ਬੰਗਾ (ਅਵਤਾਰ ਕਲੇਰ)
ਬੰਗਾ ਹਲਕੇ ਦੇ ਪਿੰਡ ਝਿੰਗੜਾਂ ਵਿਖੇ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਹਜ਼ੂਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਇੱਕੋ ਪਰਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਝਿੰਗੜ ਸਾਬਕਾ ਸਰਪੰਚ ਝਿੰਗੜਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਮਰਹੂਮ ਚੂਹੜ ਸਿੰਘ ਦੀ ਧਰਮ ਪਤਨੀ ਭਜਨ ਕੌਰ, ਉਸ ਦਾ ਪੋਤਰਾ ਤਜਿੰਦਰ ਸਿੰਘ ਹਾਲ ਵਾਸੀ ਕੈਨੇਡਾ, ਜੋ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਆਪਣੇ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਾਸਤੇ ਪੰਜਾਬ ਆਏ ਸਨ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਭਜਨ ਕੌਰ ਅਤੇ ਉਸ ਦਾ ਪੋਤਰਾ ਤਜਿੰਦਰ ਸਿੰਘ ਅਤੇ ਰਿਸ਼ਤੇਦਾਰ ਐੱਨ ਆਰ ਆਈ ਬਲਵੀਰ ਕੌਰ ਅਤੇ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਵਾਸੀ ਨਵਾਂ ਪਿੰਡ (ਫਗਵਾੜਾ) ਸਾਰੇ ਜਾਣੇ ਇਨੋਵਾ ’ਚ ਸਵਾਰ ਹੋ ਕੇ ਸ੍ਰੀ ਹਜ਼ੂਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਸਨ। ਗੱਡੀ ਨੂੰ ਡਰਾਈਵਰ ਜਸਵਿੰਦਰ ਸਿੰਘ ਵਾਸੀ ਹੇੜੀਆਂ ਚਲਾ ਰਿਹਾ ਸੀ। ਗੱਡੀ ਧਾਰਮਕ ਅਸਥਾਨ ਤੋਂ ਥੋੜ੍ਹਾ ਹੀ ਦੂਰ ਜੋਤ ਪਾਲ (ਮਹਾਰਾਸ਼ਟਰ) ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚ ਜਾ ਵੱਜੀ। ਹਾਦਸਾ ਏਨਾ ਜ਼ਬਰਦਸਤ ਸੀ ਕਿ ਗੱਡੀ ਟਰੱਕ ਦੇ ਹੇਠਾਂ ਜਾ ਵੜੀ ਅਤੇ ਗੱਡੀ ’ਚ ਸਵਾਰ ਸਾਰਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੱਡੀ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਐੱਨ ਆਰ ਆਈ ਬਲਵੀਰ ਕੌਰ ਅਤੇ ਉਸ ਦੇ ਪੁੱਤਰ ਜਸਪ੍ਰੀਤ ਸਿੰਘ ਦੀਆ ਲਾਸ਼ਾਂ ਕੈਨੇਡਾ ਭੇਜ ਦਿੱਤੀਆਂ। ਭਜਨ ਕੌਰ ਅਤੇ ਉਸ ਦੇ ਪੋਤਰੇ ਤਜਿੰਦਰ ਸਿੰਘ ਵਾਸੀ ਝਿੰਗੜਾਂ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਅਤੇ ਡਰਾਈਵਰ ਜਸਵਿੰਦਰ ਸਿੰਘ ਦਾ ਸਸਕਾਰ ਹੇੜੀਆਂ ਵਿਖੇ ਕਰ ਦਿੱਤਾ। ਇਸ ਦੁਖਦਾਈ ਘਟਨਾ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਕ ਜਥੇਬੰਦੀਆਂ ਤੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।





