27.5 C
Jalandhar
Friday, October 18, 2024
spot_img

ਆਈ ਜੀਤੋ, ਗਈ ਜੀਤੋ

ਪੰਜਾਬ ਅਸੰਬਲੀ ਦੇ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਮੰਗਲਵਾਰ ਜੋ ਘਟਨਾਕ੍ਰਮ ਹੋਇਆ, ਉਸ ਨੇ ‘ਆਯਾ ਰਾਮ, ਗਯਾ ਰਾਮ’ ਦਾ ਕਿੱਸਾ ਮੁੜ ਚੇਤੇ ਕਰਵਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੁਪਹਿਰੇ ‘ਆਪ’ ਵਿਚ ਸ਼ਾਮਲ ਹੋ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਕਾਇਦਾ ਸਿਰੋਪਾ ਪਾ ਕੇ ਉਨ੍ਹਾ ਦਾ ਸਵਾਗਤ ਕੀਤਾ। ਸੂਰਜ ਢਲਦਿਆਂ ਬੀਬੀ ਜੀ ਫਿਰ ਅਕਾਲੀ ਦਲ ਵਿਚ ਵਾਪਸੀ ਕਰ ਗਏ।
‘ਆਯਾ ਰਾਮ, ਗਯਾ ਰਾਮ’ ਕਿੱਸੇ ਦਾ ਜਨਮ 1967 ’ਚ ਹੋਇਆ ਸੀ। ਪੰਜਾਬ ਤੋਂ 1966 ’ਚ ਅੱਡ ਹੋ ਕੇ ਬਣੇ ਹਰਿਆਣਾ ਰਾਜ ਦੀਆਂ ਪਹਿਲੀਆਂ ਅਸੰਬਲੀ ਚੋਣਾਂ ਹੋਈਆਂ ਤਾਂ ਕਾਂਗਰਸ ਨੇ ਕੁਲ 81 ਸੀਟਾਂ ਵਿੱਚੋਂ 48 ਸੀਟਾਂ ਜਿੱਤੀਆਂ। ਜਨਸੰਘ (ਹੁਣ ਵਾਲੀ ਭਾਜਪਾ) ਨੂੰ 12, ਸਵਤੰਤਰ ਪਾਰਟੀ ਨੂੰ 3 ਤੇ ਰਿਪਬਲੀਕਨ ਪਾਰਟੀ ਨੂੰ 2 ਸੀਟਾਂ ਮਿਲੀਆਂ। ਇਨ੍ਹਾਂ ਤੋਂ ਇਲਾਵਾ 16 ਆਜ਼ਾਦ ਜਿੱਤੇ, ਜੋ ਦੂਜਾ ਸਭ ਤੋਂ ਵੱਡਾ ਗਰੁੱਪ ਸਨ। ਇਨ੍ਹਾਂ ਆਜ਼ਾਦਾਂ ਵਿਚ ਗਯਾ ਲਾਲ ਵੀ ਸਨ, ਜਿਨ੍ਹਾਂ ਪਲਵਲ ਜ਼ਿਲ੍ਹੇ ’ਚ ਪੈਂਦੀ ਹਸਨਪੁਰ ਦੀ ਰਿਜ਼ਰਵ ਸੀਟ ਜਿੱਤੀ। ਕਾਂਗਰਸ ਦੇ ਭਗਵਤ ਦਿਆਲ ਸ਼ਰਮਾ ਨੇ 10 ਮਾਰਚ 1967 ਨੂੰ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਪਰ ਇਕ ਹਫਤੇ ਦੇ ਅੰਦਰ ਹੀ ਉਨ੍ਹਾ ਦੀ ਸਰਕਾਰ ਡਿਗ ਗਈ। ਕਾਂਗਰਸ ਦੇ 12 ਵਿਧਾਇਕਾਂ ਨੇ ਹਰਿਆਣਾ ਕਾਂਗਰਸ ਦੇ ਨਾਂਅ ਨਾਲ ਨਵਾਂ ਧੜਾ ਬਣਾ ਕੇ ਪਾਰਟੀ ਛੱਡ ਦਿੱਤੀ। ਉਧਰ, ਆਜ਼ਾਦਾਂ ਨੇ ਮਿਲ ਕੇ ਯੂਨਾਈਟਿਡ ਫਰੰਟ ਬਣਾ ਲਿਆ। ਕਾਂਗਰਸ ਦੇ ਬਾਗੀ ਵਿਧਾਇਕਾਂ, ਆਜ਼ਾਦਾਂ ਤੇ ਕੁਝ ਹੋਰਨਾਂ ਨੇ ਮਿਲ ਕੇ ਸੰਯੁਕਤ ਵਿਧਾਇਕ ਦਲ (ਐੱਸ ਵੀ ਡੀ) ਬਣਾ ਲਿਆ। ਇਸ ਦਲ ’ਚ 48 ਵਿਧਾਇਕ ਇਕੱਠੇ ਹੋ ਗਏ। ਇਸ ਦੇ ਬਾਅਦ 24 ਮਾਰਚ 1967 ਨੂੰ ਰਾਓ ਬੀਰੇਂਦਰ ਸਿੰਘ ਨੇ ਸੰਯੁਕਤ ਵਿਧਾਇਕ ਦਲ ਦੇ ਆਗੂ ਵਜੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਵਿਸ਼ਾਲ ਹਰਿਆਣਾ ਪਾਰਟੀ ਦੇ ਰਾਓ ਬੀਰੇਂਦਰ ਸਿੰਘ ਚੋਣਾਂ ਵਿਚ ਕਾਂਗਰਸ ਦੀ ਟਿਕਟ ’ਤੇ ਪਟੌਦੀ ਹਲਕੇ ਤੋਂ ਜਿੱਤੇ ਸਨ। ਕਾਂਗਰਸ ਵਿਚ ਭਗਵਤ ਦਿਆਲ ਸ਼ਰਮਾ ਤੇ ਦੇਵੀ ਲਾਲ ਦੇ ਮੁਕਾਬਲੇ ਰਾਓ ਬੀਰੇਂਦਰ ਸਿੰਘ ਦੀ ਸਥਿਤੀ ਕਮਜ਼ੋਰ ਸੀ। ਸਿਆਸੀ ਉਥਲ-ਪੁਥਲ ਦੌਰਾਨ ਸਭ ਤੋਂ ਵੱਧ ਸੁਰਖੀਆਂ ਵਿਚ ਗਯਾ ਲਾਲ ਰਹੇ। ਮਹਿਜ਼ 9 ਘੰਟਿਆਂ ਵਿਚ ਉਨ੍ਹਾ ਕਾਂਗਰਸ ਦਾ ਪੱਲਾ ਫੜਿਆ ਵੀ ਤੇ ਛੱਡਿਆ ਵੀ। ਇਸ ਦੇ ਬਾਅਦ ਦੋ ਹਫਤਿਆਂ ਦੇ ਅੰਦਰ ਉਹ ਯੂਨਾਈਟਿਡ ਫਰੰਟ ਵਿਚ ਸ਼ਾਮਲ ਹੋ ਗਏ। ਭਗਵਤ ਦਿਆਲ ਸ਼ਰਮਾ ਤੋਂ ਮੁੱਖ ਮੰਤਰੀ ਦਾ ਅਹੁਦਾ ਖੋਹਣ ਵਾਲੇ ਰਾਓ ਬੀਰੇਂਦਰ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਲਾ ਕੇ ਗਯਾ ਲਾਲ ਨੂੰ ਪੇਸ਼ ਕੀਤਾ। ਉਨ੍ਹਾ ਗਯਾ ਲਾਲ ਦਾ ਤੁਆਰਫ ਕਰਾਉਦਿਆਂ ਕਿਹਾਗਯਾ ਰਾਮ ਅਬ ਆਯਾ ਰਾਮ ਹੈ। ਹਾਲਾਂਕਿ ਰਾਓ ਬੀਰੇਂਦਰ ਸਿੰਘ ਵੀ ਬਹੁਤਾ ਚਿਰ ਮੁੱਖ ਮੰਤਰੀ ਨਹੀਂ ਰਹੇ ਤੇ 9 ਮਹੀਨੇ ਬਾਅਦ 2 ਨਵੰਬਰ 1967 ਨੂੰ ਭਾਰੀ ਉਥਲ-ਪੁਥਲ ਦਰਮਿਆਨ ਅਸੰਬਲੀ ਭੰਗ ਹੋ ਗਈ ਤੇ ਰਾਸ਼ਟਰਪਤੀ ਰਾਜ ਲੱਗ ਗਿਆ। ਤਾਂ ਵੀ, ਗਯਾ ਲਾਲ ਨੇ ਦਲਬਦਲੀ ਤੋਂ ਤੌਬਾ ਨਹੀਂ ਕੀਤੀ। ਯੂਨਾਈਟਿਡ ਫਰੰਟ ਛੱਡ ਕੇ 1972 ਵਿਚ ਉਹ ਇੰਦਰਵੇਸ਼, ਅਗਨੀਵੇਸ਼ ਤੇ ਆਦਿਤਿਆਵੇਸ਼ ਦੀ ਅਗਵਾਈ ਵਾਲੀ ਆਰੀਆ ਸਭਾ ਨਾਲ ਰਲ ਗਏ। ਦੋ ਸਾਲ ਬਾਅਦ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੇ ਭਾਰਤੀ ਲੋਕ ਦਲ ਵਿਚ ਸ਼ਾਮਲ ਹੋ ਗਏ। ਚੌਧਰੀ ਚਰਨ ਸਿੰਘ ਨੇ ਹੋਰਨਾਂ ਨਾਲ ਮਿਲ ਕੇ ਜਦੋਂ ਜਨਤਾ ਪਾਰਟੀ ਬਣਾਈ ਤਾਂ 1977 ਵਿਚ ਗਯਾ ਲਾਲ ਨੇ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਲੜੀ। ਆਖਰੀ ਚੋਣ ਉਨ੍ਹਾ 1982 ਵਿਚ ਆਜ਼ਾਦ ਉਮੀਦਵਾਰ ਵਜੋਂ ਲੜੀ।
ਬੀਬੀ ਸੁਰਜੀਤ ਕੌਰ ਦੇ ਮਾਮਲੇ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬੀਬੀ ਸੁਰਜੀਤ ਕੌਰ ਦਾ ਬੀ ਪੀ ਵਧਿਆ ਹੋਇਆ ਸੀ, ਜਦੋਂ ਉਨ੍ਹਾ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ। ਜਦੋਂ ਬੀ ਪੀ ਨਾਰਮਲ ਹੋਇਆ ਤਾਂ ਉਨ੍ਹਾ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕਰ ਲਈ। ਵਡਾਲਾ ਹੁਰਾਂ ਦੇ ਇਸ ਤਰਕ ਤੋਂ ਬਾਅਦ ਤਾਂ ਪਾਰਟੀਆਂ ਨੂੰ ਉਮੀਦਵਾਰ ਖੜ੍ਹਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਡਾਕਟਰੀ ਜਾਂਚ ਕਰਾਉਣੀ ਪਿਆ ਕਰੇਗੀ, ਤਾਂ ਕਿ ਬੀਬੀ ਸੁਰਜੀਤ ਕੌਰ ਵਾਲਾ ਕਿੱਸਾ ਨਾ ਦੁਹਰਾਇਆ ਜਾਵੇ।
ਦਲਬਦਲੀ ਨੂੰ ਰੋਕਣ ਲਈ ਰਾਜੀਵ ਗਾਂਧੀ ਦੇ ਦੌਰ ਵਿਚ ਬਣਿਆ ਦਲਬਦਲੀ ਰੋਕੂ ਬਿੱਲ ਵੀ ਇਸ ਬਿਮਾਰੀ ਨੂੰ ਰੋਕਣ ਵਿਚ ਸਫਲ ਨਹੀਂ ਹੋਇਆ, ਸਗੋਂ ਬਿਮਾਰੀ ਨਾਸੂਰ ਦਾ ਰੂਪ ਲੈ ਚੁੱਕੀ ਹੈ। ਮੋਦੀ ਰਾਜ ਦੌਰਾਨ ਤਾਂ ਦਲਬਦਲੀ ਇੱਕ-ਦੋ ਵਿਧਾਇਕਾਂ ਦੀ ਥਾਂ ਥੋਕ ਵਿਚ ਹੋਣ ਲੱਗ ਗਈ ਹੈ। ਜਦੋਂ ਤੱਕ ਕਾਨੂੰਨ ਨੂੰ ਸਮੇਂ ਦਾ ਹਾਣੀ ਨਹੀਂ ਬਣਾਇਆ ਜਾਂਦਾ, ‘ਆਯਾ ਰਾਮ ਗਯਾ ਰਾਮ’ ਦਾ ਜ਼ਿਕਰ ਹੁੰਦਾ ਹੀ ਰਹਿਣਾ ਹੈ। ਅਸਲ ਵਿਚ ਇਸ ਬਿਮਾਰੀ ਦਾ ਹੱਲ ਵੋਟਰ ਹੀ ਕਰ ਸਕਦੇ ਹਨ। ਜਲੰਧਰ ਪੱਛਮੀ ਹਲਕੇ ਵਿਚ ਉਨ੍ਹਾਂ ਸਾਹਮਣੇ ਜਿਹੜੇ ਪ੍ਰਮੁੱਖ ਉਮੀਦਵਾਰ ਹਨ, ਉਨ੍ਹਾਂ ਵਿਚ ਇਕ ਭਾਜਪਾ ਦੇ ਸ਼ੀਤਲ ਅੰਗੂਰਾਲ ਭਾਜਪਾ ਤੋਂ ਆਮ ਆਦਮੀ ਪਾਰਟੀ ਵਿਚ ਆ ਕੇ ਵਿਧਾਇਕ ਬਣੇ ਸਨ, ਪਰ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿਚ ਵਾਪਸੀ ਕਰਨ ਵੇਲੇ ਅਸੰਬਲੀ ਦੀ ਮੈਂਬਰੀ ਤੋਂ ਅਸਤੀਫਾ ਦੇ ਗਏ, ਜਿਸ ਕਰਕੇ ਇਹ ਚੋਣ ਕਰਾਉਣੀ ਪੈ ਰਹੀ ਹੈ। 10 ਜੁਲਾਈ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਦੀ ਪਰਖ ਹੋਵੇਗੀ ਕਿ ਉਹ ‘ਆਯਾ ਰਾਮ ਗਯਾ ਰਾਮ’ ਦੇ ਕਿੱਸੇ ਨੂੰ ਕਿਵੇਂ ਲੈਂਦੇ ਹਨ।

Related Articles

LEAVE A REPLY

Please enter your comment!
Please enter your name here

Latest Articles