ਪਟਿਆਲਾ : ਬੁੱਧਵਾਰ ਇੱਥੇ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ | ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਪ੍ਰਮੁੱਖ ਮੈਂਬਰ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਸ਼ਾਮਲ ਸਨ | ਐਕਸ਼ਨ ਕਮੇਟੀ ਨੇ ਪੀ ਆਰ ਟੀ ਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ 6 ਜੂਨ ਨੂੰ ਦਿੱਤੇ ਗਏ ਮੰਗ ਪੱਤਰ ਰਾਹੀਂ ਉਠਾਈਆਂ ਮੰਗਾਂ, ਜੋ 4 ਜੁਲਾਈ ਨੂੰ ਮੈਨੇਜਿੰਗ ਡਾਇਰੈਕਟਰ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚਰਚਾ ਦੀ ਸਮੀਖਿਆ ਕੀਤੀ ਗਈ | ਮੀਟਿੰਗ ‘ਚ ਵਿਚਾਰ-ਵਟਾਂਦਰਾ ਕਰਨ ਉਪਰੰਤ ਮਹਿਸੂਸ ਕੀਤਾ ਕਿ ਮੈਨੇਜਮੈਂਟ ਵੱਲੋਂ ਕਿਸੇ ਵੀ ਮੰਗ ਦਾ ਨਿਪਟਾਰਾ ਨਹੀਂ ਕੀਤਾ ਗਿਆ | ਐਕਸ਼ਨ ਕਮੇਟੀ ਨੇ ਅਜਿਹੇ ਵਿੱਚ ਫੈਸਲਾ ਕੀਤਾ ਕਿ ਇਨ੍ਹਾਂ ਮੰਗਾਂ ਲਈ ਪੜਾਅਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਪਹਿਲੇ ਪੜਾਅ ਵਜੋਂ ਬੱਸ ਸਟੈਂਡ ਪਟਿਆਲਾ ਵਿਖੇ ਲਗਾਤਾਰ ਇੱਕ ਹਫਤਾ ਧਰਨਾ ਦਿੱਤਾ ਜਾਵੇਗਾ ਅਤੇ ਹਰ ਰੋਜ਼ ਰੋਸ ਮਾਰਚ ਵੀ ਕੀਤਾ ਜਾਇਆ ਕਰੇਗਾ |
ਜਿਨ੍ਹਾਂ ਮੰਗਾਂ ਸੰਬੰਧੀ ਮੈਨੇਜਮੈਂਟ ਨਾਲ ਵਿਵਾਦ ਚੱਲ ਰਿਹਾ ਹੈ, ਉਹਨਾਂ ਵਿੱਚ ਤਨਖਾਹ, ਪੈਨਸ਼ਨ ਹਰ ਮਹੀਨੇ ਸਮੇਂ ਸਿਰ ਨਾ ਮਿਲਣਾ, ਸਿੱਧੇ ਕੰਟਰੈਕਟ ਅਧੀਨ 3 ਸਾਲ ਪੂਰੇ ਕਰ ਚੁੱਕੇ ਕਰਮਚਾਰੀ ਤੁਰੰਤ ਪੱਕੇ ਕੀਤੇ ਜਾਣ, ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਸਹੂਲਤਾਂ ਬਦਲੇ ਬਣਦੇ ਲੱਗਭੱਗ 200 ਕਰੋੜ ਰੁਪਏ ਪੀ ਆਰ ਟੀ ਸੀ ਨੂੰ ਨਾ ਅਦਾ ਕਰਨੇ, ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦਾ ਗਲਤ ਫੈਸਲਾ, ਕੰਟਰੈਕਟ/ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨਾ ਅਤੇ ਉਹਨਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣਾ, ਬਠਿੰਡਾ ਵਿਖੇ ਟਿਕਟ ਮਸ਼ੀਨਾ ਦੇ ਸਕੈਂਡਲ ਦੇ ਦੋਸ਼ੀਆਂ ਦੀ ਗਿ੍ਫਤਾਰੀ ਨਾ ਹੋਣਾ ਅਤੇ ਜਨਰਲ ਮੈਨੇਜਰ ਬਠਿੰਡਾ ਰਮਨ ਸ਼ਰਮਾ ਵਿਰੁੱਧ ਕੋਈ ਸਖਤ ਐਕਸ਼ਨ ਨਾ ਲੈਣਾ, ਰਿਟ ਨੰ: 8240 ਰਾਹੀਂ ਰੈਗੂਲਰ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਨਾ ਲੈਣਾ, ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਦਾ ਮੈਂਬਰ ਨਾ ਬਣਾਇਆ ਜਾਣਾ, ਮੈਡੀਕਲ ਬਿੱਲਾਂ ਅਤੇ ਹੋਰ ਹਰ ਕਿਸਮ ਦੇ ਬਕਾਏ ਅਦਾ ਨਾ ਕਰਨਾ, ਟਾਟਾ ਗੱਡੀਆਂ ਦੀ ਖਰੀਦ ਨਾਲ ਪੀ ਆਰ ਟੀ ਸੀ ਦੇ ਹੋ ਰਹੇ ਨੁਕਸਾਨ ਸੰਬੰਧੀ, ਵੱਖ-ਵੱਖ ਕੈਟਾਗਰੀਆਂ ਵਿਚੋਂ ਸਰੰਡਰ ਕੀਤੀਆਂ ਪੋਸਟਾਂ ਮੁੜ ਬਹਾਲ ਕਰਨਾ, ਡਿਪੂਆਂ ਵਿੱਚ ਵਰਕਰਾਂ ਨਾਲ ਸੰਬੰਧਤ ਹਰ ਕਿਸਮ ਦੇ ਕੰਮਾਂ ਵਿੱਚ ਵਿਤਕਰੇਬਾਜ਼ੀ ਬੰਦ ਕਰਨਾ, ਓਵਰਟਾਈਮ ਦੀ ਅਦਾਇਗੀ ਅਤੇ ਐਕਸ਼ਨ ਦੀ ਉਲੰਘਣਾ ਸੰਬੰਧੀ, ਅਦਾਲਤੀ ਫੈਸਲੇ ਲਾਗੂ ਕਰਨੇ ਆਦਿ ਸ਼ਾਮਲ ਹਨ | ਐਕਸ਼ਨ ਕਮੇਟੀ ਵੱਲੋਂ ਸਾਰੇ ਡਿਪੂਆਂ ਦੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਆਪਣੀ-ਆਪਣੀ ਜਥੇਬੰਦੀ ਨਾਲ ਤਾਲਮੇਲ ਕਰਕੇ ਲੱਗੇ ਕੋਟੇ ਅਨੁਸਾਰ ਕਰਮਚਾਰੀ 10 ਅਗਸਤ ਨੂੰ ਪਟਿਆਲਾ ਬੱਸ ਸਟੈਂਡ ਵਿਖੇ ਪੁੱਜਣ |