ਕੇਰਲਾ ਦੇ ਮੱਲਾਪੁਰਮ ਜ਼ਿਲ੍ਹੇ ਦੇ ਪਿੰਡ ਕੋਟਾਕੱਲ ਵਿਚ ਅਲੁੱਕਲ ਜੁਮਾ ਮਸਜਿਦ ਅਤੇ ਕੁੱਟੀਪੁਰਾਥੂਕਾਵੂ ਭਗਵਤੀ ਮੰਦਰ ਤੇ ਨਰਸਿਮ੍ਹਾ ਮੂਰਤੀ ਮੰਦਰ ਇਕ-ਦੂਜੇ ਤੋਂ 100 ਕੁ ਮੀਟਰ ਦੇ ਫਾਸਲੇ ‘ਤੇ ਦਹਾਕਿਆਂ ਤੋਂ ਮੌਜੂਦ ਹਨ | ਮਸਜਿਦ ਦੇ ਇਮਾਮ ਇਸਮਾਈਲ ਬਕਾਵੀ ਨੇ 10 ਕੁ ਦਿਨ ਪਹਿਲਾਂ ਦੋਹਾਂ ਮੰਦਰਾਂ ਦੀਆਂ ਕਮੇਟੀਆਂ ਨੂੰ ਆਟੋਰਿਕਸ਼ਾ ਡਰਾਈਵਰ ਸਈਦਾਲਾਵੀ ਦੀ ਆਰਥਕ ਹਾਲਤ ਬਾਰੇ ਦੱਸਿਆ, ਜਿਸ ਕੋਲ ਧੀ ਹਨਾ ਦੇ ਇਲਾਜ ਲਈ ਕੋਈ ਪੈਸੇ ਨਹੀਂ ਸਨ | ਕੁਝ ਹੀ ਦਿਨਾਂ ਵਿਚ ਮੰਦਰਾਂ ਤੇ ਮਸਜਿਦ ਨੇ ਜ਼ਿਲ੍ਹੇ ਵਿਚੋਂ ਤੇ ਬਾਹਰਲੇ ਇਲਾਕਿਆਂ ਦੇ ਯੋਗਦਾਨ ਨਾਲ ਇਕ ਕਰੋੜ 48 ਲੱਖ ਰੁਪਏ ਇਕੱਠੇ ਕਰ ਲਏ | ਇਸ ਰਕਮ ਨਾਲ ਨਾ ਸਿਰਫ 18 ਸਾਲ ਦੀ ਕੈਂਸਰ ਦੀ ਮਰੀਜ਼ ਹਨਾ ਦੀ ਮਦਦ ਹੋਵੇਗੀ, ਸਗੋਂ ਹੋਰ ਬੀਮਾਰ ਲੋਕਾਂ ਦੀ ਵੀ ਮਦਦ ਹੋ ਜਾਵੇਗੀ | ਫਿਰਕੂ ਸਦਭਾਵਨਾ ਤੇ ਭਰਾਤਰੀਭਾਵ ਦੀ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ ਮੰਦਰ ਕਮੇਟੀਆਂ ਨੇ 50 ਹਜ਼ਾਰ ਰੁਪਏ ਤੇ 27 ਹਜ਼ਾਰ ਰੁਪਏ ਆਪਣੇ ਕੋਲੋਂ ਦਿੱਤੇ ਅਤੇ ਮਸਜਿਦ ਵਾਲਿਆਂ ਨਾਲ ਮਿਲ ਕੇ ਸਾਂਝੀ ਕਮੇਟੀ ਬਣਾ ਕੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ‘ਤੇ ਫੰਡ ਦੀ ਅਪੀਲ ਜਾਰੀ ਕੀਤੀ | ਹੁਣ ਤੱਕ ਇਕੱਠੀ ਹੋਈ ਰਕਮ ਵਿਚੋਂ ਨੇੜਲੇ ਕੋਜ਼ੀਕੋਡ ਦੇ ਨਿੱਜੀ ਹਸਪਤਾਲ ਵਿਚ ਇਲਾਜ ਕਰਾ ਰਹੀ ਹਨਾ ਲਈ 70 ਲੱਖ ਰੁਪਏ ਰੱਖੇ ਗਏ ਹਨ | ਬਾਕੀ 78 ਲੱਖ ਰੁਪਏ 12 ਪਿੰਡਾਂ ਦੇ 60 ਤੋਂ ਵੱਧ ਲੋੜਵੰਦਾਂ ਨੂੰ ਵੰਡ ਦਿੱਤੇ ਗਏ ਹਨ, ਜਿਨ੍ਹਾਂ ਦੀ ਸਿਫਾਰਸ਼ ਸਮਾਜੀ ਜਥੇਬੰਦੀਆਂ ਨੇ ਕੀਤੀ ਸੀ | ਭਗਵਤੀ ਮੰਦਰ ਦੇ ਵਾਈਸ ਚੇਅਰਮੈਨ ਅਰੁਮੁਕਨ ਨਾਦੂਵਾਥੂ ਨੇ ਦੱਸਿਆ ਕਿ ਜਿਨ੍ਹਾਂ ਦੀ ਨਕਦ ਮਦਦ ਕੀਤੀ ਗਈ ਹੈ, ਉਹ ਬਿਨਾਂ ਧਰਮ ਤੇ ਜਾਤ ਦੇਖਿਆਂ ਕੀਤੀ ਗਈ ਹੈ | ਮਾਰਕਸੀ ਪਾਰਟੀ ਦੇ ਮੈਂਬਰ ਅਰੁਮੁਕਨ ਮੁਤਾਬਕ ਫੰਡ ਇਕੱਠਾ ਕਰਨ ਵਿਚ ਖੱਬੀਆਂ ਪਾਰਟੀਆਂ, ਕਾਂਗਰਸ, ਇੰਡੀਅਨ ਯੂਨੀਅਨ ਮੁਸਲਿਮ ਲੀਗ ਤੇ ਭਾਜਪਾ ਨੇ ਮਿਲ ਕੇ ਕੰਮ ਕੀਤਾ | ਇਮਾਮ ਨੇ ਕਿਹਾ ਕਿ ਕੇਰਲਾ ਤੇ ਮੱਲਾਪੁਰਮ ਹਮੇਸ਼ਾ ਫਿਰਕੂ ਸਦਭਾਵਨਾ ਦੇ ਮੁਜੱਸਮੇ ਰਹੇ ਹਨ, ਭਾਵੇਂ ਕਿ ਮੁਸਲਿਮ ਬਹੁਗਿਣਤੀ ਵਾਲੇ ਮੱਲਾਪੁਰਮ ਜ਼ਿਲ੍ਹੇ ਨੂੰ ਸੱਜੇ-ਪੱਖੀ ਸੋਸ਼ਲ ਮੀਡੀਆ ਬਦਨਾਮ ਕਰਦਾ ਰਹਿੰਦਾ ਹੈ ਤੇ ਬਾਤ ਦਾ ਬਤੰਗੜ ਬਣਾਉਂਦਾ ਰਹਿੰਦਾ ਹੈ | ਪ੍ਰੈੱਸ ਵਿਚ ਮੱਲਾਪੁਰਮ ਬਾਰੇ ਬਹੁਤ ਨਾਂਹ-ਪੱਖੀ ਖਬਰਾਂ ਛਪਦੀਆਂ ਹਨ, ਪਰ ਇਥੋਂ ਦੇ ਹਿੰਦੂ, ਮੁਸਲਮਾਨ ਤੇ ਈਸਾਈ ਸਦੀਆਂ ਤੋਂ ਪਿਆਰ-ਮੁਹੱਬਤ ਨਾਲ ਰਹਿ ਰਹੇ ਹਨ | ਕੁਝ ਫਿਰਕੂ ਅਨਸਰ ਹਨ, ਜਿਹੜੇ ਮਾਮਲੇ ਭੜਕਾਉਂਦੇ ਰਹਿੰਦੇ ਹਨ, ਪਰ ਹਨਾ ਲਈ ਫੰਡ ਇਕੱਠਾ ਕਰਨ ਦਾ ਹੀਲਾ ਮਨੁੱਖਤਾ ਵੱਲੋਂ ਬੰਦੇ ਦੀਆਂ ਬਣਾਈਆਂ ਦੀਵਾਰਾਂ ਨੂੰ ਢਾਹੁਣ ਦੀ ਇਕ ਮਿਸਾਲ ਹੈ |
ਮੱਲਾਪੁਰਮ ਵਿਚ ਫਿਰਕੂ ਸਦਭਾਵਨਾ ਦੀ ਇਕ ਮਿਸਾਲ 7 ਅਪ੍ਰੈਲ ਨੂੰ ਵੀ ਦੇਖਣ ਨੂੰ ਮਿਲੀ ਸੀ, ਜਦੋਂ ਤਿਰੂਰ ਨੇੜੇ ਵਨੀਯਾਨੂਰ ਵਿਖੇ ਸ੍ਰੀ ਮਹਾਂਵਿਸ਼ਣੂ ਮੰਦਰ ਦੇ ਅਹਾਤੇ ਵਿਚ 200 ਤੋਂ ਵੱਧ ਮੁਸਲਮਾਨਾਂ ਲਈ ਇਫਤਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ | ਦਰਅਸਲ ਮੰਦਰ ਦਾ ਸਾਲਾਨਾ ਪ੍ਰੋਗਰਾਮ 6 ਅਪ੍ਰੈਲ ਨੂੰ ਹੁੰਦਾ ਹੈ ਤੇ ਮੁਸਲਮਾਨ ਰਮਜ਼ਾਨ ਦੇ ਰੋਜ਼ਿਆਂ ਕਾਰਨ ਹਰ ਸਾਲ ਦੀ ਤਰ੍ਹਾਂ ਇਸ ਵਿਚ ਹਿੱਸਾ ਨਹੀਂ ਲੈ ਸਕੇ ਸਨ | ਇਸ ਕਰਕੇ ਅਗਲੇ ਦਿਨ ਮੰਦਰ ਵਾਲਿਆਂ ਨੇ ਮੁਸਲਮਾਨਾਂ ਨੂੰ ਵੈਸ਼ਨੋ ਖਾਣਾ ‘ਸਾਦਯਾ’ ਖੁਆਇਆ | ਫਰਵਰੀ ਵਿਚ ਮੱਲਾਪੁਰਮ ਵਿਚ ਕੂਟੀਨੰਗਗਾੜੀ ਦੇ ਦੋ ਮੁਸਲਿਮ ਨਿਵਾਸੀਆਂ ਨੇ 500 ਸਾਲ ਪੁਰਾਣੇ ਮਹਾਂਦੇਵ ਮੰਦਰ ਵੱਲ ਸੜਕ ਬਣਾਉਣ ਲਈ ਜ਼ਮੀਨ ਦਾਨ ਕੀਤੀ ਸੀ | ਪੇਰੂਵੱਲੂਰ ਪਿੰਡ ਵਿਚ ਇਕ ਮੁਸਲਿਮ ਪਰਵਾਰ ਨੇ ਪ੍ਰਾਚੀਨ ਗੌਰੀ ਸ਼ੰਕਰ ਮੰਦਰ ਦੀ ਮੁੜ-ਉਸਾਰੀ ਲਈ ਪਿਛਲੇ ਸਾਲ ਸਤੰਬਰ ਵਿਚ ਜ਼ਮੀਨ ਦਿੱਤੀ ਸੀ |