ਮੁੰਬਈ : ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਚਰਚਿਤ ਪੋਰਸ਼ ਟੱਕਰ ਕੇਸ ਦੇ ਬਾਅਦ ਹੁਣ ਮੁੰਬਈ ਦੇ ਵਰਲੀ ਵਿਚ ਐਤਵਾਰ ਸਵੇਰੇ ਤੇਜ਼ ਰਫਤਾਰ ਬੀ ਐੱਮ ਡਬਲਿਊ ਨੇ ਸਕੂਟੀ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਮੁਲਜ਼ਮ ਭੱਜਣ ਦੌਰਾਨ 45 ਸਾਲਾ ਮਹਿਲਾ ਨੂੰ 100 ਮੀਟਰ ਤੱਕ ਘਸੀਟਦਾ ਲੈ ਗਿਆ ਤੇ ਉਸ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਮੁਤਾਬਕ ਕਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਸ਼ਿਵ ਸੈਨਾ ਦੇ ਆਗੂ ਰਾਜੇਸ਼ ਸ਼ਾਹ ਦਾ 24 ਸਾਲਾ ਬੇਟਾ ਮਿਹਿਰ ਸ਼ਾਹ ਚਲਾ ਰਿਹਾ ਸੀ। ਨਾਲ ਡਰਾਈਵਰ ਵੀ ਸੀ। ਮਿਹਿਰ ਫਰਾਰ ਹੈ ਅਤੇ ਪੁਲਸ ਨੇ ਰਾਜੇਸ਼ ਸ਼ਾਹ ਤੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਕਾਰ ਵੀ ਕਬਜ਼ੇ ਵਿਚ ਕਰ ਲਈ ਹੈ। ਵਰਲੀ ਦੇ ਕੋਲੀਵਾੜਾ ਇਲਾਕੇ ਵਿਚ ਰਹਿਣ ਵਾਲੇ ਪ੍ਰਦੀਪ ਨਖਵਾ ਤੇ ਉਨ੍ਹਾ ਦੀ ਪਤਨੀ ਕਾਵੇਰੀ ਨਖਵਾ ਮਛੇਰਾ ਭਾਈਚਾਰੇ ਦੇ ਹਨ। ਦੋਨੋਂ ਹਰ ਰੋਜ਼ ਸਵੇਰੇ ਸਸੂਨ ਡੌਕ ’ਚ ਮੱਛੀ ਖਰੀਦਣ ਜਾਂਦੇ ਸਨ। ਉਹ ਮੱਛੀ ਖਰੀਦ ਕੇ ਪਰਤ ਰਹੇ ਸਨ ਤਾਂ ਸਵੇਰੇ ਸਾਢੇ ਪੰਜ ਵਜੇ ਅਟਰੀਆ ਮਾਲ ਕੋਲ ਬੀ ਐੱਮ ਡਬਲਿਊ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਸਕੂਟੀ ਪਲਟ ਗਈ ਤੇ ਪਤੀ-ਪਤਨੀ ਕਾਰ ਦੇ ਬੋਨੇਟ ’ਤੇ ਡਿੱਗ ਪਏ। ਪਤੀ ਨੇ ਖੁਦ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ, ਪਰ ਪਤਨੀ ਉਠ ਨਹੀਂ ਸਕੀ ਅਤੇ ਚਲਦੀ ਕਾਰ ਦੇ ਥੱਲੇ ਆ ਕੇ ਮਾਰੀ ਗਈ। ਮਿਹਿਰ ਤੇ ਡਰਾਈਵਰ ਕਾਰ ਸਣੇ ਭੱਜ ਗਏ। ਪਤੀ ਦਾ ਇਲਾਜ ਚੱਲ ਰਿਹਾ ਸੀ।
ਸੀ ਸੀ ਟੀ ਵੀ ਫੁਟੇਜ਼ ਤੋਂ ਪਤਾ ਲੱਗਾ ਕਿ ਗੱਡੀ ਪਾਲਘਰ ਵਿਚ ਸੱਤਾਧਾਰੀ ਸ਼ਿਵ ਸੈਨਾ (ਸ਼ਿੰਦੇ) ਦੇ ਆਗੂ ਰਾਜੇਸ਼ ਸ਼ਾਹ ਦੀ ਹੈ। ਜਾਂਚ ਵਿਚ ਪਤਾ ਲੱਗਾ ਕਿ ਵਿੰਡਸ਼ੀਲਡ ’ਤੇ ਸ਼ਿਵ ਸੈਨਾ ਦਾ ਸਟਿੱਕਰ ਲੱਗਾ ਸੀ, ਜਿਸ ਨੂੰ ਖੁਰਚਣ ਦੀ ਕੋਸ਼ਿਸ਼ ਕੀਤੀ ਗਈ। ਕਾਰ ਦੀ ਨੰਬਰ ਪਲੇਟ ਵੀ ਹਟਾ ਦਿੱਤੀ ਗਈ, ਪਰ ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਨਾਲ ਪਤਾ ਲਾ ਲਿਆ ਕਿ ਕਾਰ ਕਿਸ ਦੀ ਹੈ।
ਪੁਲਸ ਸੂਤਰਾਂ ਮੁਤਾਬਕ ਮਿਹਿਰ ਘਟਨਾ ਵੇਲੇ ਨਸ਼ੇ ਵਿਚ ਸੀ। ਉਸ ਨੇ ਸ਼ਨੀਵਾਰ ਦੀ ਰਾਤ ਜੁਹੂ ਦੀ ਇਕ ਬਾਰ ਵਿਚ ਸ਼ਰਾਬ ਪੀਤੀ ਸੀ। ਘਰ ਜਾਂਦਿਆਂ ਉਸ ਨੇ ਡਰਾਈਵਰ ਨੂੰ ਲੌਂਗ ਡ੍ਰਾਈਵ ’ਤੇ ਚੱਲਣ ਲਈ ਕਿਹਾ। ਥੋੜ੍ਹੀ ਦੂਰ ਜਾ ਕੇ ਜੋੜੇ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਲਿਆ। ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
18 ਮਈ ਦੀ ਰਾਤ ਪੁਣੇ ਵਿਚ ਲਗਜ਼ਰੀ ਕਾਰ ਦੀ ਟੱਕਰ ਵਿਚ 24 ਸਾਲ ਦੀ ਉਮਰ ਦੇ ਬਾਈਕ ਸਵਾਰ ਸਾਫਟਵੇਅਰ ਇੰਜੀਨੀਅਰ ਨੌਜਵਾਨ ਤੇ ਮੁਟਿਆਰ ਦੀ ਮੌਤ ਹੋ ਗਈ ਸੀ। ਢਾਈ ਕਰੋੜ ਦੀ ਪੋਰਸ਼ ਕਾਰ ਨਾਮੀ ਬਿਲਡਰ ਦਾ ਨਾਬਾਲਗ ਬੇਟਾ ਚਲਾ ਰਿਹਾ ਸੀ। ਨਾਬਾਲਗ ਦੇ ਪਿਤਾ, ਮਾਂ ਤੇ ਦਾਦੇ ਨੂੰ ਹਾਦਸੇ ਦੇ ਸਬੂਤ ਮਿਟਾਉਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਸੀ।