21.8 C
Jalandhar
Monday, October 21, 2024
spot_img

ਸ਼ੁਭਕਰਨ ਦੇ ਪਰਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਤੇ ਸਰਕਾਰੀ ਨੌਕਰੀ

ਚੰਡੀਗੜ੍ਹ (ਗੁਰਜੀਤ ਬਿੱਲਾ)-ਕਿਸਾਨ ਸੰਘਰਸ਼ ਦੌਰਾਨ ਖਨੌਰੀ ਬਾਰਡਰ ਉਤੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਨੌਜਵਾਨ ਕਿਸਾਨ ਦੇ ਪਰਵਾਰ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁਭਕਰਨ ਸਿੰਘ ਦੇ ਪਰਵਾਰ ਦੇ ਮੈਂਬਰਾਂ ਨੂੰ ਵਿੱਤੀ ਸਹਾਇਤ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਅਤੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ।
ਮੰਗਲਵਾਰ ਇੱਥੇ ਪਰਵਾਰ ਨੂੰ ਚੈੱਕ ਅਤੇ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅੰਨਦਾਤਿਆਂ ਦੀ ਭਲਾਈ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾ ਕਿਹਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੇ ਸਰਹੱਦ ਵਿਖੇ ਗੋਲੀਬਾਰੀ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਮਾਨ ਨੇ ਕਿਹਾ ਕਿ ਦਿਲ ਦਹਿਲਾਉਣ ਵਾਲੀ ਇਸ ਘਟਨਾ ਨੇ ਸਮੂਹ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸ਼ੁਭਕਰਨ ਦੀ ਸ਼ਹਾਦਤ ਪਰਵਾਰ ਲਈ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ, ਜਿਸ ਦੀ ਕਿਸੇ ਵੀ ਕੀਮਤ ਉਤੇ ਭਰਪਾਈ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦੇਣਾ ਸੰਕਟ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਦਾ ਨਿਮਾਣਾ ਜਿਹਾ ਯਤਨ ਹੈ।
ਉਹਨਾ ਕਿਹਾ ਕਿ ਨੌਜਵਾਨ ਕਿਸਾਨ ਨੇ ਦੇਸ਼ ਦੇ ਕਿਸਾਨਾਂ ਦੀ ਖਾਤਰ ਵੱਡੀ ਕੁਰਬਾਨੀ ਦਿੱਤੀ ਹੈ, ਜਿਸ ਕਰਕੇ ਪਰਵਾਰ ਦੀ ਮਦਦ ਕਰਨਾ ਸਰਕਾਰ ਆਪਣਾ ਫਰਜ਼ ਸਮਝਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਭਾਰਤ ਅਨਾਜ ਪੱਖੋਂ ਆਤਮ ਨਿਰਭਰ ਮੁਲਕ ਬਣਿਆ, ਜਿਸ ਕਰਕੇ ਦੇਸ਼ ਵਾਸੀ ਕਿਸਾਨਾਂ ਦੇ ਰਿਣੀ ਹਨ। ਉਨ੍ਹਾ ਦੁੱਖ ਜ਼ਾਹਰ ਕੀਤਾ ਕਿ ਆਪਣੇ ਸੀਮਤ ਕੁਦਰਤੀ ਵਸੀਲਿਆਂ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਨੇ ਦੇਸ਼ ਲਈ ਅਨਾਜ ਪੈਦਾ ਕਰਨ ਵਾਸਤੇ ਖੇਤਾਂ ਵਿੱਚ ਮੁੜ੍ਹਕਾ ਵਹਾਇਆ ਅਤੇ ਇੱਥੋਂ ਤੱਕ ਕਿ ਇਸ ਦੀ ਖਾਤਰ ਕਿਸਾਨਾਂ ਨੇ ਪਾਣੀ ਤੇ ਜਰਖੇਜ਼ ਮਿੱਟੀ ਨੂੰ ਵੀ ਦਾਅ ਉਤੇ ਲਾ ਦਿੱਤਾ। ਉਹਨਾ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਔਖੀ ਘੜੀ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਬਾਂਹ ਫੜੀ ਜਾਵੇ ਅਤੇ ਸੂਬਾ ਸਰਕਾਰ ਇਸ ਸੰਬੰਧ ਵਿੱਚ ਸਿਰਤੋੜ ਯਤਨ ਕਰ ਰਹੀ ਹੈ।

Related Articles

LEAVE A REPLY

Please enter your comment!
Please enter your name here

Latest Articles