ਦੇਸ਼ ਭਗਤ ਮਿਊਜ਼ੀਅਮ ਨੂੰ ਦਿੱਤਾ ਜਾਏਗਾ ਨਵਾਂ ਮੁਹਾਂਦਰਾ

0
189

ਜਲੰਧਰ (ਕੇਸਰ) ਦੇਸ਼ ਭਗਤ ਯਾਦਗਾਰ ਦੀਆਂ ਤਿੰਨ ਸਬ-ਕਮੇਟੀਆਂ ਇਤਿਹਾਸ, ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਸਾਂਝੀ ਮੀਟਿੰਗ ’ਚ ਗੰਭੀਰ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਇਤਿਹਾਸ, ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਤਿ੍ਰਵੈਣੀ ਵੱਲੋਂ ਆਪਣੀ ਇਤਿਹਾਸਕ ਭੂਮਿਕਾ ਮਿਆਰੀ ਅੰਦਾਜ਼ ਵਿੱਚ ਨੇਪਰੇ ਚਾੜ੍ਹਨ ਅਤੇ ਦਰਸ਼ਕਾਂ/ ਪਾਠਕਾਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਵਿਸ਼ੇਸ਼ ਸਾਂਝੇ ਉੱਦਮ ਜੁਟਾਏ ਜਾਣਗੇ। ਇਸ ਕਾਰਜ਼ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦੇਸ਼-ਬਦੇਸ਼ ਅੰਦਰ ਆਜ਼ਾਦੀ ਤਵਾਰੀਖ਼ ਅਤੇ ਉਸ ਦੀ ਅਜੋਕੀ ਪ੍ਰਸੰਗਕਤਾ ਨਾਲ ਜੁੜੀਆਂ ਸੰਸਥਾਵਾਂ ਦੇ ਨਾਂਅ ਜਨਤਕ ਅਪੀਲ ਕੀਤੀ ਗਈ ਕਿ ਉਹ ਦੁਰਲੱਭ ਇਤਿਹਾਸਕ ਲਿਖਤਾਂ, ਵਸਤਾਂ, ਤਸਵੀਰਾਂ, ਮੁਲਾਕਾਤਾਂ, ਜੀਵਨੀਆਂ, ਲਿਖਤੀ/ ਰਿਕਾਰਡ ਰੂਪ ਵਿੱਚ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ‘ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਮਿਊਜ਼ੀਅਮ’ ਦੀ ਗੈਲਰੀ ਵਿੱਚ ਪੁੱਜਦੀਆਂ ਕਰਨ ਲਈ ਹੱਥ ਵਟਾਉਣ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ’ਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁੰਗਰਦੀ ਅਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਵਿਰਾਸਤ ਦੇ ਲੜ ਲਾਉਣ ਅਤੇ ਇਸ ਤੋਂ ਪ੍ਰੇਰਨਾ ਲੈਂਦਿਆਂ ਉਹਨਾਂ ਦੇ ਸੁਪਨੇ ਖਿੜਨ ਲਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਲੋਕ-ਪੱਖੀ ਸੰਸਥਾਵਾਂ, ਵਿਦਵਾਨ ਸ਼ਖਸੀਅਤਾਂ ਅਤੇ ਇਤਿਹਾਸਕ ਅਜਾਇਬ ਘਰਾਂ ਤੱਕ ਪਹੁੰਚ ਕੀਤੀ ਜਾਏਗੀ, ਤਾਂ ਜੋ ਦੇਸ਼ ਭਗਤ ਯਾਦਗਾਰ ਹਾਲ ਦੇ ਮਿਊਜ਼ੀਅਮ, ਇਤਿਹਾਸਕ ਕਾਰਜਾਂ ਅਤੇ ਲਾਇਬ੍ਰੇਰੀ ਨੂੰ ਨਵਾਂ-ਨਵੇਲਾ ਮੁਹਾਂਦਰਾ ਪ੍ਰਦਾਨ ਕੀਤਾ ਜਾ ਸਕੇ। ਮੀਟਿੰਗ ’ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਪ੍ਰੋ. ਗੋਪਾਲ ਸਿੰਘ ਬੁੱਟਰ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਡਾ. ਪਰਮਿੰਦਰ, ਗੁਰਮੀਤ, ਰਮਿੰਦਰ ਪਟਿਆਲਾ, ਹਰਮੇਸ਼ ਮਾਲੜੀ, ਵਿਜੈ ਬੰਬੇਲੀ ਅਤੇ ਡਾ. ਸੈਲੇਸ਼ ਹਾਜ਼ਰ ਸਨ।

LEAVE A REPLY

Please enter your comment!
Please enter your name here