27.5 C
Jalandhar
Friday, October 18, 2024
spot_img

ਹੇਮੰਤ ਸੋਰੇਨ ਨੇ ਭਰੋਸੇ ਦਾ ਵੋਟ ਜਿੱਤਿਆ

ਰਾਂਚੀ : ਝਾਰਖੰਡ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਨੇ ਸੋਮਵਾਰ ਵਿਧਾਨ ਸਭਾ ਤੋਂ ਵਿਰੋਧੀ ਧਿਰ ਦੇ ਵਾਕਆਊਟ ਵਿਚਾਲੇ ਭਰੋਸੇ ਦਾ ਵੋਟ ਹਾਸਲ ਕਰ ਲਿਆ। 81 ਮੈਂਬਰੀ ਵਿਧਾਨ ਸਭਾ ’ਚ 45 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਪੱਖ ’ਚ ਵੋਟਿੰਗ ਕੀਤੀ। ਆਜ਼ਾਦ ਮੈਂਬਰ ਸਰਯੂ ਰਾਏ ਨੇ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲਿਆ। ਹੇਮੰਤ ਸੋਰੇਨ ਨੇ ਆਪਣੇ ਤੋਂ ਪਹਿਲੇ ਮੁੱਖ ਮੰਤਰੀ ਚੰਪਈ ਸੋਰੇਨ ਦੇ ਅਹੁਦੇ ਤੋਂ ਹਟਣ ਤੋਂ ਇਕ ਦਿਨ ਬਾਅਦ 4 ਜੁਲਾਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਪੱਛਮੀ ਬੰਗਾਲ ਸਰਕਾਰ ਦੀ ਪਟੀਸ਼ਨ ਖਾਰਜ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪੱਛਮੀ ਬੰਗਾਲ ਸਰਕਾਰ ਦੀ ਪਟੀਸ਼ਨ ਸੋਮਵਾਰ ਖਾਰਜ ਕਰ ਦਿੱਤੀ। ਹਾਈ ਕੋਰਟ ਨੇ ਸੰਦੇਸ਼ਖਲੀ ’ਚ ਔਰਤਾਂ ਖਿਲਾਫ ਅਪਰਾਧ ਤੇ ਜ਼ਮੀਨ ਹੜੱਪਣ ਦੇ ਦੋਸ਼ਾਂ ਦੀ ਸੀ ਬੀ ਆਈ ਜਾਂਚ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾਕਿਸੇ ਨੂੰ ਬਚਾਉਣ ’ਚ ਸੂਬੇ ਦੀ ਰੁਚੀ ਕਿਉਂ ਹੋਣੀ ਚਾਹੀਦੀ ਹੈ?
ਪੂਰਬੀ ਨਾਗਾਲੈਂਡ ’ਚ ਪਬਲਿਕ ਐਮਰਜੈਂਸੀ ਮੁਅੱਤਲ
ਕੋਹਿਮਾ : ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈ ਐੱਨ ਪੀ ਓ) ਨੇ ਪੂਰਬੀ ਨਾਗਾਲੈਂਡ ਦੇ ਛੇ ਜ਼ਿਲ੍ਹਿਆਂ ’ਚ 5 ਫਰਵਰੀ ਨੂੰ ਐਲਾਨੀ ਆਪਣੀ ‘ਪਬਲਿਕ ਐਮਰਜੈਂਸੀ’ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਉਸ ਵੱਲੋਂ ਐਤਵਾਰ ਸ਼ਾਮ ਨੂੰ ਜਾਰੀ ਇਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਸ ਸੰਬੰਧ ’ਚ ਫੈਸਲਾ 3 ਜੁਲਾਈ ਨੂੰ ਤਯੂਨਸਾਂਗ ’ਚ ਹੋਈ ਈ ਐੱਨ ਪੀ ਓ ਦੀ ਕੇਂਦਰੀ ਕਾਰਜਕਾਰੀ ਕੌਂਸਲ ਦੀ ਮੀਟਿੰਗ ਦੌਰਾਨ ਲਿਆ ਗਿਆ। ਹਾਲਾਂਕਿ ਉਸ ਨੇ ਕਿਹਾ ਕਿ ਮਜਬੂਰ ਕਰਨ ਵਾਲੇ ਹਾਲਾਤ ’ਚ ਮੁਅੱਤਲੀ ’ਤੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ। ਈ ਐੱਨ ਪੀ ਓ ਖੇਤਰ ਦੀਆਂ ਅੱਠ ਜਨਜਾਤੀਆਂ ਦੀ ਇਕ ਚੋਟੀ ਦੀ ਸੰਸਥਾ ਹੈ।
ਫੌਜੀ ਵਾਹਨ ’ਤੇ ਹਮਲਾ
ਜੰਮੂ : ਕਠੂਆ ਜ਼ਿਲ੍ਹੇ ’ਚ ਸੋਮਵਾਰ ਦਹਿਸ਼ਤਗਰਦਾਂ ਨੇ ਫੌਜੀ ਵਾਹਨ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋ ਜਵਾਨ ਜ਼ਖਮੀ ਹੋ ਗਏ। ਇਹ ਹਮਲਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਵਿਚ ਕੀਤਾ ਗਿਆ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ। ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿਚ ਫੌਜੀ ਵਾਹਨ ’ਤੇ ਕੀਤਾ ਗਿਆ ਇਹ ਦੂਜਾ ਹਮਲਾ ਹੈ। ਦੂਜੇ ਪਾਸੇ ਸੁਰੱਖਿਆ ਬਲਾਂ ਦੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੋਰ ਖੇਤਰਾਂ ਤੋਂ ਸੁਰੱਖਿਆ ਬਲਾਂ ਨੂੰ ਸੱਦਿਆ ਗਿਆ ਹੈ।
ਬਿਭਵ ਬਾਰੇ ਫੈਸਲਾ ਰਾਖਵਾਂ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਅਤੇ ਸਾਬਕਾ ਪੀ ਏ ਬਿਭਵ ਕੁਮਾਰ ਦੀ ਉਸ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ, ਜਿਸ ’ਚ ਦਿੱਲੀ ਪੁਲਸ ਵਲੋਂ ਉਸ ਦੀ ਗਿ੍ਰਫ਼ਤਾਰੀ ਨੂੰ ਗੈਰਕਾਨੂੰਨੀ ਐਲਾਨਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਇਸ ਵੇਲੇ ਬਿਭਵ ਕੁਮਾਰ ਨਿਆਂਇਕ ਹਿਰਾਸਤ ਵਿਚ ਹੈ। ਉਸ ’ਤੇ 13 ਮਈ ਨੂੰ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਸਵਾਤੀ ਮਾਲੀਵਾਲ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ਲੱਗੇ ਸਨ ਤੇ ਉਸ ਨੂੰ 18 ਮਈ ਨੂੰ ਗਿ੍ਰਫਤਾਰ ਕੀਤਾ ਗਿਆ ਸੀ।

Related Articles

LEAVE A REPLY

Please enter your comment!
Please enter your name here

Latest Articles