ਮੁੰਬਈ : ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨਾਲ ਧੋਖਾ ਹੋਣ ਦੀ ਗੱਲ ਕਹਿਣ ਤੋਂ ਬਾਅਦ ਮੰਡੀ ਤੋਂ ਭਾਜਪਾ ਸਾਂਸਦ ਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਹੱਕ ਵਿਚ ਭੁਗਤਦਿਆਂ ਕਿਹਾ ਹੈ ਕਿ ਜੇ ਸਿਆਸਤਦਾਨ ਸਿਆਸਤ ਨਹੀਂ ਕਰੇਗਾ ਤਾਂ ਕੀ ਗੋਲਗੱਪੇ ਵੇਚੇਗਾ? ਉਸ ਨੇ ਕਿਹਾ ਕਿ ਗੱਠਜੋੜ, ਸੰਧੀਆਂ ਤੇ ਪਾਰਟੀਆਂ ਵਿਚ ਦੁਫੇੜ ਸਿਆਸਤ ਵਿਚ ਆਮ ਤੇ ਸੰਵਿਧਾਨਕ ਵਰਤਾਰਾ ਹੈ।
ਜਿਓਤਿਰ ਮੱਠ ਦੇ ਸ਼ੰਕਰਾਚਾਰੀਆ ਨੇ ਐਤਵਾਰ ਠਾਕਰੇ ਨਾਲ ਮੁਲਾਕਾਤ ਦੌਰਾਨ ਕਿਹਾ ਸੀਅਸੀਂ ਸਨਾਤਨ ਧਰਮ ਦੇ ਪੈਰੋਕਾਰ ਹਾਂ। ਪਾਪ ਤੇ ਪੁੰਨ ਨੂੰ ਸਮਝਦੇ ਹਾਂ। ਵਿਸ਼ਵਾਸਘਾਤ ਸਭ ਤੋਂ ਵੱਡਾ ਪਾਪ ਹੈ ਤੇ ਊਧਵ ਠਾਕਰੇ ਨਾਲ ਇਹੀ ਹੋਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਸੀ ਕਿ ਸ਼ਿਵ ਸੈਨਾ ਦੇ ਸੀਨੀਅਰ ਆਗੂ ਏਕਨਾਥ ਸ਼ਿੰਦੇ ਵੱਲੋਂ ਪਾਰਟੀ ਦੋਫਾੜ ਕਰਨ ਕਰਕੇ ਠਾਕਰੇ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਕੰਗਣਾ ਨੇ ਕਿਹਾ ਹੈ ਕਿ ਕਾਂਗਰਸ 1907 ਤੇ 1971 ਵਿਚ ਵੰਡੀ ਗਈ ਸੀ। ਇਹ ਸਿਆਸਤ ਵਿਚ ਚਲਦਾ ਹੈ। ਉਸ ਨੇ ਕਿਹਾ ਕਿ ਸ਼ੰਕਰਾਚਾਰੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਰਾਜਾ ਪਰਜਾ ਦੀ ਲੁੱਟ-ਚੋਂਘ ਕਰਦਾ ਹੈ ਤਾਂ ਪਰਜਾ ਦੀ ਬਗਾਵਤ ਹੀ ਧਰਮ ਹੁੰਦੀ ਹੈ।





