ਬੰਗਲਾਦੇਸ਼ ’ਚ ਵਿਦਿਆਰਥੀ ਅੰਦੋਲਨ ਖਿਲਾਫ ਫੌਜ ਤਾਇਨਾਤ

0
124

ਢਾਕਾ : ਇੱਥੇ ਵਿਦਿਆਰਥੀਆਂ ਨੇ ਸਰਕਾਰੀ ਨੌਕਰੀਆਂ ’ਚ ਰਾਖਵੇਂਕਰਨ ਦੇ ਕੋਟੇ ਨੂੰ ਖਤਮ ਕਰਵਾਉਣ ਲਈ ਵੀਰਵਾਰ ਵੀ ਪ੍ਰਦਰਸ਼ਨ ਕੀਤਾ। ਪੁਲਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਛੱਡੀ। ਇਸੇ ਦੌਰਾਨ ਕੁਝ ਖੇਤਰਾਂ ਵਿਚ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਠੱਪ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਹਿੰਸਕ ਝੜਪਾਂ ਵਧਣ ਤੇ 7 ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਕੀਤੀ ਗਈ ਹੈ। ਵਿਦਿਆਰਥੀਆਂ ਵੱਲੋਂ 30 ਫੀਸਦੀ ਰਾਖਵੇਂਕਰਨ ਦੇ ਕੋਟੇ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਹਾਲਾਂਕਿ ਵਿਦਿਆਰਥੀਆਂ ਦੇ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ ਦੱਸਿਆ ਗਿਆ ਹੈ। ਪੁਲਸ ਨੇ ਪੱਥਰ ਸੁੱਟਣ ਵਾਲੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਵਿਦਿਆਰਥੀਆਂ ਨੇ ਦੱਖਣੀ ਚਟਗਾਓਂ ’ਚ ਇੱਕ ਪ੍ਰਮੁੱਖ ਹਾਈਵੇ ਨੂੰ ਬੰਦ ਕਰ ਦਿੱਤਾ। ਸੂਚਨਾ, ਤਕਨਾਲੋਜੀ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਫਵਾਹਾਂ ਕਾਰਨ ਮੋਬਾਇਲ ਇੰਟਰਨੈੱਟ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਹੈ। ਸਥਿਤੀ ਆਮ ਵਾਂਗ ਹੋਣ ’ਤੇ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ।
ਇਸੇ ਦੌਰਾਨ ਦੇਸ਼-ਭਰ ਵਿਚ ਬਾਰਡਰ ਗਾਰਡ ਬੰਗਲਾਦੇਸ਼ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਕਾਨੂੰਨ ਮੰਤਰੀ ਅਨੀਸੁਲ ਹੱਕ ਤੇ ਸਿੱਖਿਆ ਮੰਤਰੀ ਮੋਹੀਬੁਲ ਹਸਨ ਚੌਧਰੀ ਦੀ ਡਿਊਟੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਲਾਈ ਗਈ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨੇ ਕਾਨੂੰਨ ਮੰਤਰੀ ਨੂੰ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਵਿਚ ਮਾਮਲੇ ਦਾ ਛੇਤੀ ਨਿਬੇੜਾ ਕਰਾਉਣ ਦੇ ਜਤਨ ਕਰਨ। ਛੇਤੀ ਸੁਣਵਾਈ ਲਈ ਅਟਾਰਨੀ ਜਨਰਲ ਐਤਵਾਰ ਸੁਪਰੀਮ ਕੋਰਟ ਵਿਚ ਅਪੀਲ ਦਾਖਲ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਹੈ ਕਿ ਹੁਕਮਰਾਨ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਬੰਗਲਾਦੇਸ਼ ਛਾਤਰ ਲੀਗ ਦੇ ਮੈਂਬਰ ਉਨ੍ਹਾਂ ਨਾਲ ਟਕਰਾਅ ਰਹੇ ਹਨ।
ਇਸ ਵੇਲੇ ਸਰਕਾਰੀ ਨੌਕਰੀਆਂ ਵਿਚ 56 ਫੀਸਦੀ ਰਾਖਵਾਂਕਰਨ ਹੈ। ਇਨ੍ਹਾਂ ਵਿੱਚੋਂ 30 ਫੀਸਦੀ 1971 ਦੀ ਆਜ਼ਾਦੀ ਦੀ ਜੰਗ ਦੇ ਘੁਲਾਟੀਆਂ ਦੇ ਵਾਰਸਾਂ, 10 ਫੀਸਦੀ ਪੱਛੜੇ ਜ਼ਿਲ੍ਹਿਆਂ, 10 ਫੀਸਦੀ ਮਹਿਲਾਵਾਂ, ਪੰਜ ਫੀਸਦੀ ਨਸਲੀ ਘੱਟ ਗਿਣਤੀਆਂ ਤੇ ਇਕ ਫੀਸਦੀ ਦਿਵਿਆਂਗਾਂ ਲਈ ਰਾਖਵਾਂਕਰਨ ਹੈ। ਹਰ ਸਾਲ ਕਰੀਬ ਚਾਰ ਲੱਖ ਗ੍ਰੈਜੂਏਟ ਪਾਸ ਹੁੰਦੇ ਹਨ ਤੇ ਨੌਕਰੀਆਂ ਕਰੀਬ ਤਿੰਨ ਹਜ਼ਾਰ ਨਿਕਲਦੀਆਂ ਹਨ। ਅੰਦਲੋਨਕਾਰੀਆਂ ਦਾ ਕਹਿਣਾ ਹੈ ਕਿ ਰਾਖਵਾਂਕਰਨ ਕਰਕੇ ਦਰਜਾ ਅੱਵਲ ਤੇ ਦੋਇਮ ਨੌਕਰੀਆਂ ਤੋਂ ਉਹ ਵਿਰਵੇ ਰਹਿ ਰਹੇ ਹਨ। ਹਾਈ ਕੋਰਟ ਨੇ 5 ਜੂਨ ਨੂੰ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਖਤਮ ਕਰਨ ਵਾਲੇ 2018 ਦੇ ਸਰਕਾਰੀ ਸਰਕੂਲਰ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ 10 ਜੁਲਾਈ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ’ਤੇ ਸਟੇਅ ਦਾ ਹੁਕਮ ਜਾਰੀ ਕੀਤਾ ਸੀ। ਇਸ ਮਗਰੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ ਜੀ ਸੀ) ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਅਗਲੇ ਨੋਟਿਸ ਤੱਕ ਕਲਾਸਾਂ ਮੁਲਤਵੀ ਕਰਨ ਅਤੇ ਹੋਸਟਲ ਖਾਲੀ ਕਰਨ ਲਈ ਕਿਹਾ ਸੀ।
ਢਾਕਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਤਣਾਅਪੂਰਨ ਹਾਲਾਤ ਕਾਰਨ ਬੰਗਲਾਦੇਸ਼ ਵਿਚ ਰਹਿ ਰਹੇ ਭਾਰਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਭਾਰਤੀ ਭਾਈਚਾਰੇ ਦੇ ਮੈਂਬਰਾਂ ਤੇ ਬੰਗਲਾਦੇਸ਼ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਾਲਾਤ ਆਮ ਵਾਂਗ ਹੋਣ ’ਤੇ ਹੀ ਯਾਤਰਾ ਕਰਨ ਅਤੇ ਲੋੜ ਪੈਣ ’ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ।

LEAVE A REPLY

Please enter your comment!
Please enter your name here