ਲੋਕ ਸਭਾ ਵਿਚ ਆਪੋਜ਼ੀਸ਼ਨ ਦੇ ਆਗੂ ਰਾਹੁਲ ਗਾਂਧੀ ਨੇ ਲੰਘੇ ਸੋਮਵਾਰ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ’ਤੇ ਕੀਤੀ ਗਈ ਤਕਰੀਰ ਦੌਰਾਨ ਸ਼ਿਵ ਦੀ ਤਸਵੀਰ ਨੂੰ ਨੁਮਾਇਆ ਤੌਰ ’ਤੇ ਦਿਖਾਇਆ। ਉਨ੍ਹਾ ਵੱਲੋਂ ਸ਼ਿਵ ਦੀ ਅਭੈ ਮੁਦਰਾ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਨਾਲ ਸੰਬੰਧਤ ਦੱਸਣ ਨੇ ਇਹ ਅਹਿਸਾਸ ਕਰਾਇਆ ਕਿ ਕਾਂਗਰਸ ਨੇ ਸ਼ਿਵ ਦੇ ਸਹਾਰੇ ਭਾਜਪਾ ਦੀ ਜੈ ਸ੍ਰੀਰਾਮ ਦੀ ਸਿਆਸਤ ਦਾ ਜਵਾਬ ਦੇਣ ਦੀ ਰਣਨੀਤੀ ਅਪਣਾ ਲਈ ਹੈ। ਸਵਾਲ ਇਹ ਹੈ ਕਿ ਕੀ ਕਾਂਗਰਸ ਦੇ ਰਣਨੀਤੀਕਾਰ ਇਹ ਸਮਝਦੇ ਹਨ ਕਿ ਬਿਹਤਰ ਹਿੰਦੂ ਹੋਣ ਦਾ ਦਾਅਵਾ ਕਰਕੇ ਕਾਂਗਰਸੀ ਆਗੂ ਭਾਜਪਾ/ਆਰ ਐੱਸ ਐੱਸ ਦੇ ਸਮਰਥਨ ਆਧਾਰ ਨੂੰ ਖਤਮ ਕਰ ਸਕਦੇ ਹਨ? ਜੇ ਉਨ੍ਹਾਂ ਦੀ ਇਹ ਸੋਚ ਹੈ ਤਾਂ ਉਨ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਦੇ ਫਤਵੇ ਦੇ ਸਰੂਪ ਨੂੰ ਸਮਝਣ ’ਚ ਵੱਡੀ ਗਲਤੀ ਕਰ ਲਈ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਭਾਜਪਾ ਲੀਡਰਸ਼ਿਪ ਜਾਣਬੁੱਝ ਕੇ ਜਾਂ ਅਣਜਾਣੇ ਵਿਚ ਫਤਵੇ ਦੇ ਸਰੂਪ ਤੇ ਸੰਦੇਸ਼ ਨੂੰ ਮੰਨਣ ਤੋਂ ਇਨਕਾਰੀ ਹੈ। ਫਤਵਾ ਕਿਸੇ ਜਜ਼ਬਾਤੀ ਮੁੱਦੇ ’ਤੇ ਅਧਾਰਤ ਨਹੀਂ ਸੀ। ਭਾਜਪਾ ਨੂੰ ਸਭ ਤੋਂ ਵੱਡਾ ਨੁਕਸਾਨ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਕੀਤਾ, ਹਾਲਾਂਕਿ ਸੰਵਿਧਾਨ ਨੂੰ ਖਤਰੇ ਦਾ ਮੁੱਦਾ ਵੀ ਚਰਚਾ ਵਿਚ ਰਿਹਾ।
ਹਿੰਦੂ ਧਰਮ ਦੇ ਲੰਮੇ ਇਤਿਹਾਸ ਵਿਚ ਸ਼ੈਵ (ਸ਼ਿਵ ਭਗਤ) ਅਤੇ ਵੈਸ਼ਣਵ (ਵਿਸ਼ਣੂ ਭਗਤ) ਦੀਆਂ ਦੋ ਧਾਰਾਵਾਂ ਹਨ। ਕਈ ਮੌਕਿਆਂ ’ਤੇ ਦੋਹਾਂ ਸੰਪਰਦਾਵਾਂ ਦੇ ਪੈਰੋਕਾਰ ਇਕ-ਦੂਜੇ ਦੇ ਖਿਲਾਫ ਖੜ੍ਹੇ ਨਜ਼ਰ ਆਏ ਹਨ। ਚੂੰਕਿ ਭਾਜਪਾ/ਆਰ ਐੱਸ ਐੱਸ ਨੇ ਵੈਸ਼ਣਵ ਧਾਰਾ ਨੂੰ ਆਧਾਰ ਬਣਾ ਕੇ (ਰਾਮ ਵਿਸ਼ਣੂ ਦੇ ਅਵਤਾਰ ਮੰਨੇ ਜਾਂਦੇ ਹਨ) ਹਿੰਦੂ ਧਰਮ ਨੂੰ ਆਪਣੀ ਸਿਆਸੀ ਤਾਕਤ ਬਣਾ ਲਿਆ ਹੈ ਤਾਂ ਕੀ ਕਾਂਗਰਸ ਸ਼ੈਵ ਧਾਰਾ ਦੀ ਵਿਰਾਸਤ ਅਪਣਾਉਦਿਆਂ ਉਨ੍ਹਾਂ ਦੀ ਇਸ ਤਾਕਤ ਨੂੰ ਖਤਮ ਕਰ ਦੇਵੇਗੀ। ਸ਼ੈਵ ਤੇ ਵੈਸ਼ਣਵ ਵਾਲੀ ਸੋਚ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਦਾ ਹੀ ਕੰਮ ਕਰੇਗੀ। ਦੁਨੀਆ-ਭਰ ਵਿਚ ਵਰਤਮਾਨ ਤਜਰਬਾ ਦੱਸਦਾ ਹੈ ਕਿ ਚੋਣ-ਜਮਹੂਰੀਅਤ ਵਾਲੇ ਦੇਸ਼ਾਂ ਵਿਚ ਲੋਕ ਸਹੂਲਤ ਦੀ ਸਿਆਸਤ ਨੂੰ ਸਿਰੇ ਤੋਂ ਠੁਕਰਾ ਰਹੇ ਹਨ। ਹੁਣ ਉਦਾਰ ਤੇ ਕੱਟੜ ਅਸੂਲ ਨਹੀਂ ਚੱਲ ਰਹੇ। ਸਫਬੰਦੀ ਰੋਜ਼ੀ-ਰੋਟੀ ਬਨਾਮ ਨਫਰਤੀ ਤੇ ਜਜ਼ਬਾਤੀ ਸਿਆਸਤ ਵਿਚਾਲੇ ਹੋ ਰਹੀ ਹੈ। ਕਾਂਗਰਸ ਤੇ ਦੂਜੀਆਂ ਆਪੋਜ਼ੀਸ਼ਨ ਪਾਰਟੀਆਂ ਨੂੰ ਆਪਾ-ਪੜਚੋਲ ਕਰਨੀ ਪਏਗੀ ਕਿ ਉਨ੍ਹਾਂ ਕਿਸ ਰਾਹ ’ਤੇ ਚੱਲਣਾ ਹੈ। ਭਵਿੱਖ ਉਨ੍ਹਾਂ ਪਾਰਟੀਆਂ ਦਾ ਹੀ ਹੋਵੇਗਾ, ਜਿਹੜੀਆਂ ਰੋਜ਼ੀ-ਰੋਟੀ ਮੁਹੱਈਆ ਕਰਾਉਣ ਦੀ ਰਣਨੀਤੀ ’ਤੇ ਚੱਲਣਗੀਆਂ। ਸੋ, ਰਾਹੁਲ ਗਾਂਧੀ ਨੂੰ ਹੁਣੇ ਸੰਭਲਣਾ ਪਏਗਾ।