ਮਾਸਕੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਜੰਗ ਦੇ ਸੰਦਰਭ ਵਿਚ ਮੰਗਲਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਬੰਬਾਂ, ਬੰਦੂਕਾਂ ਤੇ ਗੋਲੀਆਂ ਦੇ ਵਿਚਕਾਰ ਅਮਨ ਵਾਰਤਾ ਕਾਮਯਾਬ ਨਹੀਂ ਹੁੰਦੀ ਅਤੇ ਜੰਗ ਦੇ ਮੈਦਾਨ ਵਿਚ ਟਕਰਾਅ ਦਾ ਹੱਲ ਸੰਭਵ ਨਹੀਂ।
ਮੋਦੀ ਨੇ ਕਿਹਾ ਕਿ ਭਾਰਤ ਅਮਨ ਦੇ ਪਾਸੇ ਹੈ ਤੇ ਯੂਕਰੇਨ ਦਾ ਟਕਰਾਅ ਖਤਮ ਕਰਨ ਲਈ ਯੋਗਦਾਨ ਪਾਉਣ ਲਈ ਤਿਆਰ ਹੈ। ਪੁਤਿਨ ਨੇ ਮੋਦੀ ਨੂੰ ਕਿਹਾਤੁਸੀਂ ਯੂਕਰੇਨ ਸੰਕਟ ਦਾ ਜੋ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ, ਅਸੀਂ ਉਸ ਲਈ ਤੁਹਾਡੇ ਧੰਨਵਾਦੀ ਹਾਂ।
ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਰੂਸ ਭਾਰਤ ਦਾ ਸੁੱਖ-ਦੁੱਖ ਦਾ ਭਰੋਸੇਯੋਗ ਸਾਥੀ ਹੈ। ਉਨ੍ਹਾ ਬੀਤੇ ਦੋ ਦਹਾਕਿਆਂ ਦੌਰਾਨ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਦੀ ਪ੍ਰਸੰਸਾ ਕੀਤੀ।
ਕੌਮਾਂਤਰੀ ਪੱਧਰ ’ਤੇ ਗਰੀਬੀ ਸਮੇਤ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਹਰ ਚੁਣੌਤੀ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਅਤੇ ਚੁਣੌਤੀ ਦੇਣਾ ਉਨ੍ਹਾ ਦੇ ‘ਡੀ ਐੱਨ ਏ’ ਵਿਚ ਹੈ। ਉਨ੍ਹਾ ਕਿਹਾ ਕਿ ਦਹਾਕਿਆਂ ਤੋਂ ਭਾਰਤ ਅਤੇ ਰੂਸ ਦਾ ਅਨੋਖਾ ਰਿਸ਼ਤਾ ਹੈ ਅਤੇ ਰੂਸ ਸ਼ਬਦ ਸੁਣਦਿਆਂ ਹੀ ਹਰ ਭਾਰਤੀ ਦੇ ਮਨ ਵਿਚ ਆਉਂਦਾ ਹੈ ‘ਸੁੱਖ-ਦੁੱਖ ਦਾ ਸਾਥੀ’।
ਮੋਦੀ ਨੇ ਕਿਹਾ ਕਿ ਉਹ ਬੀਤੇ 10 ਸਾਲਾਂ ਵਿਚ ਛੇਵੀਂ ਵਾਰ ਰੂਸ ਆਏ ਹਨ ਅਤੇ ਪੁਤਿਨ ਨੂੰ 17 ਵਾਰ ਮਿਲ ਚੁੱਕੇ ਹਨ।