ਵਾਸ਼ਿੰਗਟਨ : ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅਲਕਾਇਦਾ ਨੇਤਾ ਅਲ-ਜ਼ਵਾਹਿਰੀ ਨੂੰ ਇੱਕ ਡਰੋਨ ਹਮਲੇ ‘ਚ ਮਾਰ ਦਿੱਤਾ | ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਦੁਪਹਿਰ ਜ਼ਵਾਹਿਰੀ ‘ਤੇ ਡਰੋਨ ਹਮਲਾ ਕੀਤਾ ਗਿਆ ਸੀ, ਜਿਸ ‘ਚ ਉਸ ਦੀ ਮੌਤ ਹੋ ਗਈ | ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਬਾਲਕੋਨੀ ‘ਚ ਟਹਿਲਣ ਲਈ ਨਿਕਲਿਆ ਤਾਂ ਉਸ ‘ਤੇ ਰੀਪਰ ਡਰੋਨ ਨਾਲ ਦੋ ਹੇਲਫਾਇਰ ਮਿਜ਼ਾਇਲਾਂ ਦਾਗੀਆਂ ਗਈਆਂ | ਹਮਲਾ ਅਫਗਾਨਿਸਤਾਨ ਦੇ ਸਮੇਂ ਅਨੁਸਾਰ ਐਤਵਾਰ ਸਵੇਰੇ 6 ਵਜੇ ਦੇ ਕਰੀਬ ਕੀਤਾ ਗਿਆ | ਉਧਰ ਅਮਰੀਕਾ ‘ਚ ਸ਼ਨੀਵਾਰ ਦੀ ਰਾਤ ਦੇ 10 ਵਜੇ ਦੇ ਕਰੀਬ ਟਾਇਮ ਸੀ | ਅਮਰੀਕੀ ਅਫਸਰਾਂ ਨੇ ਦੱਸਿਆ ਕਿ ਅਮਰੀਕੀ ਏਜੰਸੀਆਂ ਕਾਬੁਲ ‘ਚ ਉਸ ਦਾ ਪਿਛਲੇ 6 ਮਹੀਨੇ ਤੋਂ ਲਗਾਤਾਰ ਪਿੱਛਾ ਕਰ ਰਹੀਆਂ ਸਨ | ਇਸ ਕਾਰਵਾਈ ‘ਤੇ ਅਮਰੀਕਾ ਨੇ ਕਿਹਾ ਕਿ 9/11 ਹਮਲੇ ਦਾ ਬਦਲਾ ਲੈ ਲਿਆ ਗਿਆ | ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ, ‘ਇਨਸਾਫ ਹੋ ਗਿਆ |’
ਇਸ ਸਾਲ ਜਨਵਰੀ ‘ਚ ਅਮਰੀਕੀ ਖੁਫ਼ੀਆ ਸੂਤਰਾਂ ਨੂੰ ਪਤਾ ਲੱਗਾ ਸੀ ਕਿ ਅਲ ਜ਼ਵਾਹਿਰੀ ਦੀ ਪਤਨੀ, ਬੇਟੀ ਅਤੇ ਪੋਤਾ ਕਾਬੁਲ ‘ਚ ਇੱਕ ਘਰ ‘ਚ ਰਹਿ ਰਹੇ ਹਨ | ਅਮਰੀਕੀ ਅਧਿਕਾਰੀਆਂ ਮੁਤਾਬਕ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ, ਪਰ ਜ਼ਵਾਹਿਰੀ ਦਾ ਪਰਵਾਰ ਉਹ ਸਾਰੀਆਂ ਚੌਕਸੀਆਂ ਵਰਤ ਰਿਹਾ ਸੀ, ਜਿਸ ਨਾਲ ਕੋਈ ਉਸ ਦਾ ਪਿੱਛਾ ਨਾ ਕਰ ਸਕੇ, ਪਰ ਸੁਰਾਗ ਮਿਲ ਚੁੱਕੇ ਸਨ |
ਹੁਣ ਭਰੋਸਾ ਹੋ ਚੁੱਕਾ ਸੀ ਕਿ ਅਲ ਜ਼ਵਾਹਿਰੀ ਵੀ ਘਰ ‘ਚ ਹੋ ਸਕਦਾ ਹੈ | ਅਧਿਕਾਰੀਆਂ ਮੁਤਾਬਕ ਓਸਾਮਾ ਬਿਨ ਲਾਦੇਨ ਦੀ ਤਰ੍ਹਾਂ ਹੀ ਜ਼ਵਾਹਿਰੀ ਦੀ ਜ਼ਿੰਦਗੀ ਦੇ ਪੈਟਰਨ ਨੂੰ ਸਮਝਣ ਲਈ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕੀਤਾ ਗਿਆ, ਜਿਸ ਤੋਂ ਪੱਕਾ ਹੋ ਗਿਆ ਕਿ ਉਹ ਇਸ ਘਰ ‘ਚ ਮੌਜੂਦ ਹੈ | ਇਸ ਦੇ ਨਾਲ ਇੱਕ ਹੋਰ ਗੱਲ ਪਤਾ ਲੱਗੀ ਕਿ ਉਹ ਬਾਲਕੋਨੀ ‘ਚ ਸਮਾਂ ਬਿਤਾਉਂਦਾ ਹੈ | ਹਮਲੇ ਲਈ ਇਸ ਸਮੇਂ ਨੂੰ ਚੁਣਿਆ ਗਿਆ | ਵੈਸੇ ਪਿਛਲੇ 12 ਮਹੀਨਿਆਂ ਤੋਂ ਅਮਰੀਕੀ ਏਜੰਸੀਆਂ ਜ਼ਵਾਹਿਰੀ ਦਾ ਪਿੱਛਾ ਕਰ ਰਹੀਆਂ ਸਨ | ਇਹ ਟਿਕਾਣਾ ਮੱਧ ਕਾਬੁਲ ਦੇ ਸ਼ੇਰਪੁਰ ਇਲਾਕੇ ‘ਚ ਹੈ | ਇਹ ਪੂਰਾ ਇਲਾਕਾ ਅਫਗਾਨ ਡਿਫੈਂਸ ਮਨਿਸਟਰੀ ਦਾ ਹੈ | ਹਾਲ ਦੇ ਦਿਨਾਂ ‘ਚ ਇੱਥੇ ਅਫਗਾਨਿਸਤਾਨ ਦੇ ਵੱਡੇ ਅਫਸਰਾਂ ਦੇ ਘਰ ਬਣੇ ਹਨ | ਕੁਝ ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਗ੍ਰਹਿ ਮੰਤਰੀ ਅਤੇ ਅੱਤਵਾਦੀ ਸਿਰਾਜੁਦੀਨ ਹੱਕਾਨੀ ਨੇ ਉਸ ਨੂੰ ਆਪਣੇ ਇੱਕ ਬੇਹੱਦ ਸੁਰੱਖਿਅਤ ਘਰ ‘ਚ ਪਨਾਹ ਦਿੱਤੀ ਸੀ |
ਅਮਰੀਕੀ ਅਫਸਰ ਮੁਤਾਬਕ ਜ਼ਵਾਹਿਰੀ ਸੁਰੱਖਿਅਤ ਘਰ ‘ਚ ਆਪਣੇ ਪਰਵਾਰ ਦੇ ਨਾਲ ਰਹਿੰਦਾ ਸੀ | ਅਮਰੀਕੀ ਅਧਿਕਾਰੀਆਂ ਨੇ ਕਿਹਾ, ਇਸ ਹਮਲੇ ‘ਚ ਪਰਵਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ | ਅਮਰੀਕਾ ਨੇ ਇਸ ਹਮਲੇ ਬਾਰੇ ਤਾਲਿਬਾਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ | ਅਮਰੀਕੀ ਹਮਲੇ ਤੋਂ ਬਾਅਦ ਤਾਲਿਬਾਨ ਸਰਕਾਰ ਭੜਕ ਗਈ ਹੈ | ਅਮਰੀਕਾ ਨੂੰ ਚੇਤਾਵਨੀ ਦਿੰਦਿਆਂ ਤਾਲਿਬਾਨ ਦੇ ਬੁਲਾਰੇ ਜਬੀਉਲ੍ਹਾ ਨੇ ਕਿਹਾ ਕਿ 31 ਜੁਲਾਈ ਨੂੰ ਕਾਬੁਲ ਸ਼ਹਿਰ ਦੇ ਸ਼ੇਰਪੁਰ ਇਲਾਕੇ ‘ਚ ਇੱਕ ਹਮਲੇ ਨੂੰ ਅੰਜਾਮ ਦਿੱਤਾ ਗਿਆ | ਇਸ ਹਮਲੇ ਬਾਰੇ ਪਹਿਲਾਂ ਪਤਾ ਨਹੀਂ ਲੱਗ ਸਕਿਆ, ਪਰ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਸ ਨੂੰ ਅਮਰੀਕਾ ਦੇ ਡਰੋਨ ਰਾਹੀਂ ਅੰਜਾਮ ਦਿੱਤਾ ਗਿਆ | ਤਾਲਿਬਾਨ ਨੇ ਕਿਹਾ—ਇਹ ਦੋਹਾ ਸਮਝੌਤੇ ਦੀ ਉਲੰਘਣਾ ਹੈ |
‘ਨਿਊਯਾਰਕ ਟਾਇਮਜ਼’ ਦੀ ਰਿਪੋਰਟ ਮੁਤਾਬਕ ਇਹ ਡਰੋਨ ਹਮਲਾ ਅਮਰੀਕੀ ਖੁਫ਼ੀਆ ਏਜੰਸੀ ਸੀ ਆਈ ਏ ਦੀ ਸਪੈਸ਼ਲ ਟੀਮ ਨੇ ਕੀਤੀ | ਜ਼ਵਾਹਿਰੀ ਅਗਸਤ 2021 ‘ਚ ਅਫਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਆਉਣ ਤੋਂ ਬਾਅਦ ਹੀ ਕਾਬੁਲ ‘ਚ ਰਹਿ ਰਿਹਾ ਸੀ |