ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਅਸੰਬਲੀ ਦੇ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਸੋਮਵਾਰ ਸ਼ਾਮ ਬੰਦ ਹੋ ਗਿਆ। ਵੋਟਾਂ 10 ਜੁਲਾਈ ਨੂੰ ਪੈਣਗੀਆਂ। ਹਲਕੇ ਦੇ ਸਾਰੇ ਮੁਲਾਜ਼ਮਾਂ ਤੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਸ਼ਰਾਬ ਦੇ ਠੇਕੇ ਵੀ ਬੰਦ ਹੋ ਗਏ ਤੇ 10 ਜੁਲਾਈ ਨੂੰ ਸ਼ਾਮ 7 ਵਜੇ ਖੁੱਲ੍ਹਣਗੇ।
ਗਭਲੀ ਉਗਲੀ ’ਤੇ ਸਿਆਹੀ ਲੱਗੇਗੀ
ਜ਼ਿਲ੍ਹਾ ਚੋਣ ਅਫਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਰਾਂ ਦੇ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਬਜਾਏ ਵਿਚਕਾਰਲੀ ਉਂਗਲ ’ਤੇ ਸਿਆਹੀ ਲਗਾਈ ਜਾਵੇਗੀ। ਇਹ ਤਬਦੀਲੀ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਵੋਟਰਾਂ ’ਚ ਦੁਚਿੱਤੀ ਪੈਦਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਗਈ ਹੈ, ਕਿਉਕਿ ਕਈ ਵੋਟਰਾਂ ਦੀ ਪਹਿਲੀ ਉਂਗਲ ’ਤੇ ਸਿਆਹੀ ਦਾ ਨਿਸ਼ਾਨ ਅਜੇ ਮਿਟਿਆ ਨਹੀਂ।
ਭਾਨੇ ਦੀ ਪੈਰੋਲ ਰੱਦ
ਚੰਡੀਗੜ੍ਹ : ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਨਾ ਦੀ ਪੈਰੋਲ ਰੱਦ ਕਰਨ ਲਈ ਕਾਂਗਰਸ ਅਤੇ ਭਾਜਪਾ ਨੇ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ।




