ਨਵੀਂ ਦਿੱਲੀ : ਜ਼ੋਮੈਟੋ ਤੇ ਸਵੀਗੀ ਨੇ ਪ੍ਰਤੀ ਆਰਡਰ ਪਲੇਟਫਾਰਮ ਫੀਸ ਵੀਹ ਫੀਸਦੀ ਵਧਾ ਦਿੱਤੀ ਹੈ। ਹੁਣ ਪ੍ਰਤੀ ਆਰਡਰ ’ਤੇ ਪੰਜ ਰੁਪਏ ਦੀ ਥਾਂ ਛੇ ਰੁਪਏ ਦੇਣੇ ਪੈਣਗੇ। ਇਸ ਨਾਲ ਫੂਡ ਡਲਿਵਰੀ ਕਰਨ ਵਾਲੇ ਜ਼ੋਮੈਟੋ ਤੇ ਸਵੀਗੀ ਪ੍ਰਤੀ ਦਿਨ ਸਵਾ ਤੋਂ ਡੇਢ ਕਰੋੜ ਰੁਪਏ ਜੁਟਾਉਣਗੇ। ਦਿੱਲੀ ਤੇ ਬੇਂਗਲੁਰੂ ਵਿਚ ਪਲੇਟਫਾਰਮ ਫੀਸ ਬਾਕੀ ਟੈਕਸਾਂ ਨਾਲੋਂ ਵੱਖ ਹੈ। ਜ਼ੋਮੈਟੋ ਨੇ ਇਸ ਸਾਲ ਅਪਰੈਲ ਵਿਚ ਪਲੇਟਫਾਰਮ ਫੀਸ ਵਿਚ 25 ਫੀਸਦੀ ਵਾਧਾ ਕੀਤਾ ਸੀ। ਪਲੇਟਫਾਰਮ ਫੀਸ ਪਿਛਲੇ ਸਾਲ ਤੋਂ ਹੀ ਸ਼ੁਰੂ ਕੀਤੀ ਗਈ ਸੀ।
ਮਿਸਰੀ ਨੇ ਅਹੁਦਾ ਸੰਭਾਲਿਆ
ਨਵੀਂ ਦਿੱਲੀ : ਤਜਰਬੇਕਾਰ ਡਿਪਲੋਮੈਟ ਵਿਕਰਮ ਮਿਸਰੀ ਨੇ ਸੋਮਵਾਰ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾ ਨੂੰ ਚੀਨ ਦੇ ਮਾਮਲਿਆਂ ਦੇ ਮਾਹਰ ਮੰਨਿਆ ਜਾਂਦਾ ਹੈ। 1989 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਨੇ ਵਿਨੈ ਕਵਾਤੜਾ ਦੀ ਥਾਂ ਲਈ ਹੈ। ਮਿਸਰੀ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ ਹੈ, ਜਦੋਂ ਭਾਰਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਸਿਸੋਦੀਆ ਨੂੰ ਰਾਹਤ ਨਹੀਂ
ਨਵੀਂ ਦਿੱਲੀ : ਸਥਾਨਕ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਨਾਲ ਸੰਬੰਧਤ ਸੀ ਬੀ ਆਈ ਕੇਸ ਵਿਚ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ ਦਿੱਤੀ। ਅਦਾਲਤ ਨੇ ਇਸ ਮਾਮਲੇ ’ਤੇ ਸੁਣਵਾਈ 22 ਜੁਲਾਈ ਤੱਕ ਟਾਲ ਦਿੱਤੀ ਹੈ। ਉਸ ਵੇਲੇ ਤੱਕ ਸਿਸੋਦੀਆ ਨੂੰ ਨਿਆਂਇਕ ਹਿਰਾਸਤ ਵਿਚ ਹੀ ਰੱਖਿਆ ਜਾਵੇਗਾ।
ਟਰੂਡੋ ਮਿਲੇ ਦਿਲਜੀਤ ਦੁਸਾਂਝ ਨੂੰ
ਜਲੰਧਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਨਟਾਰੀਓ ਦੇ ਸਟੇਡੀਅਮ ਰੋਜਰਸ ਸੈਂਟਰ ’ਚ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵੀਡੀਓ ਸਾਂਝੀ ਕਰਦਿਆਂ ਦਿਲਜੀਤ ਨੇ ਲਿਖਿਆਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਹੈ।
ਓਲੀ ਨੇ ਸਹੁੰ ਚੁੱਕੀ
ਕਠਮੰਡੂ : ਕੇ ਪੀ ਸਰਮਾ ਓਲੀ ਨੇ ਸੋਮਵਾਰ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਨੇਪਾਲ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਦੇ ਆਗੂ ਓਲੀ (72) ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਥਾਂ ਲੈਣਗੇ, ਜੋ ਸ਼ੁੱਕਰਵਾਰ ਨੂੰ ਪ੍ਰਤੀਨਿਧ ਸਦਨ ਵਿਚ ਭਰੋਸੇ ਦਾ ਵੋਟ ਗੁਆ ਬੈਠੇ ਸਨ। ਓਲੀ ਸੰਸਦ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ ਹਨ।
ਸੰਸਦ ’ਚ ਦਾਖਲ ਹੋਣ ਦੇ ਮਾਮਲੇ ’ਚ ਸਪਲੀਮੈਂਟਰੀ ਚਾਰਜਸ਼ੀਟ
ਨਵੀਂ ਦਿੱਲੀ : ਸੰਸਦ ਵਿਚ ਨਾਜਾਇਜ਼ ਢੰਗ ਨਾਲ ਦਾਖਲ ਹੋ ਕੇ ਹੰਗਾਮਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲਸ ਨੇ ਸੋਮਵਾਰ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੌਰ ਸਾਹਮਣੇ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ। ਸੰਸਦ ਵਿਚ ਗਲਤ ਢੰਗ ਨਾਲ ਦਾਖਲ ਹੋਣ ਤੇ ਧੂੰਏਂ ਦੇ ਗੋਲੇ ਸੁੁੱਟਣ ਦੇ ਦੋਸ਼ ਹੇਠ ਸਾਰੇ ਛੇ ਮੁਲਜ਼ਮਾਂ ਖਿਲਾਫ਼ ਯੂ ਏ ਪੀ ਏ ਤਹਿਤ ਕੇਸ ਚੱਲੇਗਾ। ਅਦਾਲਤ ਨੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾਉਂਦਿਆਂ ਅਗਲੀ ਸੁਣਵਾਈ 2 ਅਗਸਤ ’ਤੇ ਪਾ ਦਿੱਤੀ ਹੈ। 13 ਦਸੰਬਰ 2023 ਨੂੰ ਉਕਤ ਛੇ ਜਣਿਆਂ ਨੇ ਸੰਸਦ ਦੀ ਕਾਰਵਾਈ ਵਿਚ ਵਿਘਨ ਪਾਇਆ ਸੀ।
ਇਮਰਾਨ ਦੀ ਪਾਰਟੀ ’ਤੇ ਪਾਬੰਦੀ ਲਾਉਣ ਦੀ ਯੋਜਨਾ
ਇਸਲਾਮਾਬਾਦ : ਜੇਲ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਸੋਮਵਾਰ ਕਿਹਾ ਕਿ ਸਰਕਾਰ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ’ਤੇ ਪਾਬੰਦੀ ਲਗਾਏਗੀ। ਇਮਰਾਨ ਖਾਨ ਨੇ 1996 ’ਚ ਪਾਰਟੀ ਦੀ ਸਥਾਪਨਾ ਕੀਤੀ ਸੀ। ਉਹ 2018 ਤੋਂ 2022 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ। ਇਸ ਤੋਂ ਬਾਅਦ ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ ਤੇ ਹੋਰ ਕਈ ਮਾਮਲਿਆਂ ’ਚ ਗਿ੍ਰਫਤਾਰ ਕਰ ਲਿਆ ਗਿਆ। ਉਹ ਜੇਲ੍ਹ ਵਿਚ ਹਨ।


