ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦੈ : ਭਗਵੰਤ ਮਾਨ
ਮੋਦੀ ਕੇਜਰੀਵਾਲ ਤੋਂ ਸੜਦੇ ਹਨ : ਸੁਨੀਤਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨੀਵਾਰ ਪੰਚਕੂਲਾ ਵਿੱਚ ਹਰਿਆਣਾ ਦੇ ਲੋਕਾਂ ਨੂੰ ਪੰਜ ਗਰੰਟੀਆਂ ਦਿੱਤੀਆਂ।ਸੁਨੀਤਾ ਕੇਜਰੀਵਾਲ ਨੇ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿਖੇ ਅਰਵਿੰਦ ਕੇਜਰੀਵਾਲ ਦੀ ਗਰੰਟੀ ਲਾਂਚ ਕੀਤੀ।ਉਨ੍ਹਾ ਕਿਹਾ ਕਿ ਤੁਹਾਡੇ ਪੁੱਤਰ (ਅਰਵਿੰਦ ਕੇਜਰੀਵਾਲ) ਨੇ ਦਿੱਲੀ ਬਦਲੀ, ਪੰਜਾਬ ਬਦਲਿਆ ਅਤੇ ਹੁਣ ਹਰਿਆਣਾ ਬਦਲਣਾ ਹੈ।ਸੁਨੀਤਾ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ, ਸੰਸਦ ਮੈਂਬਰ ਸੰਜੇ ਸਿੰਘ ਅਤੇ ‘ਆਪ’ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਪੰਚਕੂਲਾ ਪਹੁੰਚੇ। ਸੁਨੀਤਾ ਕੇਜਰੀਵਾਲ ਨੇ ਹਰਿਆਣਾ ਚੋਣਾਂ ਲਈ 5-ਜੀ ਗਾਰੰਟੀ ਦੀ ਸ਼ੁਰੂਆਤ ਕੀਤੀ।ਦਿੱਲੀ ਅਤੇ ਪੰਜਾਬ ਵਾਂਗ ਸਾਰੇ ਬਕਾਇਆ ਘਰੇਲੂ ਬਿੱਲਾਂ ਨੂੰ ਮੁਆਫ ਕਰ ਦਿੱਤਾ ਜਾਵੇਗਾ।ਬਿਜਲੀ ਦੇ ਕੱਟ ਬੰਦ ਹੋਣਗੇ, ਦਿੱਲੀ ਅਤੇ ਪੰਜਾਬ ਵਾਂਗ 24 ਘੰਟੇ ਬਿਜਲੀ ਦਿੱਤੀ ਜਾਵੇਗੀ।ਦਿੱਲੀ ਅਤੇ ਪੰਜਾਬ ਵਾਂਗ ਹਰ ਪਿੰਡ ਅਤੇ ਸ਼ਹਿਰ ਦੇ ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ।ਸਾਰੇ ਸਰਕਾਰੀ ਹਸਪਤਾਲਾਂ ਦੀ ਕਾਇਆ-ਕਲਪ ਕੀਤੀ ਜਾਵੇਗੀ ਅਤੇ ਨਵੇਂ ਸਰਕਾਰੀ ਹਸਪਤਾਲ ਬਣਾਏ ਜਾਣਗੇ। ਹਰ ਹਰਿਆਣਵੀ ਦਾ ਪੂਰਾ ਇਲਾਜ ਮੁਫਤ ਹੋਵੇਗਾ, ਭਾਵੇਂ ਬਿਮਾਰੀ ਛੋਟੀ ਹੋਵੇ ਜਾਂ ਵੱਡੀ।ਸਾਰੇ ਟੈਸਟ, ਦਵਾਈਆਂ, ਅਪ੍ਰੇਸ਼ਨ ਅਤੇ ਇਲਾਜ ਮੁਫ਼ਤ ਹੋਵੇਗਾ।ਇਸ ਨਾਲ ਲੋਕਾਂ ਦੇ ਪੈਸੇ ਦੀ ਕਾਫੀ ਬੱਚਤ ਹੋਵੇਗੀ ਅਤੇ ਮਹਿੰਗਾਈ ਤੋਂ ਕਾਫੀ ਰਾਹਤ ਮਿਲੇਗੀ।ਉਨ੍ਹਾ ਕਿਹਾਚੰਗੀ, ਸ਼ਾਨਦਾਰ ਅਤੇ ਮੁਫਤ ਸਿੱਖਿਆ ਦਿੱਲੀ ਅਤੇ ਪੰਜਾਬ ਵਾਂਗ ਸਿੱਖਿਆ ਮਾਫੀਆ ਨੂੰ ਖਤਮ ਕਰਾਂਗੇ। ਹਰ ਨੌਜਵਾਨ ਨੂੰ ਰੁਜ਼ਗਾਰ, ਹਰ ਬੇਰੁਜ਼ਗਾਰ ਨੌਜਵਾਨ ਲਈ ਰੁਜ਼ਗਾਰ ਦਾ ਪ੍ਰਬੰਧ ਕਰੇਗਾ।ਸਿਰਫ਼ 2 ਸਾਲਾਂ ਵਿੱਚ ਪੰਜਾਬ ਵਿੱਚ 45,000 ਸਰਕਾਰੀ ਨੌਕਰੀਆਂ ਅਤੇ 3 ਲੱਖ ਤੋਂ ਵੱਧ ਲੋਕਾਂ ਲਈ ਨਿੱਜੀ ਰੁਜ਼ਗਾਰ, 2.5 ਲੱਖ ਸਰਕਾਰੀ ਨੌਕਰੀਆਂ ਅਤੇ ਦਿੱਲੀ ਵਿੱਚ 12 ਲੱਖ ਤੋਂ ਵੱਧ ਲੋਕਾਂ ਲਈ ਨਿੱਜੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਅਤੇ ਪੰਜਾਬ ਦੋਵਾਂ ਸੂਬਿਆਂ ’ਚ ਸਰਕਾਰੀ ਸਕੂਲਾਂ ਨੂੰ ਚੰਗਾ ਕਰ ਦਿੱਤਾ ਹੈ। ਗਰੀਬਾਂ ਦੇ ਬੱਚਿਆਂ ਦੇ ਭਵਿੱਖ ਉੱਜਵਲ ਕਰ ਦਿੱਤੇ ਹਨ। ਬਿਜਲੀ ਮੁਫ਼ਤ ਅਤੇ ਸਿਹਤ ਸਹੂਲਤਾਂ ਨੂੰ ਠੀਕ ਕਰ ਦਿੱਤਾ ਹੈ। ਔਰਤਾਂ ਲਈ ਮੁਫ਼ਤ ਬੱਸ ਦਾ ਸਫ਼ਰ, ਬਜ਼ੁਰਗਾਂ ਲਈ ਤੀਰਥ ਯਾਤਰਾ ਵੀ ਮੁਫ਼ਤ ਹੈ। ਕੀ ਕੋਈ ਅਜਿਹੀ ਪਾਰਟੀ ਹੈ, ਜਿਸ ਨੇ ਸਰਕਾਰੀ ਸਕੂਲਾਂ ਨੂੰ ਠੀਕ ਕੀਤਾ ਹੋਵੇ? ਕੀ ਕੋਈ ਅਜਿਹੀ ਪਾਰਟੀ ਨੇ, ਜਿਸ ਨੇ ਬਿਜਲੀ ਮੁਫ਼ਤ ਕੀਤੀ ਹੋਵੇ? ਅਜਿਹਾ ਕੰਮ ਸਿਰਫ਼ ਹਰਿਆਣਾ ਦਾ ਲਾਲ ਕੇਜਰੀਵਾਲ ਹੀ ਕਰ ਸਕਦੇ ਹਨ।ਇਸ ਲਈ ਮੋਦੀ ਜੀ ਕੇਜਰੀਵਾਲ ਤੋਂ ਸੜਦੇ ਹਨ।ਫਰਜ਼ੀ ਕੇਸ ਬਣਾ ਕੇ ਕੇਜਰੀਵਾਲ ਨੂੰ ਮੋਦੀ ਨੇ ਜੇਲ੍ਹ ’ਚ ਸੁੱਟ ਦਿੱਤਾ।ਮੋਦੀ ਕਹਿੰਦੇ ਹਨ ਕੇਜਰੀਵਾਲ ਚੋਰ ਹੈ, ਮੈਂ ਕਹਿੰਦੀ ਹਾਂ ਕਿ ਜੇਕਰ ਕੇਜਰੀਵਾਲ ਚੋਰ ਹੈ ਤਾਂ ਦੁਨੀਆ ’ਚ ਕੋਈ ਇਮਾਨਦਾਰ ਨਹੀਂ। ਮੋਦੀ ਨੇ ਹਰਿਆਣਾ ਦੇ ਲਾਲ ਨੂੰ ਜੇਲ੍ਹ ’ਚ ਸੁੱਟ ਕੇ ਹਰਿਆਣਾ ਨੂੰ ਲਲਕਾਰਿਆ ਹੈ, ਵਿਧਾਨ ਸਭਾ ਚੋਣਾਂ ’ਚ ਇਸ ਦਾ ਕਰਾਰਾ ਜਵਾਬ ਦਿਓ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਜਰੀਵਾਲ ਗਾਰੰਟੀ ਦਿੰਦਾ ਹੈ, ਭਾਜਪਾ ਘੋਸ਼ਣਾ ਪੱਤਰ ਜਾਂ ਮੈਨੀਫੈਸਟੋ ਦਿੰਦੀ ਸੀ।ਮਾਨ ਨੇ ਕਿਹਾ, ‘ਜਦੋਂ ਵੱਜਣ ਲੱਗੀਆਂ ਖ਼ਤਰੇ ਦੀਆਂ ਘੰਟੀਆਂ, ਤਾਂ ਮੋਦੀ ਜੀ ਨੂੰ ਯਾਦ ਆਈਆਂ ਕੇਜਰੀਵਾਲ ਦੀਆਂ ਗਾਰੰਟੀਆਂ। ’ ਉਨ੍ਹਾ ਕਿਹਾ ਕਿ ਗਾਰੰਟੀਆਂ ’ਚ ਵੀ ਫ਼ਰਕ ਹੁੰਦਾ ਹੈ।ਜਦੋਂ ਮਾਲ ਹੀ ਨਕਲੀ ਹੈ ਤਾਂ ਗਾਰੰਟੀ ਦਾ ਕੀ ਫਾਇਦਾ।ਅਸਲੀ ਮਾਲ ਦੀ ਗਾਰੰਟੀ ਦਿੱਤੀ ਜਾਂਦੀ ਹੈ, ਗਾਰੰਟੀ ਕੇਜਰੀਵਾਲ ਦੀ ਹੈ।ਮਾਨ ਨੇ ਕਿਹਾ ਕਿ ਪੰਜਾਬ ਵਿੱਚ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ, ਇਨ੍ਹਾਂ ਢਾਈ ਸਾਲਾਂ ਵਿੱਚ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ।43 ਹਜ਼ਾਰ ਵਿੱਚੋਂ ਇਕ ਬੰਦਾ ਉੱਠ ਕੇ ਆਖ ਦੇਵੇ ਕਿ ਇੱਕ ਰੁਪਇਆ ਵੀ ਰਿਸ਼ਵਤ ਦਾ ਲਿਆ ਗਿਆ ਹੋਵੇ। ਉਹਨਾ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ।ਜਦੋਂ ਅਸੀਂ ਕੇਜਰੀਵਾਲ ਨਾਲ ਪੰਜਾਬ ’ਚ ਚੋਣ ਪ੍ਰਚਾਰ ਕਰ ਰਹੇ ਸਾਂ ਤਾਂ ਅਸੀਂ ਇੱਕ ਗਾਰੰਟੀ ਦਿੱਤੀ ਕਿ ਬਿਜਲੀ ਫਰੀ ਕਰਨ ਦੀ।ਵਿਰੋਧੀ ਧਿਰ ਵੱਲੋਂ ਉਸ ਸਮੇਂ ਵੀ ਸਵਾਲ ਚੁੱਕੇ ਗਏ।ਅੱਜ ਪੰਜਾਬ ’ਚ 600 ਯੂਨਿਟ ਫਰੀ ਹੈ।90 ਫ਼ੀਸਦੀ ਪੰਜਾਬ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਆਉਦਾ ਹੈ।





