵੋਟਾਂ 10 ਜੁਲਾਈ ਨੂੰ ਪੈਣਗੀਆਂ। ਮਾਨ ਨੇ ਕਿਹਾ ਕਿ ਉਹ ਸੁਰਜੀਤ ਕੌਰ ਨੂੰ ਸਰਕਾਰ ’ਚ ਚੰਗੀ ਜ਼ਿੰਮੇਵਾਰੀ ਦੇਣਗੇ। ਆਮ ਆਦਮੀ ਪਾਰਟੀ ਨੇ ਭਾਜਪਾ ਦੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ। ਉਜ ਅਕਾਲੀ ਦਲ ਨੇ ਪਹਿਲਾਂ ਹੀ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਮੰਨਣ ਤੋਂ ਇਨਕਾਰ ਕਰਕੇ ਬਸਪਾ ਉਮੀਦਵਾਰ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਸੀ। ਅਕਾਲੀ ਦਲ ਦਾ ਕਹਿਣਾ ਸੀ ਕਿ ਸੁਰਜੀਤ ਕੌਰ ਦੇ ਕਾਗਜ਼ ਪਾਰਟੀ ਵਿੱਚੋਂ ਬਗਾਵਤ ਕਰਨ ਵਾਲੀ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਹੁਰਾਂ ਨੇ ਦਾਖਲ ਕਰਵਾਏ ਸਨ। ਮਾਨ ਨੇ ਕਿਹਾ ਕਿ ਸੁਰਜੀਤ ਕੌਰ ਅਤੇ ਉਨ੍ਹਾ ਦਾ ਸਮੁੱਚਾ ਪਰਵਾਰ ਬਹੁਤ ਹੀ ਧਾਰਮਿਕ ਸ਼ਖ਼ਸੀਅਤਾਂ ਹਨ, ਜਿਨ੍ਹਾ ਦੇ ਦਿਲਾਂ ਵਿੱਚ ਪੰਥ, ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਹਮਦਰਦੀ ਹੈ। ਉਨ੍ਹਾ ਦੇ ਪਤੀ ਜਥੇਦਾਰ ਪ੍ਰੀਤਮ ਸਿੰਘ ਨੇ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਸੁਰਜੀਤ ਕੌਰ ਖ਼ੁਦ ਦੋ ਵਾਰ ਕੌਂਸਲਰ ਰਹਿ ਚੁੱਕੀ ਹੈ।
‘ਆਪ’ ਆਗੂਆਂ ਨੇ ਸੁਰਜੀਤ ਕੌਰ ਦਾ ‘ਆਪ’ ’ਚ ਰਸਮੀ ਸਵਾਗਤ ਕਰਨ ਲਈ ਇਕ ਪ੍ਰੈੱਸ ਕਾਨਫ਼ਰੰਸ ਨੂੰ ਵੀ ਸੰਬੋਧਨ ਕੀਤਾ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ‘ਆਪ’ ਜਲੰਧਰ ਪੱਛਮੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ‘ਆਪ’ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਹੇ ਪਵਨ ਕੁਮਾਰ ਟੀਨੂੰ ਹਾਜ਼ਰ ਸਨ।
ਟੀਨੂੰ ਨੇ ਕਿਹਾ ਕਿ ਸੁਰਜੀਤ ਕੌਰ ਦੇ ਸ਼ਾਮਲ ਹੋਣ ਨਾਲ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ‘ਆਪ’ ਨੂੰ ਵੱਡਾ ਹੁਲਾਰਾ ਮਿਲੇਗਾ। ਖੁੱਡੀਆਂ ਨੇ ਕਿਹਾ ਕਿ ‘ਆਪ’ ਉਮੀਦਵਾਰ ਮਹਿੰਦਰ ਭਗਤ ਜਲੰਧਰ ਪੱਛਮੀ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ।ਸੁਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾ ਨੇ ਇਹ ਫ਼ੈਸਲਾ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਲਿਆ ਹੈ। ਉਨ੍ਹਾ ਕਿਹਾ ਕਿ ਲੋਕ ਉਨ੍ਹਾ ਕੋਲ ਮਦਦ ਲਈ ਅਤੇ ਉਨ੍ਹਾਂ ਦੇ ਕੰਮਾਂ ਲਈ ਆਉਦੇ ਹਨ, ਪਰ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਉਮੀਦਵਾਰੀ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਇਨਕਾਰ ਕੀਤਾ ਹੈ। ਇਸ ਲਈ ਉਨ੍ਹਾ ਨੇ ਇੱਕ ਅਜਿਹੀ ਪਾਰਟੀ ਵੱਲ ਕਦਮ ਚੁੱਕਿਆ ਜੋ ਆਮ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਲਈ ਕੰਮ ਕਰ ਰਹੇ ਹਨ।ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਿਲਜੀਤ ਸਿੰਘ ਚੀਮਾ ਨੇ ਸੁਰਜੀਤ ਕੌਰ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ ਕਿਹਾ ਕਿ ਬਾਗੀਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਬਾਗੀਆਂ ਨੇ ਅਜਿਹੇ ਹਾਲਾਤ ਬਣਾਏ ਕਿ ਸੁਰਜੀਤ ਕੌਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਈ ਹੈ। ਬਾਗੀਆਂ ਨੇ ਪਾਰਟੀ ਦਾ ਜਲੂਸ ਕੱਢਣ ਲਈ ਇਹ ਸਭ ਕੁਝ ਕੀਤਾ ਹੈ।

LEAVE A REPLY

Please enter your comment!
Please enter your name here