6 ਦਹਿਸ਼ਤਗਰਦਾਂ ਨੂੰ ਮੁਕਾਉਣਾ ਵੱਡਾ ਹਾਸਲ : ਡੀ ਜੀ ਪੀ

0
112

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਆਰ ਆਰ ਸਵੈਨ ਨੇ ਐਤਵਾਰ ਕਿਹਾ ਕਿ ਕੁਲਗਾਮ ਜ਼ਿਲ੍ਹੇ ’ਚ ਦੋ ਮੁਕਾਬਲਿਆਂ ’ਚ ਛੇ ਦਹਿਸ਼ਤਗਰਦਾਂ ਨੂੰ ਮਾਰਨਾ ਸੁਰੱਖਿਆ ਬਲਾਂ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾ ਕਿਹਾ ਕਿ ਇਸ ਖੇਤਰ ’ਚ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਯਤਨ ਕੀਤੇ ਜਾਂਦੇ ਰਹਿਣਗੇ ਤੇ ਦਹਿਸ਼ਤਗਰਦਾਂ ਖਿਲਾਫ ਕਾਰਵਾਈ ਸੁਰੱਖਿਆ ਬਲਾਂ ਦੀ ਵੱਡੀ ਪ੍ਰਾਪਤੀ ਹੈ। ਇਸ ਵੇਲੇ ਸਥਾਨਕ ਲੋਕ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਅੱਗੇ ਆ ਰਹੇ ਹਨ ਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਤੇਜ਼ ਹੋ ਰਹੀਆਂ ਹਨ। ਮੌਜੂਦਾ ਅਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਸਥਾਨਕ ਦਹਿਸ਼ਤਗਰਦਾਂ ਦੇ ਵੀ ਸ਼ਾਮਲ ਹੋਣ ਦੀ ਖਬਰ ਮਿਲੀ ਹੈ। ਇੱਥੇ ਦਹਿਸ਼ਤੀ ਨੈੱਟਵਰਕ ਨੂੰ ਖਤਮ ਕਰਨ ਅਤੇ ਜੰਮੂ ਅਤੇ ਕਸ਼ਮੀਰ ’ਚ ਸਮੁੱਚੀ ਸੁਰੱਖਿਆ ਸਥਿਤੀ ਨੂੰ ਵਧਾਉਣ ਲਈ ਠੋਸ ਯੋਜਨਾ ਉਲੀਕੀ ਗਈ ਹੈ। ਕੁਲਗਾਮ ਜ਼ਿਲ੍ਹੇ ਦੇ ਦੋ ਪਿੰਡਾਂ ਚਨੀਗਾਮ ਅਤੇ ਮੁਦਰਗਾਮ ’ਚ ਦੋ ਮੁਕਾਬਲਿਆਂ ’ਚ ਛੇ ਦਹਿਸ਼ਤਗਰਦ ਮਾਰੇ ਗਏ। ਮੁਕਾਬਲੇ ਵਿੱਚ ਮਾਰੇ ਗਏ ਦੋ ਜਵਾਨਾਂ ਦੀ ਪਛਾਣ ਪੈਰਾ ਕਮਾਂਡੋ ਲਾਂਸ ਨਾਇਕ ਪ੍ਰਦੀਪ ਨੈਨ ਅਤੇ ਰਾਸ਼ਟਰੀ ਰਾਈਫਲਜ਼ ਦੇ ਹਵਲਦਾਰ ਰਾਜ ਕੁਮਾਰ ਵਜੋਂ ਹੋਈ ਹੈ। ਇਸੇ ਦੌਰਾਨ ਰਾਜੌਰੀ ਜ਼ਿਲ੍ਹੇ ਵਿਚ ਐਤਵਾਰ ਤੜਕੇ ਦਹਿਸ਼ਤਗਰਦਾਂ ਨੇ ਫੌਜੀ ਕੈਂਪ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਜਵਾਨ ਜ਼ਖਮੀ ਹੋ ਗਿਆ। ਇਸ ਦੌਰਾਨ ਫੌਜ ਨੇ ਵੀ ਗੋਲੀਬਾਰੀ ਕੀਤੀ। ਦੋਵਾਂ ਪਾਸਿਆਂ ਤੋਂ ਅੱਧਾ ਘੰਟਾ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਦਹਿਸ਼ਤਗਰਦ ਜੰਗਲ ਵੱਲ ਫਰਾਰ ਹੋ ਗਏ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਸਵੇਰੇ ਚਾਰ ਵਜੇ ਗਲੌਥੀ ਪਿੰਡ ਦੇ ਮੰਜਾਕੋਟ ਪੋਸਟ ਵੱਲ ਗੋਲੀਆਂ ਚਲਾਈਆਂ, ਪਰ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਜਵਾਬੀ ਕਾਰਵਾਈ ਕੀਤੀ। ਉਨ੍ਹਾ ਦੱਸਿਆ ਕਿ ਫਰਾਰ ਹੋਏ ਦਹਿਸ਼ਤਗਰਦਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

LEAVE A REPLY

Please enter your comment!
Please enter your name here