33.1 C
Jalandhar
Tuesday, October 22, 2024
spot_img

ਹੱਥ ਜੋੜ ਕੇ ਬੇਨਤੀ ਹੈ…

ਰਾਏ ਬਰੇਲੀ : ਕੀਰਤੀ ਚੱਕਰ ਵਿਜੇਤਾ ਕੈਪਟਨ ਅੰਸ਼ੂਮਨ ਸਿੰਘ ਦੀ ਮਾਤਾ ਮੰਜੂ ਸਿੰਘ ਨੇ ਮੰਗਲਵਾਰ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਭਾਰਤੀ ਫੌਜ ਵਿਚ ਆਰਜ਼ੀ ਭਰਤੀ ਦੀ ਅਗਨੀਵੀਰ ਸਕੀਮ ਨੂੰ ਬੰਦ ਕਰ ਦੇਵੇ।
ਮੰਜੂ ਸਿੰਘ ਨੇ ਮੰਗਲਵਾਰ ਯੂ ਪੀ ਦੇ ਰਾਏ ਬਰੇਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ-ਮੈਂ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਅਗਨੀਵੀਰ ਸਕੀਮ ਬੰਦ ਕਰ ਦਿਓ। ਇਹ ਚਾਰ ਸਾਲ ਦੀ ਹੈ ਤੇ ਠੀਕ ਨਹੀਂ। ਫੌਜੀਆਂ ਨੂੰ ਮਿਲਦੀ ਪੈਨਸ਼ਨ, ਕੰਟੀਨ ਤੇ ਹਰ ਹੋਰ ਸਹੂਲਤ ਜਾਰੀ ਰਹਿਣੀ ਚਾਹੀਦੀ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੈਪਟਨ ਅੰਸ਼ੂਮਨ ਸਿੰਘ ਨੂੰ ਮਰਨ ਉਪਰੰਤ ਕੀਰਤੀ ਚੱਕਰ ਪ੍ਰਦਾਨ ਕੀਤਾ ਸੀ। ਕੈਪਟਨ ਅੰਸ਼ੂਮਨ ਸਿੰਘ ਆਰਮੀ ਮੈਡੀਕਲ ਕੋਰ, 26ਵੀਂ ਬਟਾਲੀਅਨ, ਪੰਜਾਬ ਰਜਮੈਂਟ ਵਿਚ ਸਨ। 18-19 ਜੁਲਾਈ 2023 ਦੀ ਰਾਤ ਸਿਆਚਿਨ ਵਿਚ ਮਨੀਸ਼ਨ ਡੰਪ ’ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀ। ਉਸ ਦੌਰਾਨ ਨੇੜਲੇ ਮੈਡੀਕਲ ਸਟੋਰ ਵਿੱਚੋਂ ਦਵਾਈਆਂ ਕੱਢਦਿਆਂ ਉਹ ਬੁਰੀ ਤਰ੍ਹਾਂ ਜਲ ਗਏ ਸਨ ਤੇ ਬਾਅਦ ਵਿਚ ਦਮ ਤੋੜ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾ ਡੰਪ ਨੇੜਲੀ ਫਾਈਬਰ ਗਲਾਸ ਹੱਟ ਦੇ ਅੰਦਰੋਂ ਕਈ ਜਣਿਆਂ ਨੂੰ ਬਚਾਇਆ ਸੀ। ਦਵਾਈਆਂ ਬਚਾਉਣ ਵੱਲ ਉਨ੍ਹਾ ਦਾ ਬਾਅਦ ਵਿਚ ਧਿਆਨ ਗਿਆ ਸੀ।
ਯੂ ਪੀ ਦੇ ਦੇਵਰੀਆ ਜ਼ਿਲ੍ਹੇ ਦੇ ਪਿੰਡ ਬਰਡੀਹਾ ਦਲਪਤ ਦੇ ਅੰਸ਼ੂਮਨ ਸਿੰਘ ਦਾ ਵਿਆਹ ਤ੍ਰਾਸਦੀ ਤੋਂ ਪੰਜ ਮਹੀਨੇ ਪਹਿਲਾਂ 10 ਫਰਵਰੀ 2023 ਵਿਚ ਹੋਇਆ ਸੀ। ਉਹ 15 ਦਿਨ ਪਹਿਲਾਂ ਹੀ ਸਿਆਚਿਨ ਗਏ ਸਨ। ਉਨ੍ਹਾ ਦੀ ਪਤਨੀ ਸਮਿ੍ਰਤੀ ਪਠਾਨਕੋਟ ਦੀ ਹੈ। ਦੋਹਾਂ ਦੀ ਮੁਲਾਕਾਤ ਕਾਲਜ ਵਿਚ ਪੜ੍ਹਦਿਆਂ ਹੋਈ ਸੀ। ਸਮਿ੍ਰਤੀ ਮੁਤਾਬਕ ਇੰਜੀਨੀਅਰਿੰਗ ਕਾਲਜ ਦੇ ਪਹਿਲੇ ਦਿਨ ਮੁਲਾਕਾਤ ਪਿਆਰ ਵਿਚ ਬਦਲ ਗਈ ਸੀ। ਫਿਰ ਅੱਠ ਸਾਲ ਦੂਰੀ ਰਹੀ, ਪਰ ਰਿਸ਼ਤਾ ਬਣਿਆ ਰਿਹਾ।
ਅੰਸ਼ੂਮਨ ਦੇ ਫੌਜੀ ਪਿਤਾ ਰਵੀ ਪ੍ਰਤਾਪ ਸਿੰਘ ਨੇ ਕਿਹਾ-ਅਸੀਂ ਕੀਰਤੀ ਚੱਕਰ ਪ੍ਰਦਾਨ ਕਰਨ ਦੇ ਸਮੇਂ ਰਾਹੁਲ ਗਾਂਧੀ ਨੂੰ ਮਿਲੇ ਸਾਂ, ਜਿਹੜੇ ਉੱਥੇ ਮੌਜੂਦ ਸਨ, ਕਿਉਕਿ ਉਹ ਰਾਏ ਬਰੇਲੀ ਆਏ ਸਨ ਤੇ ਅਸੀਂ ਲਖਨਊ ਰਹਿੰਦੇ ਹਾਂ, ਸੋ ਮਿਲਣ ਦੀ ਸੋਚੀ। ਮੈਂ ਆਪਣਾ ਨੌਜਵਾਨ ਬੇਟਾ ਗੁਆ ਲਿਆ ਹੈ। ਰਾਹੁਲ ਨੇ ਵੀ ਦਾਦੀ ਤੇ ਪਿਤਾ ਗੁਆਏ ਹਨ। ਉਹ ਦਰਦ ਨੂੰ ਸਮਝ ਸਕਦੇ ਹਨ।
ਮੰਜੂ ਸਿੰਘ ਨੇ ਕਿਹਾ ਕਿ ਰਾਹੁਲ ਨਾਲ ਬਹੁਤੀਆਂ ਗੱਲਾਂ ਫੌਜ ਤੇ ਅਗਨੀਵੀਰ ਸਕੀਮ ਬਾਰੇ ਹੋਈਆਂ। ਰਾਹੁਲ ਸਹੀ ਹਨ ਕਿ ਦੋ ਤਰ੍ਹਾਂ ਦੇ ਫੌਜੀ ਨਹੀਂ ਹੋ ਸਕਦੇ। ਸਰਕਾਰ ਨੂੰ ਉਨ੍ਹਾ ਦੀ ਗੱਲ ਸੁਣਨੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਪਹਿਲੀ ਜੁਲਾਈ ਨੂੰ ਲੋਕ ਸਭਾ ਵਿਚ ਮੋਦੀ ਸਰਕਾਰ ਦੀ ਚਾਰ ਸਾਲਾ ਅਗਨੀਵੀਰ ਸਕੀਮ ਨੂੰ ਵਰਤੋ ਤੇ ਸੁੱਟੋ ਵਰਗੀ ਦੱਸਿਆ ਸੀ। ਇਸ ’ਤੇ ਕਾਫੀ ਹੰਗਾਮਾ ਹੋਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਰਾਹੁਲ ਦੀ ਨਿੰਦਾ ਕੀਤੀ।

Related Articles

LEAVE A REPLY

Please enter your comment!
Please enter your name here

Latest Articles