ਅੰਮਿ੍ਰਤਸਰ : ਸਰਹੱਦ ਪਾਰੋਂ ਤਸਕਰੀ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਸ ਨੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਪਾਕਿ ਹਮਾਇਤ ਪ੍ਰਾਪਤ ਨਸ਼ਾ ਤਸਕਰੀ ਰੈਕਟ ਦਾ ਪਰਦਾ ਫਾਸ਼ ਕੀਤਾ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਬੁੱਧਵਾਰ ਦੱਸਿਆ ਕਿ ੳਕਤ ਮੁਲਜ਼ਮਾਂ ਦੇ ਕਬਜ਼ੇ ’ਚੋਂ 7 ਕਿਲੋ ਹੈਰੋਇਨ ਅਤੇ ਪੰਜ ਪਿਸਤੌਲ ਚਾਰ 9 ਐੱਮ ਐੱਮ ਗਲੌਕ ਅਤੇ ਇੱਕ .32 ਬੋਰ ਬਰਾਮਦ ਕੀਤੇ ਗਏ ਹਨ।
ਉਹਨਾ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਮੁਖ ਸਿੰਘ ਵਾਸੀ ਭੂਰਾ ਕੋਨਾ (ਤਰਨ ਤਾਰਨ ) ਅਤੇ ਜਗਵੰਤ ਸਿੰਘ ਵਾਸੀ ਮਹਿਦੀਪੁਰ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਹੈਰੋਇਨ ਅਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਕੋਲੋਂ 5 ਜ਼ਿੰਦਾ ਕਾਰਤੂਸ ਅਤੇ ਪੰਜ ਮੈਗਜ਼ੀਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਸਵਿਫਟ ਡਿਜ਼ਾਇਰ ਕਾਰ (ਪੀ ਬੀ 38 ਡੀ 1759) ਨੂੰ ਵੀ ਜ਼ਬਤ ਕੀਤਾ ਗਿਆ।
ਯਾਦਵ ਨੇ ਦੱਸਿਆ ਕਿ ਪੁਲਸ ਨੂੰ ਖੁਫ਼ੀਆ ਇਤਲਾਹ ਮਿਲੀ ਸੀ ਕਿ ਉਕਤ ਮੁਲਜ਼ਮ ਕਾਰ ’ਤੇ ਸਵਾਰ ਹੋ ਕੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਹਨ, ਇਸ ’ਤੇ ਕਾਰਵਾਈ ਕਰਦੇ ਹੋਏ ਅੰਮਿ੍ਰਤਸਰ ਦਿਹਾਤੀ ਦੀ ਪੁਲਸ ਟੀਮ ਨੇ ਘਰਿੰਡਾ ਦੇ ਖੇਤਰ ਪਿੰਡ ਮੁਹਾਵਾ ਦੇ ਨੇੜੇ ਵਿਸ਼ੇਸ਼ ਨਾਕਾ ਲਾ ਕੇ ਦੋਸ਼ੀਆਂ ਨੂੰ 5 ਪਿਸਤੌਲ ਅਤੇ ਗੋਲੀ-ਸਿੱਕੇ ਸਮੇਤ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵਲੋਂ ਹਥਿਆਰਾਂ ਦੇ ਨਾਲ-ਨਾਲ ਹੈਰੋਇਨ ਵੀ ਪ੍ਰਾਪਤ ਕੀਤੀ ਗਈ ਸੀ, ਜੋ ਕਿ ਉਨ੍ਹਾਂ ਆਪਣੇ ਘਰ ਦੇ ਨੇੜੇ ਛੁਪਾ ਕੇ ਰੱਖੀ ਹੋਈ ਹੈ। ਉਨ੍ਹਾਂ ਦੇ ਖੁਲਾਸੇ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਮੁਲਜ਼ਮਾਂ ਦੁਆਰਾ ਦੱਸੇ ਗਏ ਟਿਕਾਣੇ ’ਤੇ ਛਾਪੇਮਾਰੀ ਕੀਤੀ ਅਤੇ 7 ਕਿਲੋ ਹੈਰੋਇਨ ਬਰਾਮਦ ਕਰ ਲਈ। ਦੋਵੇਂ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕਰਕੇ ਸੂਬੇ ਭਰ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਪਲਾਈ ਕਰ ਰਹੇ ਸਨ।
ਐੱਸ ਐੱਸ ਪੀ ਅੰਮਿ੍ਰਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸੰਬੰਧ ਸਥਾਪਤ ਕਰਨ ਅਤੇ ਪਾਕਿਸਤਾਨ ਅਧਾਰਤ ਤਸਕਰ ਅਤੇ ਜਿਨ੍ਹਾਂ ਨੂੰ ਗਿ੍ਰਫਤਾਰ ਕੀਤੇ ਇਨ੍ਹਾਂ ਵਿਅਕਤੀਆਂ ਨੇ ਹਥਿਆਰਾਂ ਦੀ ਇਹ ਖੇਪ ਪਹੁੰਚਾਉਣੀ ਸੀ, ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਉਨ੍ਹਾ ਕਿਹਾ ਕਿ ਪੁਲਸ ਟੀਮਾਂ ਵੱਲੋਂ ਐਨ ਡੀ ਪੀ ਐੱਸ ਐਕਟ ਦੀ ਧਾਰਾ 68 ਐੱਫ ਤਹਿਤ ਗਿ੍ਰਫਤਾਰ ਕੀਤੇ ਗਏ ਤਸਕਰਾਂ ਦੀ ਗੈਰ-ਕਾਨੂੰਨੀ ਢੰਗ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਕਰਨ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।





