ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਗਾਜ਼ੀਪੁਰ ਤੋਂ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਅਫਜ਼ਲ ਅੰਸਾਰੀ ਨੂੰ ਭਾਜਪਾ ਦੇ ਸਾਬਕਾ ਵਿਧਾਇਕ ਕਿ੍ਰਸ਼ਨਾਨੰਦ ਰਾਏ ਨੂੰ 2005 ’ਚ ਕਤਲ ਕਰਨ ਦੇ ਕੇਸ ਵਿਚ ਗੈਂਗਸਟਰ ਐਕਟ ਤਹਿਤ ਸਜ਼ਾ ਸੁਣਾਉਣ ਵਾਲੀ ਗਾਜ਼ੀਪੁਰ ਦੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਇਸ ਨਾਲ ਅੰਸਾਰੀ ਦੇ ਲੋਕ ਸਭਾ ਮੈਂਬਰ ਬਣੇ ਰਹਿਣ ਲਈ ਰਾਹ ਪੱਧਰਾ ਹੋ ਗਿਆ ਹੈ। ਜਸਟਿਸ ਐੱਸ ਕੇ ਸਿੰਘ ਨੇ ਯੂ ਪੀ ਸਰਕਾਰ ਤੇ �ਿਸ਼ਨਾਨੰਦ ਦੇ ਬੇਟੇ ਪਿਯੂਸ਼ ਕੁਮਾਰ ਰਾਏ ਦੀ ਸਜ਼ਾ ਵਧਾਉਣ ਦੀ ਮੰਗ ਵੀ ਰੱਦ ਕਰ ਦਿੱਤੀ।
ਗਾਜ਼ੀਪੁਰ ਦੀ ਐੱਮ ਪੀ-ਐੱਮ ਐੱਲ ਏ ਅਦਾਲਤ ਨੇ ਅੰਸਾਰੀ ਨੂੰ ਚਾਰ ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਕਾਰਨ ਉਨ੍ਹਾ ਦੀ ਸੰਸਦ ਮੈਂਬਰੀ ਖਤਮ ਹੋ ਗਈ ਸੀ। ਇਸ ਵਿਰੁੱਧ ਉਨ੍ਹਾ ਹਾਈ ਕੋਰਟ ਵਿਚ ਅਪੀਲ ਕੀਤੀ। ਲੋਕ ਪ੍ਰਤੀਨਿਧਤਾ ਕਾਨੂੰਨ ਮੁਤਾਬਕ ਜੇ ਕਿਸੇ ਸਾਂਸਦ ਜਾਂ ਵਿਧਾਇਕ ਨੂੰ ਦੋ ਸਾਲ ਜਾਂ ਵੱਧ ਦੀ ਕੈਦ ਹੁੰਦੀ ਹੈ ਤਾਂ ਉਹ ਉਹ ਛੇ ਸਾਲ ਲਈ ਮੈਂਬਰੀ ਦੇ ਅਯੋਗ ਹੋ ਜਾਂਦਾ ਹੈ। ਹਾਈ ਕੋਰਟ ਨੇ ਪੰਜ ਵਾਰ ਦੇ ਵਿਧਾਇਕ ਤੇ ਦੋ ਵਾਰ ਦੇ ਸਾਂਸਦ ਅੰਸਾਰੀ ਨੂੰ 24 ਜੁਲਾਈ 2023 ਵਿਚ ਜ਼ਮਾਨਤ ਦੇ ਦਿੱਤੀ ਸੀ। ਉਹ ਜੇਲ੍ਹ ਤੋਂ ਬਾਹਰ ਆ ਗਏ ਸਨ, ਪਰ ਸੰਸਦ ਦੀ ਮੈਂਬਰੀ ਬਹਾਲ ਨਹੀਂ ਹੋਈ ਸੀ। ਬਾਅਦ ਵਿਚ ਸੁਪਰੀਮ ਕੋਰਟ ਨੇ ਸਜ਼ਾ ’ਤੇ ਰੋਕ ਲਾ ਦਿੱਤੀ ਸੀ, ਜਿਸ ਨਾਲ ਮੈਂਬਰੀ ਬਹਾਲ ਹੋ ਗਈ ਸੀ ਤੇ ਉਹ 2024 ਦੀ ਲੋਕ ਸਭਾ ਚੋਣ ਲੜਨ ਦੇ ਯੋਗ ਹੋ ਗਏ ਸਨ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਅਪੀਲ ’ਤੇ ਤੇਜ਼ੀ ਨਾਲ ਫੈਸਲਾ ਕਰੇ। ਹੁਣ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਰੱਦ ਕਰ ਦਿੱਤਾ ਹੈ। ਅਫਜ਼ਲ ਦੇ ਭਰਾ ਮੁਖਤਾਰ ਅੰਸਾਰੀ ਦੀ ਇਸ ਸਾਲ ਦੇ ਸ਼ੁਰੂ ਵਿਚ ਮੌਤ ਹੋ ਗਈ ਸੀ।