ਨੰਗਲ (ਸੁਰਜੀਤ ਢੇਰ)
ਹਿਮਾਚਲ ਪ੍ਰਦੇਸ਼ ‘ਚ ਊਨਾ ਨੇੜੇ ਗੋਬਿੰਦ ਸਾਗਰ ਝੀਲ ‘ਚ ਸੋਮਵਾਰ ਨੂੰ 7 ਨੌਜਵਾਨ ਡੁੱਬ ਗਏ | ਸਾਰੇ ਨੌਜਵਾਨ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ | ਹਾਦਸੇ ਤੋਂ ਪਹਿਲਾਂ ਇੱਕ ਨੌਜਵਾਨ ਡੁੱਬਿਆ ਅਤੇ ਫਿਰ ਬਾਕੀ 6 ਉਸ ਨੂੰ ਬਚਾਉਣ ਲਈ ਪਾਣੀ ‘ਚ ਵੜ ਗਏ, ਪਰ ਉਹ ਵੀ ਬਾਹਰ ਨਹੀਂ ਆ ਸਕੇ | ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਗੋਤਾਖੋਰਾਂ ਨੇ ਸੱਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਸਨ |
ਜਾਣਕਾਰੀ ਮੁਤਾਬਕ ਮੁਹਾਲੀ ਤੋਂ 11 ਨੌਜਵਾਨ ਨੈਣਾਂ ਦੇਵੀ ਦੇ ਦਰਸ਼ਨ ਲਈ ਗਏ ਸਨ | ਦਰਸ਼ਨ ਕਰਨ ਤੋਂ ਬਾਅਦ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨ ਲਈ ਨਿਕਲੇ | ਸਾਰੇ ਦੁਪਹਿਰ ਸਾਢੇ 12 ਵਜੇ ਬਾਬਾ ਗਰੀਬ ਨਾਥ ਮੰਦਰ ਪਹੁੰਚੇ | ਦਰਸ਼ਨ ਤੋਂ ਬਾਅਦ ਗੋਬਿੰਦ ਸਾਗਰ ਝੀਲ ‘ਚ ਇੱਕ ਨੌਜਵਾਨ ਨਹਾਉਣ ਵੜ ਗਿਆ, ਜੋ ਡੂੰਘੇ ਪਾਣੀ ‘ਚ ਜਾਣ ‘ਤੇ ਡੁੱਬਣ ਲੱਗਾ | ਉਸ ਨੂੰ ਡੁੱਬਦੇ ਦੇਖ 6 ਬਾਕੀ ਨੌਜਵਾਨ ਉਸ ਨੂੰ ਬਚਾਉਣ ਲਈ ਝੀਲ ‘ਚ ਵੜ ਗਏ, ਪਰ ਬਰਸਾਤ ਕਾਰਨ ਪਾਣੀ ਜ਼ਿਆਦਾ ਹੋਣ ਕਾਰਨ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਸਾਰੇ ਪਾਣੀ ‘ਚ ਡੁੱਬ ਗਏ |
ਇਨ੍ਹਾਂ 7 ਲੜਕਿਆਂ ਨੂੰ ਡੁੱਬਦਾ ਦੇਖ ਕੋਈ ਪਾਣੀ ‘ਚ ਜਾਣ ਦੀ ਹਿੰਮਤ ਨਾ ਕਰ ਸਕਿਆ ਅਤੇ 4 ਬਾਕੀ ਸਾਥੀਆਂ ਨੇ ਰੌਲਾ ਪਾਇਆ | ਨੇੇੜਲੇ ਲੋਕ ਘਟਨਾ ਸਥਾਨ ‘ਤੇ ਇਕੱਠੇ ਹੋ ਗਏ | ਤੈਰਾਕਾਂ ਨੇ ਝੀਲ ‘ਚੋਂ ਡੁੱਬੇ ਨੌਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ | ਰਾਹਤ ਅਤੇ ਬਚਾਅ ਕਾਰਜ ਲਈ ਗੋਤਾਖੋਰ ਵੀ ਪਹੁੰਚੇ | ਇਸ ਦੌਰਾਨ ਮੰਗਲਵਾਰ ਸ਼ਾਮ 6 ਵਜੇ ਲਾਸ਼ਾਂ ਨੂੰ ਕੱਢਿਆ ਜਾ ਸਕਿਆ | ਉਹਨਾਂ ਦੇ ਸਾਥੀ ਨੌਜਵਾਨਾਂ ਨੇ ਦੱਸਿਆ ਕਿ ਡੁੱਬਣ ਵਾਲੇ 6 ਨੌਜਵਾਨ 16 ਤੋਂ 19 ਸਾਲ ਦੇ ਸਨ, ਜਦਕਿ ਇੱਕ 32 ਸਾਲ ਦਾ ਹੈ | ਇਹ ਸਾਰੇ ਮੁਹਾਲੀ ਜ਼ਿਲ੍ਹੇ ਦੇ ਨਾਲ ਲੱਗਦੇ ਕਸਬਾ ਬਨੂੜ ਦੇ ਹਨ | ਐੱਸ ਡੀ ਐੱਮ ਧੀਮਾਨ ਮੌਕੇ ‘ਤੇ ਪਹੁੰਚੇ | ਉਨ੍ਹਾ ਦੱਸਿਆ ਕਿ ਝੀਲ ‘ਚ ਡੁੱਬਣ ਵਾਲੇ ਨੌਜਵਾਨਾਂ ਨੂੰ ਕੱਢਣ ਲਈ ਬੀ ਬੀ ਐੱਮ ਬੀ ਨੰਗਲ ਤੋਂ ਗੋਤਾਖੋਰ ਬੁਲਾਏ ਗਏ ਸਨ | ਝੀਲ ‘ਚ ਡੁੱਬਣ ਵਾਲਿਆਂ ‘ਚ ਪਵਨ (32) ਪੁੱਤਰ ਸੁਰਜੀਤ ਰਾਮ, ਰਮਨ ਕੁਮਾਰ (19) ਪੁੱਤਰ ਲਾਲ ਚੰਦ, ਲਾਭ ਸਿੰਘ (17) ਪੁੱਤਰ ਲਾਲ ਚੰਦ, ਲਖਵੀਰ ਸਿੰਘ (16) ਪੱੁਤਰ ਰਮੇਸ਼ ਲਾਲ, ਅਰੁਣ ਕੁਮਾਰ (14) ਪੱੁਤਰ ਰਮੇਸ਼ ਕੁਮਾਰ, ਵਿਸ਼ਾਲ ਕੁਮਾਰ (18) ਪੁੱਤਰ ਰਾਜੂ ਤੇ ਸ਼ਿਵਾ (16) ਪੁੱਤਰ ਅਵਤਾਰ ਸਿੰਘ ਸ਼ਾਮਲ ਹਨ |