ਬੇਰੁਜ਼ਗਾਰੀ ਵਿਰੁੱਧ ਰਣਨੀਤੀ ਬਣਾਉਣ ’ਤੇ ਜ਼ੋਰ

0
103

ਨਵੀਂ ਦਿੱਲੀ : ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਅਜੈ ਭਵਨ ਦਿੱਲੀ ਵਿਖੇ ਚੱਲ ਰਹੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤਿਲੰਗਾਨਾ, ਪੁਡੀਚੇਰੀ, ਆਸਾਮ, ਮਨੀਪੁਰ, ਓੜੀਸ਼ਾ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ ਦੇ ਮੈਂਬਰਾਂ ਨੇ ਖੁੱਲ੍ਹ ਕੇ ਵਿਚਾਰ ਰੱਖੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਿੱਤੇ।ਮਨੀਪੁਰ ਦੇ ਕੌਮੀ ਕੌਂਸਲ ਮੈਂਬਰ ਨੇ ਕਿਹਾ ਕਿ ਮੋਦੀ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਕੇ ਮਨੀਪੁਰ ਵਿੱਚ ਗੜਬੜ ਹੋਈ ਹੈ।ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਰਿਪੋਰਟ ਪਾਰਟੀ ਕਾਡਰ ਨੂੰ ਪਾਰਟੀ ਖੜੋਤ ’ਚੋਂ ਕੱਢਣ ਵਾਲੀ ਨਹੀਂ। ਚਾਹੀਦਾ ਇਹ ਸੀ ਕਿ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਠੀਕ ਨਹੀਂ ਰਹੀ, ਇਸ ਰਿਪੋਰਟ ਵਿੱਚ ਉਸ ਬਾਰੇ ਦੱਸਿਆ ਜਾਂਦਾ ਕਿ ਕਿਥੇ-ਕਿਥੇ ਕਮਜ਼ੋਰੀਆਂ ਰਹੀਆਂ ਅਤੇ ਉਹ ਇਸ ਪ੍ਰੋਗਰਾਮ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ।ਉਹ ਪ੍ਰੋਗਰਾਮ ਰਿਪੋਰਟ ਵਿੱਚ ਨਹੀਂ ਹੈ।ਕਾਮਰੇਡ ਜਗਰੂਪ ਨੇ ਕਿਹਾ ਕਿ ਸੀ ਪੀ ਆਈ ਹੀ ਅਸਲੀ ਸਿਆਸੀ ਪਾਰਟੀ ਹੈ ਤੇ ਪਾਰਟੀ ਲੀਡਰਸ਼ਿਪ ਨੂੰ ਮਾਰਕਸੀ ਵਿਚਾਰਧਾਰਕ ਪਹੁੰਚ ਨਾਲ ਪ੍ਰੋਗਰਾਮ ਬਣਾਉਣਾ ਹੋਵੇਗਾ।ਜੇ ਸਾਡੀ ਵਿਚਾਰਧਾਰਕ ਪਹੁੰਚ ਠੀਕ ਨਹੀਂ ਹੋਵੇਗੀ ਤਾਂ ਪਾਰਟੀ ਕਾਡਰ ਨੂੰ ਨਤੀਜੇ ਦੇਣ ਵਾਲਾ ਪ੍ਰੋਗਰਾਮ ਵੀ ਨਹੀਂ ਦਿੱਤਾ ਜਾ ਸਕਦਾ।ਨਤੀਜੇ ਦੇਣ ਵਾਲਾ ਪ੍ਰੋਗਰਾਮ ਹੀ ਸੀ ਪੀ ਆਈ ਨੂੰ ਲੋਕਾਂ ਦੀ ਪਾਰਟੀ ਬਣਾਵੇਗਾ।ਜਿਵੇਂ ਇਸ ਵਕਤ ਦੇਸ਼ ਵਿੱਚ ਅਹਿਮ ਮੁੱਦਾ ਬੇਰੁਜ਼ਗਾਰੀ ਦਾ ਹੈ।ਹੁਣ ਪ੍ਰੋਗਰਾਮ ਸਾਡਾ ਅਜਿਹਾ ਹੋਵੇ, ਜਿਹੜਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲਾ ਹੋਵੇ। ਜੇ ਅਜਿਹਾ ਪ੍ਰੋਗਰਾਮ ਲੈ ਕੇ ਲੋਕਾਂ ਵਿੱਚ ਜਾਵਾਂਗੇ ਤਾਂ ਦੇਸ਼ ਦੀ ਜਵਾਨੀ ਪਾਰਟੀ ਨਾਲ ਜੁੜੇਗੀ।ਜਵਾਨੀ ਨਾਲ ਜੁੜਣ ਨਾਲ ਪਾਰਟੀ ਤਕੜੀ ਹੋਵੇਗੀ। ਉਕਤ ਤੋਂ ਇਲਾਵਾ ਮੀਟਿੰਗ ਵਿੱਚ ਹੋਰ ਵੀ ਕੌਮੀ ਕੌਂਸਲ ਮੈਂਬਰਾਂ ਨੇ ਜ਼ੋਰ ਦਿੱਤਾ ਕਿ ਸਾਨੂੰ ਵਿਦਿਆਰਥੀਆਂ ਦੀ ਜਥੇਬੰਦੀ ਏ ਆਈ ਐੱਸ ਐੱਫ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਇਸ ਜਥੇਬੰਦੀ ’ਚੋਂ ਹੀ ਵਿਦਿਆਰਥੀ ਸਾਡੀ ਪਾਰਟੀ ਨਾਲ ਜੁੜਨਗੇ ਤੇ ਉਹ ਹੀ ਅੱਗੇ ਜਾ ਕੇ ਪਾਰਟੀ ਦੇ ਆਗੂ ਬਣਨਗੇ।
ਮੀਟਿੰਗ ਵਿੱਚ ਡਾਕਟਰਾਂ ਦੀ ਜਥੇਬੰਦੀ ਦੇ ਕੌਮਾਂਤਰੀ ਆਗੂ ਡਾਕਟਰ ਅਰੁਣ ਮਿੱਤਰਾ ਨੇ ਹੈੱਲਥ ਦੀ ਸੁਰੱਖਿਆ ਬਾਰੇ ਮਤਾ ਪੇਸ਼ ਕੀਤਾ, ਜਿਸ ਵਿੱਚ ਜ਼ੋਰ ਦਿੱਤਾ ਗਿਆ ਕਿ ਆਮ ਬਜਟ ਵਿੱਚ ਸਿਹਤ ਸੁਰੱਖਿਆ ਲਈ ਵਧੇਰੇ ਪੈਸਾ ਰੱਖਿਆ ਜਾਵੇ। ਮੀਟਿੰਗ ਵਿੱਚ ਨਿਰਮਲ ਸਿੰਘ ਧਾਲੀਵਾਲ, ਅਮਰਜੀਤ ਸਿੰਘ ਆਸਲ, ਨਰਿੰਦਰ ਕੌਰ ਸੋਹਲ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here