ਨਾਭਾ (ਗਿਆਨ ਸੈਦਪੁਰੀ)
ਬੀਤੀ ਤਿੰਨ ਜੁਲਾਈ ਨੂੰ ਪਟਿਆਲ਼ਾ ਜ਼ਿਲ੍ਹਾ ਦੀ ਨਾਭਾ ਤਹਿਸੀਲ ਦੇ ਪਿੰਡ ਤੁੰਗਾਂ ਵਿੱਚ ਕਿਰਤੀਆਂ ’ਤੇ ਵਰਤੇ ਕਹਿਰ ਤੋਂ ਬਾਅਦ ਇਨਸਾਫ਼ ਲਈ ਉੱਠੀ ਲੋਕ ਆਵਾਜ਼ ਨੂੰ ਉਸ ਵੇਲੇ ਹੋਰ ਤਾਕਤ ਮਿਲੀ, ਜਦੋਂ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਪੀੜਤਾਂ ਨਾਲ ਯਕਯਹਿਤੀ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਖੇਤ ਮਜ਼ਦੂਰ ਸਭਾ ਦੀ ਲੀਡਰਸ਼ਿਪ ਪਹੁੰਚੀ। ਯਾਦ ਰਹੇ ਕਿ ਤਿੰਨ ਜੁਲਾਈ ਨੂੰ ਪਿੰਡ ਤੁੰਗਾਂ ਵਿੱਚ ਮਨਰੇਗਾ ਮਜ਼ਦੂਰ ਹਾਜ਼ਰੀ ਲਾ ਰਹੇ ਸਨ। ਇਸੇ ਦੌਰਾਨ ਇੱਕ ਟਰੈਕਟਰ ਉਨ੍ਹਾਂ ’ਤੇ ਆਣ ਚੜ੍ਹਿਆ। ਇਸ ਦਰਦਨਾਕ ਹਾਦਸੇ ਵਿੱਚ ਪਿੰਡ ਤੁੰਗਾਂ ਦੀ ਜਰਨੈਲ ਕੌਰ ਤੇ ਪਿੰਡ ਹਿੰਮਤਪੁਰਾ ਦੀ ਦਰੋਪਤੀ ਦੀ ਜਾਨ ਚਲੇ ਗਈ ਅਤੇ ਅੱਠ ਹੋਰ ਮਜ਼ਦੂਰ ਜ਼ਖਮੀ ਹੋ ਗਏ। ਉਸੇ ਦਿਨ ਮਿ੍ਰਤਕਾਂ ਨੂੰ ਨਾਭਾ ਹਸਪਤਾਲ ਦੇ ਮੁਰਦਾ ਘਰ ਵਿੱਚ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਆਪਸ ’ਚ ਸਿਰ ਜੋੜ ਕੇ ਫੈਸਲਾ ਕੀਤਾ ਕਿ ਇਨਸਾਫ਼ ਮਿਲਣ ਤੱਕ ਮਿ੍ਰਤਕਾਂ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਪ੍ਰਸ਼ਾਸਨ ਦੀ ਕੋਸ਼ਿਸ਼ ਰਹੀ ਕਿ ਮਿ੍ਰਤਕ ਮਜ਼ਦੂਰਾਂ ਦਾ ਸਸਕਾਰ ਕਰਵਾ ਦਿੱਤਾ ਜਾਵੇ, ਤਾਂ ਕਿ ਰੋਹ ਦੀ ਉੱਠੀ ਪ੍ਰਚੰਡ ਚੰਗਿਆੜੀ ਨੂੰ ਬੁਝਾ ਦਿੱਤਾ ਜਾਵੇ।ਮਜ਼ਦੂਰ ਆਗੂਆਂ ਦੀ ਹੱਕਾਂ ਲਈ ਹਠੀ ਦਿ੍ਰੜ੍ਹਤਾ ਨੇ ਇਸ ਤਰ੍ਹਾਂ ਨਾ ਹੋਣ ਦਿੱਤਾ।ਸ਼ੁੱਕਰਵਾਰ ਮਜ਼ਦੂਰ ਆਗੂਆਂ ਅਤੇ ਪੀੜਤਾਂ ਦੇ ਹੱਕਾਂ ਲਈ ਇਰਾਦਿਆਂ ਨੂੰ ਹੋਰ ਮਜ਼ਬੂਤੀ ਮਿਲੀ, ਜਦੋਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਖੇਤ ਮਜ਼ਦੂਰ ਸੂਬਾ ਦੀ ਸੂਬਾਈ ਲੀਡਰਸ਼ਿਪ ਥੁੜ੍ਹਾਂ-ਮਾਰੇ ਦੁਖਿਆਰਿਆਂ ਦੇ ਹੱਕੀ ਸੰਘਰਸ਼ ਵਿੱਚ ਹਰ ਪੱਧਰ ’ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਸੁਨੇਹਾ ਲੈ ਕੇ ਹਸਪਤਾਲ ਵਿੱਚ ਲੱਗੇ ਧਰਨੇ ਵਿੱਚ ਸ਼ਾਮਲ ਹੋਈ। ਇਸ ਲੀਡਰਸ਼ਿਪ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਸੂਬਾਈ ਆਗੂ ਸਿਮਰਤ ਕੌਰ ਫਤਿਹਗੜ ਸਾਹਿਬ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੰਗਰੂਰ ਦੇ ਪ੍ਰਧਾਨ ਸੁਰਿੰਦਰ ਸਿੰਘ ਭੈਣੀ, ਜ਼ਿਲ੍ਹਾ ਆਗੂ ਕੁਲਵੰਤ ਸਿੰਘ ਆਦਿ ਸ਼ਾਮਲ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਮਜ਼ਦੂਰ ਹੱਕਾਂ ਲਈ ਵਿੱਢੇ ਸੰਘਰਸ਼ ਦੀ ਜਿੱਤ ਤੱਕ ਪੰਜਾਬ ਖੇਤ ਮਜ਼ਦੂਰ ਸਭਾ ਹਰ ਸਮੇਂ ਸਹਿਯੋਗੀ ਰਹੇਗੀ। ਉਨ੍ਹਾ ਜਿੱਤਾਂ ਦੇ ਪਿਛਲੇ ਤਜਰਬੇ ਵੀ ਸਾਂਝੇ ਕੀਤੇ।
ਧਰਨੇ ਨੂੰ ਕਸ਼ਮੀਰ ਸਿੰਘ ਗਦਾਈਆ, ਆਈ ਡੀ ਪੀ ਦੇ ਆਗੂ ਗੁਰਮੀਤ ਸਿੰਘ ਥੂਹੀ, ਏਟਕ ਆਗੂ ਸੋਹਣ ਸਿੰਘ ਸਿੱਧੂ, ਡਾਕਟਰ ਅੰਬੇਡਕਰ ਕਿਰਤੀ ਮਜ਼ਦੂਰ ਸੰਘ ਦੇ ਆਗੂ ਕੁਲਵੰਤ ਸਿੰਘ ਸਰੋਏ ਅਤੇ ਡੈਮੋਕਰੇਟਿਕ ਮਨਰੇਗਾ ਫਰੰਟ ਦੇ ਆਗੂ ਰਾਜ ਕੁਮਾਰ ਆਦਿ ਨੇ ਸੰਬੋਧਨ ਕੀਤਾ। ਮਜ਼ਦੂਰ ਆਗੂਆਂ ਨੇ ਹਸਪਤਾਲ ਵਿੱਚ ਦਾਖਲ ਜ਼ਖਮੀ ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ। ਮਜ਼ਦੂਰਾਂ ਅਨੁਸਾਰ ਇਲਾਜ ਦੌਰਾਨ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਵੱਲੋਂ ਉਚੇਚ ਨਾਲ ਧਿਆਨ ਦੇਣ ਦੀ ਥਾਂ ਕਈ ਵਾਰ ਅਣਦੇਖੀ ਕੀਤੀ ਜਾਂਦੀ ਰਹੀ। ਸ਼ੁੱਕਰਵਾਰ ਦੇਰ ਸ਼ਾਮ ਤੱਕ ਸਿਵਲ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ ਅਤੇ ਮਜ਼ਦੂਰਾਂ ਆਗੂਆਂ ਵਿਚਕਾਰ ਮਜ਼ਦੂਰਾਂ ਦੇ ਮਿ੍ਰਤਕ ਸਰੀਰਾਂ ਦਾ ਅੰਤਮ ਸੰਸਕਾਰ ਅਤੇ ਮੰਗਾਂ ਸੰਬੰਧੀ ਗੱਲਬਾਤ ਚਲਦੀ ਰਹੀ।
ਸ਼ਨੀਵਾਰ ਅੰਤਮ ਸੰਸਕਾਰ ਸੰਬੰਧੀ ਰੇੜਕਾ ਉਸ ਵੇਲੇ ਖਤਮ ਹੋ ਗਿਆ, ਜਦੋਂ ਐੱਸ ਡੀ ਅੱੈਮ ਨਾਭਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੁਆਵਜ਼ੇ ਸੰਬੰਧੀ ਲਿਖਿਆ ਪੱਤਰ ਮਜ਼ਦੂਰ ਆਗੂਆਂ ਅਤੇ ਪੀੜਤ ਪਰਵਾਰਾਂ ਨੂੰ ਸੌਂਪਿਆ। ਇਸ ਪੱਤਰ ਵਿੱਚ ਮਿ੍ਰਤਕਾਂ ਦੇ ਪ੍ਰਵਾਰਾਂ ਨੂੰ ਕਿਸਾਨੀ ਅੰਦੋਲਨ ਦੀ ਤਰਜ਼ ’ਤੇ ਮੁਆਵਜ਼ਾ ਤੇ ਨੌਕਰੀ ਦੇਣ ਦੀ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ। ਇਸ ਵਿੱਚ ਮਿ੍ਰਤਕ ਦੇ ਪ੍ਰਵਾਰ ਨੂੰ ਦਸ ਲੱਖ ਰੁਪਏ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸਰਕਾਰ ਪੱਧਰ ’ਤੇ ਵਿਚਾਰ ਕਰਨ ਲਈ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਮਨਰੇਗਾ ਐਕਟ ਤਹਿਤ ਗੰਭੀਰ ਜ਼ਖਮੀਆਂ ਨੂੰ ਡੇਢ ਲੱਖ ਰੁਪਏ ਅਤੇ ਸਧਾਰਨ ਜ਼ਖਮੀਆਂ ਨੂੰ ਪਝੱਤਰ ਹਜ਼ਾਰ ਰੁਪਏ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਪ੍ਰਸ਼ਾਸਨ ਦੇ ਹਾਂ-ਪੱਖੀ ਰਵੱਈਏ ਤੋਂ ਬਾਅਦ ਬਣੀ ਸਦਭਾਵਨਾ ਅਨੁਸਾਰ ਮਿ੍ਰਤਕ ਮਜ਼ਦੂਰ ਔਰਤਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮਜ਼ਦੂਰ ਆਗੂਆ ਸਪੱਸ਼ਟ ਕੀਤਾ ਕਿ ਅਜੇ ਮੰਗਾਂ ਮੰਨਣ ਦਾ ਸਥਾਨਕ ਪ੍ਰਸ਼ਾਸਨ ਵੱਲੋਂ ਲਿਖਤੀ ਵਾਅਦਾ ਕੀਤਾ ਗਿਆ ਹੈ। ਮੰਗਾਂ ਮੰਨਣ ਦੇ ਅਮਲ ਤੱਕ ਸੰਘਰਸ਼ ਮੁਲਤਵੀ ਕੀਤਾ ਗਿਆ ਹੈ। ]
ਮਜ਼ਦੂਰ ਆਗੂਆਂ ਨੇ ਕਿਹਾ ਕਿ ਕਿਰਤੀ ਵਰਗ ਵੱਲੋਂ ਪ੍ਰਗਟਾਏ ਗਏ ਰੋਹ ਕਾਰਨ ਪ੍ਰਸ਼ਾਸਨ ਝੁਕਣ ਲਈ ਮਜਬੂਰ ਹੋਇਆ ਹੈ। ਇਸੇ ਸੇਧ ਵਿੱਚ ਕਿਰਤੀਆਂ ਨੂੰ ਹੋਕਾ ਹੈਕੋਈ ਲਹਿਰਾਂ ਬਣ ਉੱਠੋ ਦੁੱਖਾਂ ਦੇ ਲਤਾੜਿਓ..।





