ਚੰਡੀਗੜ੍ਹ : ਚੰਡੀਗੜ੍ਹ ਵਿਖੇ ਸੂਬਾਈ ਦਫਤਰ ਵਿਚ ਚੱਲੀ 2 ਦਿਨ ਦੀ ਐਗਜ਼ੈਕਟਿਵ ਮੀਟਿੰਗ ਵਿਚ ਪਾਰਟੀ ਨੇ ਫੈਸਲਾ ਕੀਤਾ ਕਿ ਕੇਂਦਰ ਵੱਲੋਂ ਪੰਜਾਬ ਦੇ ਚਿਰਾਂ ਤੋਂ ਲਟਕਾਏ ਜਾ ਰਹੇ ਬੁਨਿਆਦੀ ਮਸਲਿਆਂ ’ਤੇ ਵਿਆਪਕ ਮੁਹਿੰਮ ਚਲਾਈ ਜਾਵੇ। ਬੀਬੀ ਰਾਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਚੱਲੀ ਮੀਟਿੰਗ ਵਿਚ ਲੋਕ ਸਭਾ ਦੀਆਂ ਚੋਣਾਂ ਉਪਰੰਤ ਮੰਥਨ ਕਰਦਿਆਂ ਲੋਕਾਂ ਵਿਚੋਂ ਪਾਰਟੀ ਦੇ ਘਟਦੇ ਪ੍ਰਭਾਵ ’ਤੇ ਡੂੰਘਾ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਫੈਸਲਿਆਂ ਬਾਰੇ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਨਵੀਂ ਸ਼ਕਤੀ ਪ੍ਰਦਾਨ ਕਰਨ ਦਾ ਇਕੋ-ਇਕ ਮੂਲ ਮੰਤਰ ਇਹ ਹੈ ਕਿ ਲੁਟੀਆਂ ਜਾ ਰਹੀਆਂ ਜਮਾਤਾਂ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ’ਤੇ ਜ਼ੋਰਦਾਰ ਲੜਾਈ ਆਰੰਭੀ ਜਾਵੇ ਅਤੇ ਪਾਰਟੀ ਪ੍ਰੋਗਰਾਮ ਅਤੇ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।
ਸਾਥੀ ਬਰਾੜ ਨੇ ਦੱਸਿਆ ਕਿ ਕੇਂਦਰੀ ਸਰਕਾਰਾਂ ਦੀਆਂ ਪੰਜਾਬ ਪ੍ਰਤੀ ਵਿਤਕਰੇ ਭਰੀਆਂ ਨੀਤੀਆਂ ਅਤੇ ਕੁਰੱਪਟ ਪ੍ਰਾਂਤਿਕ ਸਰਕਾਰਾਂ ਦੇ ਇਨ੍ਹਾਂ ਮੁੱਦਿਆਂ ’ਤੇ ਲੋੜੀਂਦੀ ਲੜਾਈ ਨਾ ਲੜਨ ਕਾਰਨ ਪ੍ਰਾਂਤ ਗੰਭੀਰ ਆਰਥਕ, ਰਾਜਨੀਤਕ ਅਤੇ ਸਮਾਜਕ ਸੰਕਟਾਂ ਦਾ ਸ਼ਿਕਾਰ ਹੋ ਗਿਆ ਹੈ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣ, ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਵਿਚ ਵਿਸ਼ੇਸ਼ ਦਰਜਾ ਨਾ ਦੇਣਾ, ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਅਤੇ ਗੁਆਂਢੀ ਪ੍ਰਾਂਤਾਂ ਨੂੰ ਵਧੇਰੇ ਪਾਣੀ ਦੇਣਾ, ਫਸਲਾਂ ਦੇ ਬਦਲਵੇਂ ਹੱਲ ਲਈ ਸਰਕਾਰਾਂ ਦੀਆਂ ਗਲਤ ਨੀਤੀਆਂ, ਕਿਸਾਨੀ ਪੈਦਾਵਾਰ ਦੀਆਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਨਾਂਹ-ਨੁਕਰ, ਪੈਦਾਵਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇ ਕਾਨੂੰਨੀ ਅਮਲ ਤੋਂ ਮੁਨਕਰ ਹੋਣਾ, ਖੇਤ ਮਜ਼ਦੂਰਾਂ ਲਈ ਮਨਰੇਗਾ ਨੂੰ ਘੱਟੋ-ਘੱਟ 200 ਦਿਨ ਲਈ ਯਕੀਨੀ ਬਣਾਉਣਾ ਅਤੇ ਸਭ ਤੋਂ ਮਹੱਤਵਪੂਰਨ ਮਸਲਾ, ਰੁਜ਼ਗਾਰ ਦੇ ਸਾਧਨ ਜੁਟਾਉਣ ਤੋਂ ਮੁਨਕਰ ਹੋਣਾ, ਕੰਮ ਦੇ ਅਧਿਕਾਰ ਨੂੰ ਸੰਵਿਧਾਨਕ ਰੂਪ ਦੇ ਕੇ ਕਾਨੂੰਨੀ ਬਣਾਉਣਾ ਅਤੇ ਖਾਲੀ ਅਸਾਮੀਆਂ ਪੁਰ ਕਰਨ ਅਤੇ ਘੱਟੋ-ਘੱਟ ਉਜਰਤਾਂ 26000 ਰੁਪਏ ਨਿਰਧਾਰਤ ਕਰਕੇ ਠੇਕਾ ਪ੍ਰਣਾਲੀ ਖਤਮ ਕਰਨੀ ਆਦਿ ਅਨੇਕਾਂ ਮਸਲੇ, ਜਿਹੜੇ ਚਿਰਾਂ ਤੋਂ ਸਰਕਾਰਾਂ ਲਟਕਾ ਰਹੀਆਂ ਹਨ। ਵਿੱਦਿਆ ਅਤੇ ਸਿਹਤ ਸੇਵਾਵਾਂ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ, ਸਨਅਤੀ ਖੇਤਰ ਦੀ ਬਰਬਾਦੀ ਵੀ ਜਾਣ-ਬੁਝ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਹੈ, ਜਿਨ੍ਹਾਂ ਕਰਕੇ ਗੁਆਂਢੀਆਂ ਪ੍ਰਾਂਤਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਗਈਆਂ ਹਨ ਤੇ ਸਨਅਤਾਂ ਪੰਜਾਬ ਨੂੰ ਛੱਡ ਰਹੀਆਂ ਹਨ। ਲੱਕ ਤੋੜਵੀਂ ਮਹਿੰਗਾਈ ਦੇ ਨਾਲ-ਨਾਲ ਕੁਰੱਪਸ਼ਨ, ਨਸ਼ਾ ਮਾਫੀਏ ਅਤੇ ਗੈਂਗਸਟਰਾਂ ਵੱਲੋਂ ਮਚਾਈ ਗਈ ਤਬਾਹੀ, ਫਿਰੌਤੀਆਂ ਅਤੇ ਹਿੰਸਾਤਮਕ ਕਾਰਵਾਈਆਂ ਨੇ ਆਮ ਲੋਕਾਂ ਦਾ ਜੀਵਨ ਹੀ ਦੁੱਭਰ ਕਰ ਛੱਡਿਆ ਹੈ। ਪੰਜਾਬ ਅੰਦਰ ਅਰਾਜਕਤਾ ਵਾਲੀ ਹਾਲਤ ਬਣੀ ਹੋਈ ਹੈ। ਉਹਨਾ ਦੱਸਿਆ ਕਿ ਪਾਰਟੀ ਸਮਝਦੀ ਹੈ ਕਿ ਸਾਰੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ ’ਤੇ ਕਈ ਸਾਲਾਂ ਤੋਂ ਜੇਲ੍ਹੀਂ ਡੱਕੇ ਬੁੱਧੀਜੀਵੀਆਂ, ਲੇਖਕ, ਸਮਾਜ ਸੇਵਕ, ਜਰਨਲਿਸਟ ਅਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹਨਾ ਆਖਿਆ ਕਿ ਅੰਮਿ੍ਰਤਪਾਲ ਸਿੰਘ ਨੂੰ ਵੀ ਰਿਹਾਅ ਕਰਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਸਾਥੀ ਬਰਾੜ ਨੇ ਆਖਿਆ ਕਿ ਪਾਰਟੀ ਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਜਮਹੂਰੀ ਅਤੇ ਲੋਕ-ਪੱਖੀ ਲੋਕ ਇਸ ਅੰਦੋਲਨ ਦੀ ਜ਼ੋਰਦਾਰ ਹਮਾਇਤ ਕਰਨਗੇ।