27.5 C
Jalandhar
Friday, October 18, 2024
spot_img

ਡੀਕ ਲਾ ਕੇ ਪੀਣ ਵਾਲਿਓ, ਤੁਪਕੇ ਨੂੰ ਤਰਸੋਂਗੇ!

ਨਵੀਂ ਦਿੱਲੀ : ਉੱਤਰੀ ਭਾਰਤ ਨੇ 2002-2021 ਦੌਰਾਨ ਲਗਭਗ 450 ਕਿਊਬਿਕ ਕਿੱਲੋਮੀਟਰ ਧਰਤੀ ਹੇਠਲਾ ਪਾਣੀ ਗੁਆ ਲਿਆ ਹੈ ਤੇ ਜਲਵਾਯੂ ਪਰਿਵਰਤਨ ਨਾਲ ਆਉਣ ਵਾਲੇ ਸਾਲਾਂ ਵਿਚ ਇਹ ਖਸਾਰਾ ਹੋਰ ਤੇਜ਼ ਹੋਵੇਗਾ। ਆਈ ਆਈ ਟੀ ਗਾਂਧੀਨਗਰ ਵਿਚ ਸਿਵਲ ਇੰਜੀਨੀਅਰਿੰਗ ਤੇ ਧਰਤ ਵਿਗਿਆਨ ਦੀ ਵਿਕਰਮ ਸਾਰਾਭਾਈ ਚੇਅਰ ਦੇ ਪ੍ਰੋਫੈਸਰ ਵਿਮਲ ਮਿਸ਼ਰਾ ਦੀ ਅਗਵਾਈ ਵਿਚ ਕੀਤੇ ਗਏ ਅਧਿਐਨ ’ਚ ਕਿਹਾ ਗਿਆ ਹੈ ਕਿ ਪਾਣੀ ਦਾ ਜਿੰਨਾ ਨੁਕਸਾਨ ਹੋਇਆ ਹੈ, ਉਹ ਭਾਰਤ ਦੇ ਸਭ ਤੋਂ ਵੱਡੇ ਜਲ ਭੰਡਾਰ ਇੰਦਰਾ ਸਾਗਰ ਡੈਮ ਦੇ ਨੱਕੋ-ਨੱਕ ਭਰਨ ਜਿੰਨੀ ਮਾਤਰਾ ਨਾਲੋਂ ਲਗਭਗ 37 ਗੁਣਾ ਹੈ।
ਅਧਿਐਨਕਰਤਿਆਂ ਨੇ ਮੌਕੇ ਦੇ ਦੌਰਿਆਂ, ਸੈਟੇਲਾਈਟ ਡਾਟਾ ਤੇ ਮਾਡਲ ਦੇ ਆਧਾਰ ’ਤੇ ਨਿਤਾਰਾ ਕੀਤਾ ਹੈ ਕਿ ਸਮੁੱਚੇ ਉੱਤਰ ਭਾਰਤ ਵਿਚ ਮੌਨਸੂਨ ਦੇ ਮੌਸਮ (ਜੂਨ ਤੋਂ ਸਤੰਬਰ) ਵਿਚ 1951 ਤੋਂ 2021 ਤੱਕ ਸਾਢੇ 8 ਫੀਸਦੀ ਘੱਟ ਮੀਂਹ ਪਿਆ। ਇਸੇ ਸਮੇਂ ਦੌਰਾਨ ਖਿੱਤੇ ਵਿਚ ਸਿਆਲ 0.3 ਫੀਸਦੀ ਗਰਮ ਹੋ ਗਿਆ।
ਅਧਿਐਨਕਰਤਿਆਂ ਦੀ ਟੀਮ, ਜਿਸ ਵਿਚ ਹੈਦਰਾਬਾਦ ਦੇ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ ਦੇ ਰਿਸਰਚਰ ਵੀ ਸਨ, ਨੇ ਕਿਹਾ ਹੈ ਕਿ ਮੌਨਸੂਨ ਵਿਚ ਘੱਟ ਮੀਂਹ ਪੈਣ ਤੇ ਸਿਆਲਾਂ ਦੇ ਗਰਮ ਹੋਣ ਕਾਰਨ ਸਿੰਜਾਈ ਲਈ ਪਾਣੀ ਦੀ ਮੰਗ ਵਧੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਰੀਚਾਰਜ ਹੋਣਾ ਘਟੇਗਾ। ਇਸ ਦਾ ਨਤੀਜਾ ਉੱਤਰ ਭਾਰਤ ਵਿਚ ਧਰਤੀ ਹੇਠਲੇ ਪਾਣੀ ਦੇ ਹੋਰ ਥੱਲੇ ਡਿੱਗਣ ਵਿਚ ਨਿਕਲੇਗਾ।
ਮੌਸਮ ਵਿਭਾਗ ਦੇ 1901 ਤੋੋਂ ਲੈ ਕੇ ਹੁਣ ਤੱਕ ਦੇ ਰਿਕਾਰਡ ਨੂੰ ਘੋਖਦਿਆਂ ਅਧਿਐਨਕਰਤਿਆਂ ਨੇ ਦੱਸਿਆ ਕਿ 2022 ਵਿਚ ਸਿਆਲਾਂ ਦਾ ਮੌਸਮ ਗੈਰ-ਮਾਮੂਲੀ ਤੌਰ ’ਤੇ ਪੰਜਵਾਂ ਸਭ ਤੋਂ ਗਰਮ ਮੌਸਮ ਰਿਹਾ। ਮੌਨਸੂਨ ਵਿਚ ਘੱਟ ਮੀਂਹ ਪੈਣ ਕਾਰਨ ਫਸਲਾਂ ਨੂੰ ਬਚਾਉਣ ਲਈ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਵਧਦੀ ਹੈ, ਜਦਕਿ ਸਿਆਲ ਦੇ ਗਰਮ ਹੋਣ ਨਾਲ ਖੇਤ ਖੁਸ਼ਕ ਹੋ ਜਾਂਦੇ ਹਨ ਤੇ ਇਸ ਦੌਰਾਨ ਫਿਰ ਪਾਣੀ ਦੀ ਮੰਗ ਵਧਦੀ ਹੈ।
ਪ੍ਰੋਫੈਸਰ ਮਿਸ਼ਰਾ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡਿਗਣ ਦਾ ਰੁਝਾਨ ਜਾਰੀ ਰਹੇਗਾ, ਕਿਉਕਿ ਧਰਤੀ ਗਰਮ ਹੋ ਰਹੀ ਹੈ ਤੇ ਕਦੇ-ਕਦੇ ਯਕਦਮ ਭਾਰੀ ਮੀਂਹ ਪੈਣ ਦੇ ਬਾਵਜੂਦ ਇਸ ਦੀ ਪਿਆਸ ਨਹੀਂ ਬੁਝਣੀ। ਅਚਾਨਕ ਭਾਰੀ ਮੀਂਹ ਨਾਲ ਧਰਤੀ ਹੇਠਲੇ ਪਾਣੀ ਵਿਚ ਵਾਧਾ ਨਹੀਂ ਹੁੰਦਾ। ਮੌਨਸੂਨ ਦੌਰਾਨ ਘੱਟ ਮੀਂਹ ਅਤੇ ਸਿਆਲ ਗਰਮ ਹੋਣ ਦਾ ਕਾਰਨ ਜਲਵਾਯੂ ਤਬਦੀਲੀ ਹੈ। ਇਸ ਨੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਹੋਣ ਵਿਚ ਲਗਭਗ 6-12 ਫੀਸਦੀ ਤਕ ਕਮੀ ਕਰ ਦਿੱਤੀ ਹੈ। ਪ੍ਰੋਫੈਸਰ ਮਿਸ਼ਰਾ ਦਾ ਕਹਿਣਾ ਹੈਧਰਤੀ ਹੇਠਲਾ ਪਾਣੀ ਰੀਚਾਰਜ ਤਦੇ ਹੋਵੇਗਾ, ਜੇ ਘੱਟ ਸ਼ਿੱਦਤ ਵਾਲਾ ਮੀਂਹ ਵੱਧ ਦਿਨ ਪਵੇ। ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਕਿੰਨੀ ਤਬਦੀਲੀ ਆਈ ਹੈ, ਇਸ ਦਾ ਪਤਾ ਜੂਨ ਤੋਂ ਸਤੰਬਰ ਤੱਕ ਸਾਉਣੀ ਦੀ ਫਸਲ ਅਤੇ ਦਸੰਬਰ ਤੋਂ ਮਾਰਚ ਤੱਕ ਹਾੜ੍ਹੀ ਦੀ ਫਸਲ ਦੌਰਾਨ ਗਰਮੀਆਂ ਦੇ ਮੌਨਸੂਨ ਵਿਚ ਪਏ ਮੀਂਹ ਅਤੇ ਸਿੰਜਾਈ ਲਈ ਦੋਹਾਂ ਸੀਜ਼ਨਾਂ ਦੌਰਾਨ ਧਰਤੀ ਹੇਠੋਂ ਖਿੱਚੇ ਗਏ ਪਾਣੀ ਦੀ ਮਾਤਰਾ ਤੋਂ ਲੱਗਦਾ ਹੈ। ਵਧਦੀ ਮੰਗ ਤੇ ਧਰਤੀ ਹੇਠਲੇ ਪਾਣੀ ਦੀ ਡਿੱਗਦੀ ਪੱਧਰ ਹਾਲਾਤ ਹੋਰ ਖਰਾਬ ਕਰ ਸਕਦੀ ਹੈ। ਅਧਿਐਨ ਵਿਚ ਇਸ ਆਸ਼ਾਵਾਦੀ ਧਾਰਨਾ ਨੂੰ ਵੰਗਾਰਿਆ ਗਿਆ ਹੈ ਕਿ ਜਲਵਾਯੂ ਤਬਦੀਲੀ ਕਾਰਨ ਵਧੇਰੇ ਮੀਂਹ ਪੈਣ ਨਾਲ ਪਾਣੀ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਅਧਿਐਨ ਕਰਤਿਆਂ ਦਾ ਕਹਿਣਾ ਹੈ ਕਿ 2009 ਵਿਚ ਮੌਨਸੂਨ ’ਚ ਲਗਭਗ 20 ਫੀਸਦੀ ਘੱਟ ਮੀਂਹ ਪਿਆ। ਇਸ ਤੋਂ ਬਾਅਦ ਗੈਰ-ਮਾਮੂਲੀ ਤੌਰ ’ਤੇ ਸਿਆਲ ਇਕ ਡਿਗਰੀ ਗਰਮ ਹੋ ਗਿਆ। ਨਤੀਜੇ ਵਜੋਂ ਧਰਤੀ ਹੇਠਲਾ ਪਾਣੀ 10 ਫੀਸਦੀ ਡਿੱਗ ਗਿਆ। ਸਿਆਲਾਂ ਵਿਚ ਨਮੀ ਘਟਣ ਕਾਰਨ ਵੀ ਪਿਛਲੇ ਚਾਰ ਦਹਾਕਿਆਂ ’ਚ ਪਾਣੀ ਦੀ ਮੰਗ ਵਧਣ ’ਤੇ ਧਰਤੀ ਹੇਠਲਾ ਪਾਣੀ ਹੋਰ ਡਿੱਗਿਆ।
ਅਧਿਐਨਕਰਤਿਆਂ ਦਾ ਕਹਿਣਾ ਹੈ ਕਿ ਮੌਸਮ ਗਰਮ ਰਹਿਣ ਨਾਲ ਮੌਨਸੂਨ ਦੇ ਮੀਂਹ ਵਿਚ 10 ਤੋਂ 15 ਫੀਸਦੀ ਕਮੀ ਆਵੇਗੀ ਅਤੇ ਸਿਆਲ ਇਕ ਤੋਂ ਪੰਜ ਡਿਗਰੀ ਗਰਮ ਹੋਣ ਨਾਲ ਪਾਣੀ ਦੀ ਮੰਗ 6-20 ਫੀਸਦੀ ਵਧ ਜਾਵੇਗੀ। ਇਕ ਤੋਂ ਤਿੰਨ ਡਿਗਰੀ ਤੱਕ ਮੌਸਮ ਗਰਮ ਹੋਣ ਨਾਲ ਧਰਤੀ ਹੇਠਲੇ ਪਾਣੀ ਦੀ ਭਰਪਾਈ ਵਿਚ 7 ਤੋਂ 10 ਫੀਸਦੀ ਤੱਕ ਦੀ ਕਮੀ ਆਵੇਗੀ।
ਪ੍ਰੋਫੈਸਰ ਮਿਸ਼ਰਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਪੈਣੀ ਹੈ। ਮੌਸਮ ਗਰਮ ਹੋਣ ਨਾਲ ਖੇਤੀਬਾੜੀ ਤੇ ਇੰਡਸਟਰੀ ਲਈ ਪਾਣੀ ਦੀ ਮੰਗ ਵਧੇਗੀ। ਨਤੀਜੇ ਵਜੋਂ ਖੁਰਾਕ ਤੇ ਜ਼ਿੰਦਗੀ ਲਈ ਅਤਿਅੰਤ ਲੋੜੀਂਦੇ ਧਰਤੀ ਹੇਠਲੇ ਪਾਣੀ ਦੀ ਪੱਧਰ ਡਿਗੇਗੀ। ਪ੍ਰੋਫੈਸਰ ਮਿਸ਼ਰਾ ਨੇ ਖਬਰਦਾਰ ਕਰਦਿਆਂ ਕਿਹਾ ਕਿ ਗਰਮੀਆਂ ਵਿਚ ਜਲ ਭੰਡਾਰਾਂ ਤੇ ਡੈਮਾਂ ਦਾ ਪਾਣੀ ਮੰਗ ਪੂਰੀ ਨਹੀਂ ਕਰ ਸਕੇਗਾ। ਇਹ ਦਿੱਲੀ ਤੇ ਬੇਂਗਲੁਰੂ ਵਰਗੇ ਸ਼ਹਿਰਾਂ ਵਿਚ ਲੋਕਾਂ ਨੇ ਦੇਖ ਹੀ ਲਿਆ ਹੈ। ਸੰਜਮ ਨਾ ਵਰਤਿਆ ਤਾਂ ਭਵਿੱਖ ਕਾਲਾ ਸਮਝੋ।

Related Articles

LEAVE A REPLY

Please enter your comment!
Please enter your name here

Latest Articles