34.1 C
Jalandhar
Friday, October 18, 2024
spot_img

ਕਾਂਗਰਸ ਨੇ ਡਿਪਟੀ ਸਪੀਕਰੀ ਮੰਗੀ

ਨਵੀਂ ਦਿੱਲੀ : ਸੰਸਦ ਦੇ ਬਜਟ ਅਜਲਾਸ ਤੋਂ ਪਹਿਲਾਂ ਐਤਵਾਰ ਸਰਬ ਪਾਰਟੀ ਬੈਠਕ ਦੌਰਾਨ ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਬੈਠਕ ਦੌਰਾਨ ਪੇਪਰ ਲੀਕ ਸਣੇ ਨੀਟ ਪ੍ਰੀਖਿਆ ਦਾ ਮਸਲਾ ਵੀ ਰੱਖਿਆ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਮੌਨਸੂਨ ਅਜਲਾਸ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਸੁਖਾਲੇ ਢੰਗ ਨਾਲ ਚਲਾਉਣ ਲਈ ਹਰੇਕ ਪਾਰਟੀ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਮਸਲੇ ਰੱਖਣ ਦੀ ਖੁੱਲ੍ਹ ਦਿੱਤੀ ਜਾਵੇ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਗੋਪਾਲ ਯਾਦਵ ਨੇ ਕਾਂਵੜੀਆਂ ਦੇ ਯਾਤਰਾ ਰੂਟ ਦੇ ਰਾਹ ਵਿਚ ਆਉਣ ਵਾਲੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਦੇ ਨਾਂਅ ਪ੍ਰਦਰਸ਼ਤ ਕਰਨ ਸੰਬੰਧੀ ਯੂ ਪੀ ਸਰਕਾਰ ਦੇ ਵਿਵਾਦਤ ਹੁਕਮਾਂ ਦਾ ਮੁੱਦਾ ਰੱਖਿਆ। ਵਾਈ ਐੱਸ ਆਰ ਕਾਂਗਰਸ ਨੇ ਆਂਧਰਾ ਪ੍ਰਦੇਸ਼ ਵਿਚ ਟੀ ਡੀ ਪੀ ਸਰਕਾਰ ਵੱਲੋਂ ਉਨ੍ਹਾ ਦੇ ਪਾਰਟੀ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਰਦਿਆਂ ਕੇਂਦਰੀ ਦਖਲ ਦੀ ਮੰਗ ਕੀਤੀ। ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਤੇ ਬੈਠਕ ਦੀ ਕਾਰਵਾਈ ਰਿਜਿਜੂ ਨੇ ਚਲਾਈ।
ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਸਰਬ ਪਾਰਟੀ ਬੈਠਕ ਦੌਰਾਨ ਜੇ ਡੀ ਯੂ ਤੇ ਵਾਈ ਐੱਸ ਆਰ ਸੀ ਪੀ ਨੇ ਕ੍ਰਮਵਾਰ ਬਿਹਾਰ ਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ, ਪਰ ਟੀ ਡੀ ਪੀ ਨੇ ਇਸ ਮੁੱਦੇ ’ਤੇ ਅਜੀਬ ਜਿਹੀ ਚੁੱਪੀ ਧਾਰੀ ਰੱਖੀ। ਰਮੇਸ਼ ਨੇ ਇਹ ਪੋਸਟ ਅਜਿਹੇ ਮੌਕੇ ਪਾਈ, ਜਦੋਂ ਸਰਬ ਪਾਰਟੀ ਬੈਠਕ ਜਾਰੀ ਸੀ। ਬੈਠਕ ਵਿਚ ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਕੇਂਦਰੀ ਮੰਤਰੀ ਤੇ ਲੋਕ ਜਨਸਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ, ਕਾਂਗਰਸ ਦੇ ਕੇ ਸੁਰੇਸ਼, ਏ ਆਈ ਐੱਮ ਆਈ ਐੱਮ ਦੇ ਅਸਦੂਦੀਨ ਓਵੈਸੀ, ਆਰ ਜੇ ਡੀ ਦੇ ਅਭੈ ਖੁਸ਼ਵਾਹਾ, ਜੇ ਡੀ ਯੂ ਦੇ ਸੰਜੇ ਝਾਅ, ‘ਆਪ’ ਦੇ ਸੰਜੈ ਸਿੰਘ ਤੇ ਐੱਨ ਸੀ ਪੀ ਦੇ ਪ੍ਰਫੁੱਲ ਪਟੇਲ ਵੀ ਸ਼ਾਮਲ ਹੋਏ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ‘ਇੰੰਡੀਆ’ ਗੱਠਜੋੜ ਦੇ ਬੈਨਰ ਹੇਠ ਇਕੱਠੀਆਂ ਹੋਈਆਂ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਨੀਟ ਪੇਪਰ ਲੀਕ ਕੇਸ ਤੇ ਰੇਲਵੇ ਸੁਰੱਖਿਆ ਸਣੇ ਹੋਰਨਾਂ ਮੁੱਦਿਆਂ ’ਤੇ ਘੇਰਿਆ ਜਾਵੇਗਾ।
12 ਅਗਸਤ ਤੱਕ ਚੱਲਣ ਵਾਲੇ ਅਜਲਾਸ ਦੀਆਂ 19 ਬੈਠਕਾਂ ਹੋਣਗੀਆਂ ਤੇ ਇਸ ਦੌਰਾਨ ਸਰਕਾਰ ਵੱਲੋਂ 6 ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਨ੍ਹਾਂ ਬਿੱਲਾਂ ਵਿਚੋਂ ਇਕ ਬਿੱਲ 90 ਸਾਲ ਪੁਰਾਣੇ ਏਅਰਕ੍ਰਾਫਟ ਐਕਟ ਦੀ ਥਾਂ ਲਏਗਾ। ਅਜਲਾਸ ਦੌਰਾਨ ਜੰਮੂ-ਕਸ਼ਮੀਰ, ਜੋ ਕੇਂਦਰੀ ਰਾਜ ਦੇ ਅਧੀਨ ਹੈ, ਲਈ ਬਜਟ ਦੀ ਪ੍ਰਵਾਨਗੀ ਵੀ ਲਈ ਜਾਵੇਗੀ। ਵਿੱਤ ਮੰਤਰੀ ਸੀਤਾਰਮਨ ਸੋਮਵਾਰ ਨੂੰ ਸੰਸਦ ਵਿਚ ਆਰਥਕ ਸਰਵੇਖਣ ਪੇਸ਼ ਕਰਨਗੇ।

Related Articles

LEAVE A REPLY

Please enter your comment!
Please enter your name here

Latest Articles