ਨਵੀਂ ਦਿੱਲੀ : ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ’ਤੇ ਦੋ ਦਿਨ ਹੋਈ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਬਹੁਤਾ ਸਮਾਂ ਕਾਂਗਰਸ, ਅਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਤੇ ਰਾਹੁਲ ਗਾਂਧੀ ’ਤੇ ਹਮਲੇ ਕਰਨ ’ਤੇ ਲਾਇਆ। ਮੋਦੀ ਨੇ ਸੋਮਵਾਰ ਰਾਹੁਲ ਗਾਂਧੀ ਵੱਲੋਂ ਕੀਤੀ ਤਕਰੀਰ ਦਾ ਰਾਹੁਲ ਦਾ ਨਾਂ ਲਏ ਬਿਨਾਂ ਜ਼ਿਕਰ ਕਰਦਿਆਂ ਕਿਹਾਅੱਜਕਲ੍ਹ ਹਮਦਰਦੀ ਹਾਸਲ ਕਰਨ ਲਈ ਨਵੀਂ ਗੇਮ ਸ਼ੁਰੂ ਕੀਤੀ ਗਈ ਹੈ। ਇਕ ਕਿੱਸਾ ਸੁਣਾਉਦਾ ਹਾਂ। ਇਕ ਬੱਚਾ ਸਕੂਲ ਤੋਂ ਆਇਆ ਤੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ। ਮਾਂ ਡਰ ਗਈ। ਮਾਂ ਨੇ ਪੁੱਛਿਆ ਪਰ ਬੱਚੇ ਨੇ ਗੱਲ ਦੱਸੀ ਨਹੀਂ। ਦਰਅਸਲ ਬੱਚੇ ਨੇ ਕਿਸੇ ਬੱਚੇ ਨੂੰ ਮਾਂ ਦੀ ਗਾਲ ਕੱਢੀ ਸੀ, ਕਿਤਾਬਾਂ ਪਾੜ ਦਿੱਤੀਆਂ ਸਨ, ਟੀਚਰ ਨੂੰ ਚੋਰ ਕਿਹਾ ਸੀ, ਕਿਸੇ ਦਾ ਟਿਫਨ ਚੁਰਾ ਕੇ ਖਾ ਗਿਆ ਸੀ। ਅਸੀਂ ਕੱਲ੍ਹ ਸਦਨ ਵਿਚ ਇਹੀ ਬਚਕਾਨਾ ਹਰਕਤ ਦੇਖੀ। ਕੱਲ੍ਹ ਇਥੇ ਬਾਲਕ ਬੁੱਧੀ ਦਾ ਵਿਰਲਾਪ ਚਲ ਰਿਹਾ ਸੀ।
ਮੋਦੀ ਨੇ ਅੱਗੇ ਕਿਹਾਕਾਂਗਰਸ ਆਗੂਆਂ ਨੇ ਬਿਆਨਬਾਜ਼ੀ ਵਿਚ ਸ਼ੋਅਲੇ ਫਿਲਮ ਨੂੰ ਵੀ ਪਿੱਛੇ ਛੱਡ ਦਿੱਤਾ। ਇਹ ਲੋਕ ਕਹਿ ਰਹੇ ਹਨ ਤੀਜੀ ਵਾਰ ਹੀ ਤਾਂ ਹਾਰੇ ਹਾਂ, ਅਰੇ ਮੌਸੀ 13 ਰਾਜਾਂ ਵਿਚ 0 ਸੀਟ ਆਈ, ਪਰ ਹੀਰੋ ਤਾਂ ਹਾਂ ਹੀ। ਉਨ੍ਹਾ ਕਿਹਾਕਾਂਗਰਸ 2024 ਤੋਂ ਪਰਜੀਵੀ ਕਾਂਗਰਸ ਦੇ ਰੂਪ ਵਿਚ ਜਾਣੀ ਜਾਵੇਗੀ। ਇਤਿਹਾਦੀਆਂ ਕਰਕੇ ਇਸਦੀਆਂ ਸੀਟਾਂ ਵਧੀਆਂ। ਮੋਦੀ ਨੇ ਇਕ ਹੋਰ ਕਿੱਸਾ ਸੁਣਾਇਆਇਕ ਬੱਚਾ 99 ਫੀਸਦੀ ਨੰਬਰ ਲੈ ਕੇ ਘੁੰਮ ਰਿਹਾ ਸੀ ਤੇ ਲੋਕਾਂ ਦੀ ਵਾਹਵਾਹੀ ਲੈ ਰਿਹਾ ਸੀ। ਟੀਚਰ ਨੇ ਕਿਹਾ ਕਿ ਇਹ 100 ਵਿੱਚੋਂ 99 ਨੰਬਰ ਨਹੀਂ ਲਿਆਇਆ, 543 ਵਿੱਚੋਂ ਲਿਆਇਆ ਹੈ।





