ਭਾਰਤ ਦੇ ਆਰਥਕ ਵਿਕਾਸ ਲਈ ਉਦਾਰ ਜਮਹੂਰੀਅਤ ਦੀ ਲੋੜ ਕਿਉਂ ਹੈ? ਇਸ ਵਿਸ਼ੇ ‘ਤੇ ਕਾਂਗਰਸ ਦੇ ਇਕ ਸੈੱਲ ‘ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ’ ਵੱਲੋਂ ਬੀਤੇ ਦਿਨੀਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਕਰਵਾਏ ਗਏ ਆਪਣੇ ਪੰਜਵੇਂ ਸੰਮੇਲਨ ਵਿਚ ਬੋਲਦਿਆਂ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਭਾਰਤ ਦਾ ਭਵਿੱਖ ਉਦਾਰ ਜਮਹੂਰੀਅਤ ਤੇ ਉਸ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿਚ ਹੈ, ਕਿਉਂਕਿ ਇਹ ਦੇਸ਼ ਦੇ ਆਰਥਕ ਵਿਕਾਸ ਲਈ ਜ਼ਰੂਰੀ ਹੈ | ਰਾਜਨ ਨੇ ਬਹੁਗਿਣਤੀਵਾਦ ਦੇ ਖਿਲਾਫ ਚਿਤਾਵਨੀ ਦਿੰਦਿਆਂ ਕਿਹਾ ਕਿ ਸ੍ਰੀਲੰਕਾ ਇਸ ਦੀ ਮਿਸਾਲ ਹੈ ਕਿ ਕੀ ਹੁੰਦਾ ਹੈ, ਜਦੋਂ ਕਿਸੇ ਦੇਸ਼ ਦੇ ਨੇਤਾ ਨੌਕਰੀ ਦੇ ਸੰਕਟ ਤੋਂ ਧਿਆਨ ਭਟਕਾਉਣ ਲਈ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ | ਘੱਟ ਗਿਣਤੀਆਂ ਨੂੰ ਦੋਇਮ ਦਰਜੇ ਦੇ ਨਾਗਰਿਕਾਂ ਵਿਚ ਤਬਦੀਲ ਕਰਨ ਦਾ ਕੋਈ ਵੀ ਜਤਨ ਦੇਸ਼ ਨੂੰ ਵੰਡੇਗਾ | ਰਾਜਨ ਨੇ ਕੁਝ ਵਰਗਾਂ ਵਿਚ ਪਾਈ ਜਾਂਦੀ ਇਸ ਭਾਵਨਾ ਨੂੰ ਗਲਤ ਦੱਸਿਆ ਕਿ ਜਮਹੂਰੀਅਤ ਭਾਰਤ ਦੀ ਪੂਰੀ ਤਰ੍ਹਾਂ ਤਰੱਕੀ ਨਹੀਂ ਹੋਣ ਦਿੰਦੀ, ਇਸ ਲਈ ਭਾਰਤ ਵਿਚ ਮਜ਼ਬੂਤ ਤੇ ਇੱਥੋਂ ਤੱਕ ਕਿ ਨਿਰੰਕੁਸ਼ ਲੀਡਰਸ਼ਿਪ ਵੀ ਚੱਲੇਗੀ | ਉਨ੍ਹਾ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਅਸੀਂ ਇਸ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ | ਅਜਿਹਾ ਤਰਕ ਪੂਰੀ ਤਰ੍ਹਾਂ ਗਲਤ ਹੈ | ਇਹ ਵਿਕਾਸ ਦੇ ਪੁਰਾਣੇ ਮਾਡਲ ‘ਤੇ ਅਧਾਰਤ ਹੈ, ਜਿਹੜਾ ਲੋਕਾਂ ਤੇ ਵਿਚਾਰਾਂ ‘ਤੇ ਜ਼ੋਰ ਨਾ ਦੇ ਕੇ ਚੀਜ਼ਾਂ ਤੇ ਪੂੰਜੀ ‘ਤੇ ਜ਼ੋਰ ਦਿੰਦਾ ਹੈ | ਇਸ ਵੇਲੇ ਆਰਥਕ ਵਿਕਾਸ ਦੇ ਮਾਮਲੇ ਵਿਚ ਦੇਸ਼ ਦਾ ਖਰਾਬ ਪ੍ਰਦਰਸ਼ਨ ਉਸ ਰਾਹ ਵੱਲ ਇਸ਼ਾਰਾ ਕਰਦਾ ਹੈ, ਜਿਸ ‘ਤੇ ਮੁੜ ਵਿਚਾਰ ਕਰਨ ਦੀ ਲੋੜ ਹੈ | ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਸਾਡਾ ਭਵਿੱਖ ਸਾਡੀ ਉਦਾਰ ਜਮਹੂਰੀਅਤ ਤੇ ਉਸ ਦੇ ਸੰਸਥਾਨਾਂ ਨੂੰ ਮਜ਼ਬੂਤ ਕਰਨ ਵਿਚ ਹੈ, ਨਾ ਕਿ ਉਨ੍ਹਾਂ ਨੂੰ ਕਮਜ਼ੋਰ ਕਰਨ ਵਿਚ ਅਤੇ ਇਹ ਅਸਲ ‘ਚ ਸਾਡੇ ਵਿਕਾਸ ਲਈ ਜ਼ਰੂਰੀ ਹੈ | ਰਾਜਨ ਮੁਤਾਬਕ ਬਹੁਗਿਣਤੀਵਾਦ ਨਾਲ ਜੁੜੀ ਨਿਰੰਕੁਸ਼ਤਾ ਨੂੰ ਹਰਾਉਣਾ ਜ਼ਰੂਰੀ ਹੈ, ਕਿਉਂਕਿ ਘੱਟ ਗਿਣਤੀਆਂ ਦੇ ਇਕ ਵੱਡੇ ਹਿੱਸੇ ਨੂੰ ਦੋਇਮ ਦਰਜੇ ਦਾ ਨਾਗਰਿਕ ਬਣਾਉਣ ਦਾ ਜਤਨ ਦੇਸ਼ ਨੂੰ ਵੰਡੇਗਾ ਤੇ ਅੰਦਰੂਨੀ ਬਦਅਮਨੀ ਪੈਦਾ ਕਰੇਗਾ | ਇਸ ਨਾਲ ਦੇਸ਼ ਵਿਚ ਵਿਦੇਸ਼ੀ ਦਖਲ ਦਾ ਵੀ ਖਤਰਾ ਪੈਦਾ ਹੋਵੇਗਾ | ਫਲਸਫਾਨਾ ਅੰਦਾਜ਼ ਵਿਚ ਰਾਜਨ ਨੇ ਕਿਹਾ ਕਿ ਉਦਾਰਵਾਦ ਇਕ ਸੰਪੂਰਨ ਧਰਮ ਨਹੀਂ ਹੈ ਅਤੇ ਹਰ ਪ੍ਰਮੁੱਖ ਧਰਮ ਦਾ ਸਾਰ ਇਹ ਹੈ ਕਿ ਉਹ ਹਰ ਕਿਸੇ ਵਿਚ ਇਹ ਲੱਭੇ ਕਿ ਉਸ ਵਿਚ ਕੀ ਅੱਛਾਈ ਹੈ, ਜੋ ਕਈ ਮਾਅਨਿਆਂ ਵਿਚ ਉਦਾਰ ਜਮਹੂਰੀਅਤ ਦਾ ਸਾਰ ਵੀ ਹੈ |
ਉੱਘੇ ਅਰਥ ਸ਼ਾਸਤਰੀ ਨੇ ਇਹ ਵੀ ਚੇਤੇ ਕਰਾਇਆ ਕਿ ਭਾਰਤ ਵਿਚ ਧੀਮੀ ਵਿਕਾਸ ਦਰ ਸਿਰਫ ਕੋਰੋਨਾ ਮਹਾਂਮਾਰੀ ਕਾਰਨ ਨਹੀਂ ਹੈ, ਸਗੋਂ ਅਰਥਵਿਵਸਥਾ ਵਿਚ ਸੁਸਤੀ ਪਹਿਲਾਂ ਤੋਂ ਹੀ ਸੀ | ਵਿਸ਼ਵ ਆਰਥਕ ਸੰਕਟ ਤੋਂ ਬਾਅਦ ਅਸੀਂ ਓਨਾ ਚੰਗਾ ਨਹੀਂ ਕਰ ਰਹੇ ਹਾਂ, ਜਿੰਨਾ ਕਰ ਸਕਦੇ ਸੀ | ਇਸ ਖਰਾਬ ਪ੍ਰਦਰਸ਼ਨ ਦਾ ਪ੍ਰਮੱੁਖ ਕਾਰਨ ਸਾਡੀ ਨੌਜਵਾਨਾਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਨ ਵਿਚ ਨਾਕਾਮੀ ਹੈ | ਕੇਂਦਰ ਦੀ ‘ਅਗਨੀਪੱਥ’ ਯੋਜਨਾ ਖਿਲਾਫ ਮੁਜ਼ਾਹਰਿਆਂ ਦਾ ਹਵਾਲਾ ਦਿੰਦਿਆਂ ਉਨ੍ਹਾ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦੀ ਕਿੰਨੀ ਤਾਂਘ ਹੈ | ਕੁਝ ਸਮਾਂ ਪਹਿਲਾਂ ਰੇਲਵੇ ਦੀਆਂ 35 ਹਜ਼ਾਰ ਨੌਕਰੀਆਂ ਲਈ ਸਵਾ ਕਰੋੜ ਅਰਜ਼ੀਆਂ ਵਿਸ਼ੇਸ਼ ਤੌਰ ‘ਤੇ ਚਿੰਤਾਜਨਕ ਹੈ | ਨੌਕਰੀਆਂ ਨਾ ਹੋਣ ਕਾਰਨ ਬਹੁਤ ਸਾਰੀਆਂ ਔਰਤਾਂ ਬਾਹਰ ਕੰਮ ਨਹੀਂ ਕਰ ਰਹੀਆਂ | ਭਾਰਤ ਦੀਆਂ ਔਰਤਾਂ ਦੀ ਕਿਰਤ ਸ਼ਕਤੀ ਵਿਚ ਭਾਈਵਾਲੀ 2019 ਵਿਚ 20.3 ਫੀਸਦੀ ਸੀ, ਜੋ ਕਿ ਜੀ-20 ਦੇਸ਼ਾਂ ਦੇ ਗਰੁੱਪ ਵਿਚ ਸਭ ਤੋਂ ਘੱਟ ਸੀ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਵਰਤਮਾਨ ਸਰਕਾਰ ਦੀ ‘ਵਿਕਾਸ ਦੀ ਦਿ੍ਸ਼ਟੀ’ ਦੀ ਚਰਚਾ ਕਰਦਿਆਂ ਉਨ੍ਹਾ ਕਿਹਾ ਕਿ ਇਹ ‘ਆਤਮ ਨਿਰਭਰ’ ਸ਼ਬਦ ਉਦਾਲੇ ਕੇਂਦਰਤ ਹੈ | ‘ਆਤਮ ਨਿਰਭਰ’ ਜੋ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਲੋਕਾਂ ਨੂੰ ਨਾਕਾਮ ਅਤੀਤ ਵੱਲ ਲਿਜਾ ਰਿਹਾ ਹੈ, ਜਿਥੇ ਕਿ ਧਿਆਨ ਭੌਤਿਕ ਪੂੰਜੀ ਵੱਲ ਸੀ ਨਾ ਕਿ ਮਨੁੱਖੀ ਪੂੰਜੀ ਵੱਲ, ਸੁਰੱਖਿਆ ਤੇ ਸਬਸਿਡੀ ਉੱਤੇ ਸੀ ਨਾ ਕਿ ਉਦਾਰੀਕਰਨ ਉੱਤੇ, ਸਭ ਤੋਂ ਕਾਬਲ ਨੂੰ ਸਫਲ ਹੋਣ ਦੇਣ ਦੀ ਥਾਂ ਪਸੰਦੀਦਾ ਲੋਕਾਂ ਨੂੰ ਅੱਗੇ ਵਧਣ ਲਈ ਚੁਣਨ ‘ਤੇ ਸੀ | ਰਾਜਨ ਨੇ ਇਕ ਹੋਰ ਵੱਡੀ ਗੱਲ ਇਹ ਕਹੀ ਕਿ ਕਈ ਬੱਚੇ ਦੋ ਸਾਲ ਤੋਂ ਸਕੂਲ ਨਹੀਂ ਜਾ ਰਹੇ | ਉਨ੍ਹਾਂ ਦੀ ਮਨੁੱਖੀ ਪੂੰਜੀ, ਜਿਹੜੀ ਆਉਣ ਵਾਲੇ ਸਾਲਾਂ ਵਿਚ ਸਾਡੀ ਸਭ ਤੋਂ ਅਹਿਮ ਸੰਪਤੀ ਹੈ, ਨੂੰ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ | ਸਿੱਖਿਆ ਦੇ ਖੇਤਰ ਵਿਚ ਲੋੜੀਂਦਾ ਖਰਚ ਨਾ ਕਰਕੇ ਅਸੀਂ ਉਨ੍ਹਾਂ ਨੂੰ ਫੇਲ੍ਹ ਕਰ ਰਹੇ ਹਾਂ |
ਰਾਜਨ ਨੇ ਸ੍ਰੀਲੰਕਾ ਦੀ ਗੱਲ ਕਰਦਿਆਂ ਇਹ ਵੀ ਕਿਹਾ ਕਿ ਉਥੇ ਜੋ ਹੋਇਆ ਤੇ ਪਾਕਿਸਤਾਨ ਵਿਚ ਜੋ ਹੋ ਰਿਹਾ ਹੈ, ਆਰਥਕ ਪਿੜ ਵਿਚ ਭਾਰਤ ਨੂੰ ਉਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਹੈ | ਇਸ ਨੂੰ ਬੁਚਦਿਆਂ ਭਾਜਪਾ ਦੇ ਬੁਲਾਰੇ ਸਈਅਦ ਜ਼ਫਰ ਇਸਲਾਮ ਨੇ ਇਹ ਦਾਅਵਾ ਕਰ ਦਿੱਤਾ ਕਿ ਸਰਕਾਰ ਦੇ ਅਲੋਚਕ (ਰਾਜਨ ਵਰਗੇ) ਵੀ ਮੰਨਦੇ ਹਨ ਕਿ ਮੋਦੀ ਅਰਥਚਾਰੇ ਨੂੰ ਵਧੀਆ ਹੈਾਡਲ ਕਰ ਰਹੇ ਹਨ | ਚੰਗਾ ਹੋਵੇਗਾ ਕਿ ਭਾਜਪਾ ਰਾਜਨ ਵੱਲੋਂ ਕਹੀ ਗਈ ਇਸ ਗੱਲ ‘ਤੇ ਵੀ ਧਿਆਨ ਦੇਵੇ ਕਿ ਘੱਟ ਗਿਣਤੀਆਂ ਨੂੰ ਦੋਇਮ ਦਰਜੇ ਦੇ ਨਾਗਰਿਕ ਬਣਾਉਣ ਦੀ ਸੋਚ ਤਬਾਹੀ ਵੱਲ ਲਿਜਾਏਗੀ |