ਪਟਿਆਲਾ : ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਪਲੇਟਫਾਰਮ ਵਿਚ ਸ਼ਾਮਲ ਕਰਵਾਉਣ ਲਈ ਭਾਸ਼ਾ ਵਿਭਾਗ ਨੇ ਪੁਸਤਕਾਂ ਨੂੰ ਡਿਜੀਟਲ ਰੂਪ ਦੇ ਕੇ ‘ਈ ਲੈਬ’ ਤਿਆਰ ਕਰਨ ਦਾ ਫੈਸਲਾ ਕੀਤਾ ਹੈ | ਪੁਸਤਕਾਂ ਨੂੰ ਯੂਨੀਕੋਡ ਵਿਚ ਤਿਆਰ ਕਰਨ ਦੇ ਨਾਲ ਈ ਪਬਲੀਕੇਸ਼ਨ ਕੀਤੀ ਜਾਵੇਗੀ | ਇਸੇ ਤਰ੍ਹਾਂ ਵਿਭਾਗ ਤੋਂ ਬਾਅਦ ਸਾਹਿਤਕ ਅਕਾਦਮੀਆਂ ਤੇ ਪੰਜਾਬੀ ਯੂਨੀਵਰਸਿਟੀ ਦੀਆਂ ਪੁਸਤਕਾਂ ਨੂੰ ਵੀ ਡਿਜੀਟਲ ਰੂਪ ਦਿੱਤਾ ਜਾਵੇਗਾ, ਜੋਕਿ ਭਵਿੱਖ ਵਿਚ ਏ ਆਈ ਦੇ ਕੰਮ ਵੀ ਆਵੇਗਾ |
ਡਾਇਰੈਕਟਰ, ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਮੁੱਖ ਦਫਤਰ ਵਿਖੇ ਨਵੀਨਤਮ ਗੂਗਲ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ‘ਤੇ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਲਈ ਮੀਟਿੰਗ ਕੀਤੀ ਗਈ, ਜਿਸ ਵਿਚ ਇਸ ਅਹਿਮ ਪ੍ਰੋਜੈਕਟ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਪੰਜਾਬੀ ਯੂਨੀਵਰਸਿਟੀ ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋ. ਗੁਰਪ੍ਰੀਤ ਸਿੰਘ ਜੋਸਨ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੋਂ ਡਾ. ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਸਿਸਟਮ ਐਡਮਿਨਸਟ੍ਰੇਟਰ ਤੇਜਿੰਦਰ ਸਿੰਘ ਸੈਣੀ, ਪੰਜਾਬੀ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ, ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ, ਆਈ ਟੀ ਸੈੱਲ ਡੀ ਜੀ ਆਰ ਰੌਬਿਨ ਸਿੰਘ ਨੇ ਵਿਚਾਰ ਸਾਂਝੇ ਕੀਤੇ | ਇਸ ਕਾਰਜ ਲਈ ਮੀਟਿੰਗ ਵਿਚ ਪੂਰੀ ਯੋਜਨਾ ਤਿਆਰ ਕੀਤੀ ਗਈ ਤਾਂ ਜੋ ਕਾਰਜ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ | ਮੀਟਿੰਗ ਵਿਚ ਸਹਾਇਕ ਡਾਇਰੈਕਟਰ ਆਲੋਕ ਚਾਵਲਾ, ਜ਼ਿਲ੍ਹਾ ਭਾਸ਼ਾ ਅਫਸਰ ਮੁਹਾਲੀ ਦਰਸ਼ਨ ਕੌਰ, ਖੋਜ ਅਫਸਰ ਸਤਪਾਲ ਸਿੰਘ ਚਹਿਲ ਅਤੇ ਖੋਜ ਸਹਾਇਕ ਮਹੇਸ਼ ਖੋਸਲਾ ਵੀ ਮੌਜੂਦ ਰਹੇ |
ਪੁਸਤਕਾਂ ਨੂੰ ਡਿਜੀਟਲ ਰੂਪ ਦੇਣ ਲਈ ਪਹਿਲੇ ਪੜਾਅ ਤਹਿਤ ਇਕ ਟੀਮ ਵੱਲੋਂ ਸਮੱਗਰੀ ਇਕੱਤਰ ਕੀਤੀ ਜਾਵੇਗੀ | ਮਾਹਰਾਂ ਦੀ ਟੀਮ ਵੱਲੋਂ ਇਸ ਸਮੱਗਰੀ ਦੀ ਪਰੂਫ ਰੀਡਿੰਗ ਕੀਤੀ ਜਾਵੇਗੀ | ਅਖੀਰ ਵਿਚ ਸਮੱਗਰੀ ਨੂੰ ਤਕਨੀਕੀ ਮਾਹਰਾਂ ਦੀ ਮਦਦ ਨਾਲ ਡਿਜੀਟਲ ਰੂਪ ਦਿੱਤਾ ਜਾਵੇਗਾ | ਕਾਰਜ ਨੂੰ ਜਲਦ ਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਟੀਮ ਮੈਂਬਰਾਂ ਦੀ ਹਰ ਹਫਤੇ ਬੈਠਕ ਹੋਵੇਗੀ | ਵੱਡੀ ਗਿਣਤੀ ਪੁਸਤਕਾਂ ਨੂੰ ਸਕੈਨ ਕਰਕੇ ਡਿਜੀਟਲ ਰੂਪ ਦੇਣਾ ਚੁਣੌਤੀਪੂਰਨ ਹੈ, ਇਸ ਲਈ ਵਿਭਾਗ ਬਾਹਰੋਂ ਆਈ ਟੀ ਮਾਹਰਾਂ ਦੀ ਮਦਦ ਲਵੇਗਾ | ਪਹਿਲੇ ਪੜਾਅ ਤਹਿਤ ਕਰੀਬ 1500 ਪੁਸਤਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨਾਂ ਦੀ ਡਿਜੀਟੇਲਾਈਜੇਸ਼ਨ ਕੀਤੀ ਜਾਵੇਗੀ |


