28.6 C
Jalandhar
Friday, October 18, 2024
spot_img

ਆਜ਼ਾਦੀ ਤੋਂ ਬਾਅਦ ਪੰਜਾਬ ’ਚ ਬਣੇਗੀ ਪਹਿਲੀ ਨਹਿਰ : ਭਗਵੰਤ ਮਾਨ

ਸ੍ਰੀ ਮੁਕਤਸਰ ਸਾਹਿਬ/ਮਲੋਟ/ਦੋਦਾ (ਸ਼ਮਿੰਦਰਪਾਲ/ਪੂਜਾ/ਚਾਵਲਾ/ਪਰਮਜੀਤ ਸਿੰਘ/ਗੁਰਮੀਤ ਮੱਕੜ/ਵਕੀਲ ਬਰਾੜ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਕਿਹਾ ਕਿ ਸੂਬਾ ਇਕ ਨਵਾਂ ਇਤਿਹਾਸ ਸਿਰਜਣ ਦੇ ਕੰਢੇ ’ਤੇ ਹੈ, ਕਿਉਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੱਖਣੀ ਪੰਜਾਬ ਦੀਆਂ ਸਿੰਜਾਈ ਲੋੜਾਂ ਦੀ ਪੂਰਤੀ ਲਈ ਨਵੀਂ ਨਹਿਰ ‘ਮਾਲਵਾ ਕੈਨਾਲ’ ਪੁੱਟੀ ਜਾ ਰਹੀ ਹੈ।ਮਾਲਵਾ ਨਹਿਰ ਦੇ ਚੱਲ ਰਹੇ ਕੰਮ ਦਾ ਮੁਆਇਨਾ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਰਿਕਾਰਡ ਹੈ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਸੂਬੇ ਦੀ ਇਸ ਲੋੜ ਵੱਲ ਧਿਆਨ ਨਹੀਂ ਦਿੱਤਾ।ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇਸ ਘੋਰ ਅਣਗਹਿਲੀ ਕਾਰਨ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਹੋਈ, ਜਿਸ ਕਾਰਨ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਤਬਦੀਲ ਹੋ ਗਏ। ਮਾਨ ਨੇ ਕਿਹਾ ਕਿ ਲਗਭਗ 150 ਕਿਲੋਮੀਟਰ ਲੰਮੀ ਇਹ ਨਵੀਂ ਨਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ’ਚ ਬੇਮਿਸਾਲ ਤਰੱਕੀ ਅਤੇ ਖ਼ੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਵੱਕਾਰੀ ਪ੍ਰਾਜੈਕਟ ’ਤੇ ਲਗਭਗ 2300 ਕਰੋੜ ਰੁਪਏ ਖਰਚ ਕਰੇਗੀ, ਜੋ ਸੂਬੇ ਦੀ ਲਗਭਗ ਦੋ ਲੱਖ ਏਕੜ ਉਪਜਾਊ ਜ਼ਮੀਨ ਦੀਆਂ ਸਿੰਜਾਈ ਲੋੜਾਂ ਦੀ ਪੂਰਤੀ ਕਰੇਗੀ। ਉਨ੍ਹਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕਾਫੀ ਪਹਿਲਾਂ ਇਸ ਪ੍ਰਾਜੈਕਟ ਦਾ ਵਿਚਾਰ ਬਣਾਇਆ ਸੀ।ਉਨ੍ਹਾ ਕਿਹਾ ਕਿ ਅਸਲ ਵਿੱਚ ਇਹ ਉਨ੍ਹਾਂ ਦਾ ਸੁਪਨਮਈ ਪ੍ਰਾਜੈਕਟ ਹੈ, ਜਿਸ ਦਾ ਉਦੇਸ਼ ਸੂਬੇ ਦੇ ਸਮੁੱਚੇ ਵਿਕਾਸ ਅਤੇ ਵਿਸ਼ੇਸ਼ ਤੌਰ ’ਤੇ ਮਾਲਵਾ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣਾ ਹੈ।
ਪਿਛਲੇ ਹੁਕਮਰਾਨਾਂ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਥ ਦੇ ਨਾਂਅ ’ਤੇ ਵੋਟਾਂ ਮੰਗਣ ਵਾਲਿਆਂ ਨੇ ਕਦੇ ਵੀ ਅਜਿਹਾ ਕਦਮ ਚੁੱਕਣ ਦੀ ਖੇਚਲ ਨਹੀਂ ਕੀਤੀ। ਅਕਾਲੀ ਆਗੂ ਅਜਿਹੇ ਪ੍ਰਾਜੈਕਟਾਂ, ਜਿਨ੍ਹਾਂ ਨਾਲ ਆਮ ਆਦਮੀ ਦੀ ਕਿਸਮਤ ਬਦਲ ਸਕਦੀ ਸੀ, ਨੂੰ ਚਲਾਉਣ ਦੀ ਬਜਾਏ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਅਜਿਹੇ ਲੋਕ ਵਿਰੋਧੀ ਪੈਂਤੜੇ ਕਾਰਨ ਇਨ੍ਹਾਂ ਆਗੂਆਂ ਨੂੰ ਵੋਟਰਾਂ ਨੇ ਸਿਰੇ ਤੋਂ ਨਕਾਰ ਦਿੱਤਾ ਅਤੇ ਮੌਜੂਦਾ ਸਰਕਾਰ ਨੂੰ ਵੱਡਾ ਫਤਵਾ ਦਿੱਤਾ।ਮੁੱਖ ਮੰਤਰੀ ਨੇ ਵਿਅੰਗ ਕੀਤਾ ਕਿ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸੂਬੇ ਦੇ ਪਾਣੀਆਂ ਦੀ ਰਾਇਲਟੀ ਮੰਗਣ ਦੇ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ।ਉਨ੍ਹਾ ਲੋਕ ਸਭਾ ਮੈਂਬਰ ਨੂੰ ਯਾਦ ਦਿਵਾਇਆ ਕਿ 1970 ਦੇ ਦਹਾਕੇ ਤੋਂ ਬਾਅਦ ਜ਼ਿਆਦਾ ਸਮੇਂ ਤੱਕ ਉਨ੍ਹਾ ਦਾ ਪਰਵਾਰ ਪੰਜਾਬ ਵਿੱਚ ਸੱਤਾ ਉੱਤੇ ਕਾਬਜ਼ ਰਿਹਾ, ਪਰ ਉਨ੍ਹਾਂ ਕਦੇ ਵੀ ਇਸ ਮੁੱਦੇ ਨੂੰ ਕਿਤੇ ਵੀ ਨਹੀਂ ਚੁੱਕਿਆ। ਹੁਣ ਜਦੋਂ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਆਸੀ ਗੁਮਨਾਮੀ ’ਚ ਧੱਕ ਦਿੱਤਾ ਹੈ ਤਾਂ ਬਾਦਲ ਪਰਵਾਰ ਇਹ ਮੁੱਦੇ ਉਠਾ ਰਿਹਾ ਹੈ। ਸੂਬੇ ਦੇ ਸੂਝਵਾਨ ਲੋਕ ਇਸ ਪਰਵਾਰ ਦਾ ਅਸਲੀ ਚਿਹਰਾ ਜਾਣਦੇ ਹਨ ਅਤੇ ਉਹ ਇਨ੍ਹਾਂ ਦੇ ਗੁਨਾਹਾਂ ਲਈ ਉਨ੍ਹਾਂ ਨੂੰ ਕਦੇ ਵੀ ਨਹੀਂ ਬਖਸ਼ਣਗੇ।

Related Articles

LEAVE A REPLY

Please enter your comment!
Please enter your name here

Latest Articles