ਅੰਮਿ੍ਰਤਸਰ (ਨਰਿੰਦਰਜੀਤ ਸਿੰਘ)
ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਨੇ ਖਰੜ ਦੇ ਇੱਕ ਫਲੈਟ ਤੋਂ ਇੱਕ ਅੰਤਰਰਾਜੀ ਸੰਗਠਿਤ ਅਪਰਾਧ ਸਿੰਡੀਕੇਟ ਦੇ ਸਰਗਨੇ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗਿ੍ਰਫਤਾਰ ਕੀਤਾ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਸਿੰਡੀਕੇਟ ਦੇ ਸਰਗਨੇ ਦੀ ਪਛਾਣ ਅੰਮਿ੍ਰਤਸਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਜੈ ਸ਼ਰਮਾ ਉਰਫ ਸੁੱਖਾ ਪਿਸਤੌਲ ਅੰਬਰਸਰੀਆ ਵਜੋਂ ਹੋਈ ਹੈ, ਜਦਕਿ ਚਾਰ ਮੈਂਬਰਾਂ ਦੀ ਪਛਾਣ ਅੰਮਿ੍ਰਤਸਰ ਦੀ ਸੰਧੂ ਕਾਲੋਨੀ ਦੇ ਨਿਖਿਲ ਸ਼ਰਮਾ ਉਰਫ ਲਾਲਾ, ਅੰਮਿ੍ਰਤਸਰ ਦੇ ਕੋਟ ਖਾਲਸਾ ਦੇ ਮੋਨੀ, ਅਰਪਿਤ ਠਾਕੁਰ ਅਤੇ ਕਰਨ ਸ਼ਰਮਾ ਦੋਵੇਂ ਵਾਸੀ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਬਿਲਾਸਪੁਰ ਸ੍ਰੀ ਨੈਣਾ ਦੇਵੀ ਵਜੋਂ ਹੋਈ ਹੈ। ਸੁੱਖਾ ਪਿਸਤੌਲ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਜਿਸ ਦੇ ਖਿਲਾਫ ਅਸਲਾ ਐਕਟ, ਲੁੱਟ-ਖੋਹ ਅਤੇ ਚੋਰੀ ਦੇ ਸੱਤ ਮਾਮਲੇ ਦਰਜ ਹਨ।
ਪੁਲਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਦੋ .32 ਬੋਰ ਦੇ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਅਤੇ ਅੱਠ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਯਾਦਵ ਨੇ ਦੱਸਿਆ ਕਿ ਸੁੱਖਾ ਪਿਸਤੌਲ ਵੱਲੋਂ ਆਪਣੇ ਸਾਥੀਆਂ ਸਮੇਤ ਮੱਧ ਪ੍ਰਦੇਸ਼ ਦੇ ਖੰਡਵਾ ਵਿਖੇ ਨਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖਤ ਕਰਨ ਜਾਣ ਸੰਬੰਧੀ ਮਿਲੀ ਭਰੋਸੇਯੋਗ ਸੂਚਨਾ ਤੋਂ ਬਾਅਦ ਥਾਣਾ ਸਿਵਲ ਲਾਈਨ ਅੰਮਿ੍ਰਤਸਰ ਦੀਆਂ ਟੀਮਾਂ ਨੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਤੋਂ ਵਾਪਸ ਆਉਣ ’ਤੇ ਪੁਲਸ ਟੀਮਾਂ ਨੇ ਖਰੜ ਵਿੱਚ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾ ਲਿਆ।
ਡੀ ਜੀ ਪੀ ਨੇ ਕਿਹਾ ਕਿ ਏ ਡੀ ਸੀ ਪੀ ਸਿਟੀ-2 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਨੇ ਇੱਕ ਫਲੈਟ ’ਤੇ ਛਾਪੇਮਾਰੀ ਕੀਤੀ ਅਤੇ ਸਾਰੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ ਸਮੇਤ ਅਸਲਾ ਬਰਾਮਦ ਕਰ ਲਿਆ।ਉਨ੍ਹਾ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਰੋਧੀ ਗਰੋਹ ਦੇ ਮੈਂਬਰਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾ ਕਿਹਾ ਕਿ ਮੁਲਜ਼ਮਾਂ ’ਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਨਵੀਂ ਸ਼ਾਮਲ ਕੀਤੀ ਧਾਰਾ 111 (ਸੰਗਠਿਤ ਅਪਰਾਧ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਸ ਕਮਿਸ਼ਨਰ ਅੰਮਿ੍ਰਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਅਪਰਾਧਿਕ ਗਰੋਹ ਚੋਰੀ, ਲੁੱਟ-ਖੋਹ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ।ਉਨ੍ਹਾ ਕਿਹਾ ਕਿ ਇਸ ਮੋਡਿਊਲ ਦੇ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਅਤੇ ਐੱਮ ਪੀ-ਅਧਾਰਤ ਹਥਿਆਰਾਂ ਦੇ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗਿ੍ਰਫਤਾਰੀਆਂ ਅਤੇ ਬਰਾਮਦਗੀ ਦੀ ਉਮੀਦ ਹੈ।