ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ‘ਤੇ ਮੰਗਲਵਾਰ ‘ਇੰਡੀਗੋ’ ਦੇ ਏ320ਨਿਓ ਜਹਾਜ਼ ਹੇਠ ਏਅਰਲਾਈਨ ‘ਗੋ ਫਸਟ’ ਦੀ ਕਾਰ ਆ ਗਈ, ਪਰ ਜਹਾਜ਼ ਦਾ ਅਗਲਾ ਪਹੀਆ ਉਸ ਨਾਲ ਟਕਰਾਉਣ ਤੋਂ ਬਚ ਗਿਆ | ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ ਜੀ ਸੀ ਏ) ਮਾਮਲੇ ਦੀ ਜਾਂਚ ਕਰੇਗਾ | ਇਹ ਜਹਾਜ਼ ਬੁੱਧਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ ਟੀ-2 ‘ਤੇ ਪਾਰਕ ਕੀਤਾ ਗਿਆ ਸੀ | ਜਹਾਜ਼ ਦਿੱਲੀ ਤੋਂ ਢਾਕਾ (ਬੰਗਲਾਦੇਸ਼) ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਏਅਰਲਾਈਨ ‘ਗੋ ਫਸਟ’ ਦੀ ਕਾਰ ਉਸ ਹੇਠ ਆ ਗਈ | ਜਹਾਜ਼ ‘ਚ ਯਾਤਰੀ ਬੈਠੇ ਸਨ ਅਤੇ ਕੁਝ ਉਸ ‘ਚ ਚੜ੍ਹ ਰਹੇ ਸਨ | ਇਸ ਦੌਰਾਨ ਕਾਰ ਤੇਜ਼ ਗਤੀ ਨਾਲ ਆਈ ਅਤੇ ਜਹਾਜ਼ ਦੇ ਪਹੀਏ ਦੇ ਥੱਲੇ ਆ ਕੇ ਖੜ੍ਹੀ ਹੋ ਗਈ | ਇਸ ਨੂੰ ਦੇਖ ਕੇ ਉਥੇ ਅਫਰਾ-ਤਫ਼ਰੀ ਮਚ ਗਈ | ਸੁਰੱਖਿਆ ਮੁਲਾਜ਼ਮਾਂ ਨੇ ਡਰਾਈਵਰ ਨੂੰ ਫੜ ਲਿਆ | ਤੁਰੰਤ ਕਾਰ ਨੂੰ ਜਹਾਜ਼ ਦੇ ਥੱਲਿਓਾ ਹਟਾਇਆ ਗਿਆ ਅਤੇ ਸਹੀ ਸਮੇਂ ‘ਤੇ ਜਹਾਜ਼ ਰਵਾਨਾ ਕੀਤਾ ਗਿਆ |