ਮਾਈਕ੍ਰੋਸਾਫਟ ਦੇ ਸਰਵਰ ‘ਚ ਨੁਕਸ ਨਾਲ ਜ਼ਿੰਦਗੀ ਦੀ ਰਵਾਨੀ ਨੂੰ ਬ੍ਰੇਕ

0
114

ਨਵੀਂ ਦਿੱਲੀ : ਮਾਈਕ੍ਰੋਸਾਫਟ ਦੇ ਸਰਵਰ ਵਿਚ ਪਏ ਤਕਨੀਕੀ ਨੁਕਸ ਮਗਰੋਂ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤੱਕ ਵਿਸ਼ਵ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫਤਰਾਂ ਦਾ ਕੰਮਕਾਜ ਪ੍ਰਭਾਵਤ ਹੋਇਆ ਹੈ | ਇੰਟਰਨੈੱਟ ਬੰਦ ਹੋਣ ਕਰਕੇ ਦੁਨੀਆ-ਭਰ ਦੇ ਮਾਈਕ੍ਰੋਸਾਫਟ ਵਰਤੋਕਾਰਾਂ, ਖਾਸ ਕਰਕੇ ਬੈਂਕਾਂ ਤੇ ਏਅਰਲਾਈਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਮਾਈਕ੍ਰੋਸਾਫਟ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਨਾਲ ਮਾਈਕ੍ਰੋਸਾਫਟ 365 ਐਪਸ ਤੇ ਸੇਵਾਵਾਂ ਤੱਕ ਰਸਾਈ ਅਸਰਅੰਦਾਜ਼ ਹੋਈ ਹੈ ਪਰ ਉਸ ਵੱਲੋਂ ਤਕਨੀਕੀ ਨੁਕਸ ਲੱਭ ਲਿਆ ਗਿਆ ਹੈ ਤੇ ਦੂਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ | ਇਸ ਦੌਰਾਨ ਭਾਰਤੀ ਏਅਰਲਾਈਨਾਂ ਨੇ ਇਕ ਐਡਵਾਈਜ਼ਰੀ ਵਿਚ ਕਿਹਾ ਕਿ ਯਾਤਰੀ ਹਵਾਈ ਅੱਡਿਆਂ ‘ਤੇ ਖੱਜਲ-ਖੁਆਰੀ ਤੋਂ ਬਚਣ ਲਈ ਆਪਣੀਆਂ ਉਡਾਣਾਂ ਸੰਬੰਧੀ ਜਾਣਕਾਰੀ ਲਈ ਸੰਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ | ਉਧਰ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਉਹ ਮਾਈਕੋ੍ਰਸਾਫਟ ਦੇ ਸੰਪਰਕ ਵਿਚ ਹਨ | ਵੈਸ਼ਨਵ ਨੇ ਦਾਅਵਾ ਕੀਤਾ ਕਿ ਮਾਈਕ੍ਰੋਸਾਫਟ ਦੇ ਸਰਵਰ ਵਿਚ ਪਏ ਨੁਕਸ ਨਾਲ ਨੈਸ਼ਨਲ ਇਨਫਰਮੈਟਿਕਸ ਸੈਂਟਰ ਦੇ ਨੈੱਟਵਰਕ ਨੂੰ ਕੋਈ ਫਰਕ ਨਹੀਂ ਪਿਆ | ਇਸ ਦੌਰਾਨ ਐੱਸ ਬੀ ਆਈ ਤੇ ਨੈਸ਼ਨਲ ਸਟਾਕ ਐਕਸਚੈਂਜ ਨੇ ਦਾਅਵਾ ਕੀਤਾ ਹੈ ਕਿ ਮਾਈਕ੍ਰਸਾਫਟ ਦੇ ਤਕਨੀਕੀ ਨੁਕਸ ਨਾਲ ਉਨ੍ਹਾਂ ਦੇ ਕੰਮਕਾਜ ‘ਤੇ ਕੋਈ ਅਸਰ ਨਹੀਂ ਪਿਆ ਹੈ | ਕਰਾਊਡਸਟਰਾਈਕ ਅਪਡੇਟ ਨੂੰ ਮਾਈਕ੍ਰੋਸਾਫਟ ਦੇ ਇੰਨੇ ਵੱਡੇ ਆਊਟੇਜ (ਵਿਘਨ) ਦਾ ਕਾਰਨ ਮੰਨਿਆ ਜਾ ਰਿਹਾ ਹੈ | ਕਰਾਊਡ ਸਟ੍ਰਾਈਕ ਦੇ ਪ੍ਰਧਾਨ ਅਤੇ ਸੀ ਈ ਓ ਜਾਰਜ ਕਰਟਜ਼ ਨੇ ਟਵੀਟ ਕਰਕੇ ਲਿਖਿਆ ਕਿ ਇਹ ਕੋਈ ਸੁਰੱਖਿਆ ਘਟਨਾ ਜਾਂ ਸਾਈਬਰ ਹਮਲਾ ਨਹੀਂ ਹੈ |
ਤਕਨੀਕੀ ਮਾਹਰ ਸਮੱਸਿਆ ਦਾ ਮੁੱਖ ਕਾਰਨ ਤਕਨੀਕੀ ਖਰਾਬੀ ਮੰਨ ਰਹੇ ਹਨ | ਦੁਨੀਆ ਭਰ ਵਿੱਚ ਸਿਸਟਮ ਬੰਦ ਹੋਣ ਦਾ ਕਾਰਨ ਕਰਾਊਡਸਟਰਾਈਕ ਦਾ ਤਾਜ਼ਾ ਅਪਡੇਟ ਹੈ | ਕਰਾਊਡਸਟਰਾਈਕ ਦੁਨੀਆ ਭਰ ਦੀਆਂ ਕਈ ਕੰਪਨੀਆਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ | ਇਸ ਕੰਪਨੀ ਦਾ ਮੁੱਖ ਦਫਤਰ ਆਸਟਿਨ ਟੈਕਸਾਸ ‘ਚ ਹੈ | ਸੁਰੱਖਿਆ ਵਧਾਉਣ ਲਈ ਕਰਾਊਡਸਟਰਾਈਕ ਦੀ ਸਥਾਪਨਾ 2011 ‘ਚ ਜਾਰਜ ਕਰਟਜ਼ (ਸੀ ਈ ਓ), ਦਮਿਤਰੀ ਅਲਪੇਰੋਵਿਚ (ਸਾਬਕਾ ਸੀ ਟੀ ਓ) ਅਤੇ ਗ੍ਰੈਗ ਮਾਰਸਟਨ (ਸੀ ਐੱਫ ਓ) ਵੱਲੋਂ ਕੀਤੀ ਗਈ ਸੀ, ਜੂਨ 2013 ‘ਚ ਕੰਪਨੀ ਨੇ ਆਪਣੀ ਪਹਿਲੀ ਸੇਵਾ ਕਰਾਊਡਸਟਰਾਈਕ ਫਾਲਕਨ ਸ਼ੁਰੂ ਕੀਤੀ, ਜੋ ਅੰਤਮ ਬਿੰਦੂ ਸੁਰੱਖਿਆ, ਖਤਰੇ ਦੀ ਖੁਫੀਆ ਜਾਣਕਾਰੀ ਅਤੇ ਵਿਸ਼ੇਸ਼ਤਾ ਪ੍ਰਦਾਨ ਕਰਦੀ ਹੈ |

LEAVE A REPLY

Please enter your comment!
Please enter your name here