ਨਰੇਗਾ ਕੰਮ ਸਾਲ ’ਚ 200 ਦਿਨ ਤੇ ਦਿਹਾੜੀ 1000 ਰੁਪਏ ਕੀਤੀ ਜਾਵੇ : ਮਾੜੀਮੇਘਾ, ਦੇਵੀ ਕੁਮਾਰੀ, ਸੋਹਲ
ਤਰਨ ਤਾਰਨ : ਸੀ ਪੀ ਆਈ ਨੇ ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰ ਦਾ ਸਮਾਗਮ ਕਰਕੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ। ਇਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਦਦੇਹਰ ਸਾਹਿਬ, ਪਰਮਜੀਤ ਕੌਰ ਮਾੜੀਮੇਘਾ ਤੇ ਨਰਿੰਦਰ ਸਿੰਘ ਅਲਗੋਂ ਨੇ ਕੀਤੀ।ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਊਧਮ ਸਿੰਘ ਗਰੀਬ ਘਰ ਦਾ ਨੌਜਵਾਨ ਸੀ।ਉਨ੍ਹਾ ਦੇ ਬਾਪ ਰੇਲਵੇ ਫਾਟਕ ਦੇ ਗੇਟਮੈਨ ਸਨ।ਉਨ੍ਹਾ ਘਰ ਬੱਕਰੀਆਂ ਰੱਖੀਆਂ ਹੋਈਆਂ ਸਨ ਅਤੇ ਊਧਮ ਸਿੰਘ ਤੇ ਉਨ੍ਹਾ ਦਾ ਭਰਾ ਸਾਧੂ ਸਿੰਘ ਬੱਕਰੀਆਂ ਚਾਰਦੇ ਸਨ।ਊਧਮ ਤੇ ਸਾਧੂ ਸਿੰਘ ਨੂੰ ਉਨ੍ਹਾਂ ਦਾ ਬਾਪ ਦੀਵਾਲੀ ਵਿਖਾਉਣ ਲਈ ਅੰਮਿ੍ਰਤਸਰ ਨੂੰ ਤੁਰ ਪਿਆ।ਸ਼ਹਿਰ ਦੇ ਲਾਗੇ ਉਸ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਵਾਕਫਕਾਰ ਨੇ ਉਨ੍ਹਾ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ, ਜਿਥੇ ਉਨ੍ਹਾ ਦੀ ਮੌਤ ਹੋ ਗਈ।ਉਹ ਵਾਕਫਕਾਰ ਦੋਵੇਂ ਬੱਚਿਆਂ ਊਧਮ ਸਿੰਘ ਤੇ ਸਾਧੂ ਸਿੰਘ ਨੂੰ ਪੁਤਲੀਘਰ ਅੰਮਿ੍ਰਤਸਰ ਦੇ ਯਤੀਮਖਾਨੇ ਛੱਡ ਆਇਆ, ਜਿਥੇ ਉਹ ਜਵਾਨ ਹੋਏ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੌਰਾਨ ਜਲ੍ਹਿਆਂ ਵਾਲੇ ਬਾਗ ਵਿੱਚ ਜਲਸਾ ਹੋ ਰਿਹਾ ਸੀ ਤਾਂ ਊਧਮ ਸਿੰਘ ਉਥੇ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਸੀ। ਅੰਗਰੇਜ਼ ਹਾਕਮ ਜਨਰਲ ਡਾਇਰ ਫੌਜ ਸਮੇਤ ਆਇਆ ਤੇ ਉਸ ਨੇ ਬਿਨਾਂ ਵਾਰਨਿੰਗ ਜਲਸੇ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਤੇ 2000 ਤੋਂ ਉੱਪਰ ਅੰਦੋਲਨਕਾਰੀ ਮਾਰੇ ਗਏ। ਊਧਮ ਸਿੰਘ ਨੇ ਸ਼ਹੀਦਾਂ ਦੀ ਕਸਮ ਖਾ ਲਈ ਕਿ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲਿਆ ਜਾਵੇਗਾ।ਊਧਮ ਨੇ ਲੰਡਨ ਜਾ ਕੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਸਰੇਆਮ ਮੌਤ ਦੇ ਘਾਟ ਉਤਾਰ ਕੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲਿਆ।ਅੰਗਰੇਜ਼ਾਂ ਤੋਂ ਹਿੰਦੁਸਤਾਨ ਆਜ਼ਾਦ ਹੋ ਗਿਆ, ਪਰ ਰਾਜ ਗੱਦੀ ’ਤੇ ਧਨ-ਦੌਲਤ ਵਾਲੇ ਕਾਬਜ਼ ਹੋ ਗਏ, ਜਿਹੜੇ ਅੱਜ ਤੱਕ ਕਾਬਜ਼ ਹਨ।ਭਾਜਪਾ ਧਨਾਢਾਂ ਤੇ ਵਪਾਰੀਆਂ ਦੀ ਪਾਰਟੀ ਤਾਂ ਹੈ ਹੀ ਹੈ, ਪਰ ਇਹ ਕਾਂਗਰਸ ਤੋਂ ਅੱਗੇ ਕੱਟੜ ਫਿਰਕੂ ਵੀ ਹੈ।ਇਸ ਦੇ ਰਾਜ ਅਧੀਨ ਦੇਸ਼ ਦੀ ਜਨਤਾ ਦੀ ਇਹ ਹਾਲਤ ਹੈ ਕਿ ਅੱਧ ਤੋਂ ਵੱਧ ਵਸੋਂ ਭੁੱਖ ਦੀ ਮਾਰੀ ਦਰ ਬਦਰ ਧੱਕੇ ਖਾ ਰਹੀ ਹੈ।ਪੰਜਾਬ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਆਪਣੀਆਂ ਜਾਇਦਾਦਾਂ ਵੇਚ ਕੇ ਵਿਦੇਸ਼ਾਂ ਵਿੱਚ ਕਿਰਤ ਭਾਲਦੇ ਹਨ।ਉਥੇ ਵੀ ਰੁਜ਼ਗਾਰ ਨਹੀਂ ਮਿਲ ਰਿਹਾ।ਉਥੋਂ ਦੇ ਮੂਲ ਵਾਸੀਆਂ ਦੇ ਬਰਤਨ ਸਾਫ਼ ਕਰਕੇ ਆਪਣੀ ਭੁੱਖ ਮਿਟਾਉਣ ਲਈ ਮਜਬੂਰ ਹਨ।ਬਰਾੜ ਨੇ ਕਿਹਾ ਕਿ ਇਸ ਪ੍ਰਸਥਿਤੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਅਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਪਾਰਟੀ ਲਗਾਤਾਰ ਇੱਕ ਮਹੀਨਾ ਪਿੰਡਾਂ ਦੀਆਂ ਪਾਰਟੀ ਬ੍ਰਾਂਚਾਂ ਦੀਆਂ ਮੀਟਿੰਗਾਂ ਕਰਨ ਜਾ ਰਹੀ ਹੈ। ਫਿਰ ਬਲਾਕ ਤੇ ਜ਼ਿਲ੍ਹਾ ਜਨਰਲ ਬਾਡੀ ਮੀਟਿੰਗਾਂ ਹੋਣਗੀਆਂ।ਨਵੰਬਰ ਮਹੀਨੇ ਵਿੱਚ ਪੰਜਾਬ ਵਿੱਚ ਖੇਤਰੀ ਪੱਧਰ ਦੀਆਂ ਰੈਲੀਆਂ ਕੀਤੀਆਂ ਜਾਣਗੀਆਂ। ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਸੂਬਾਈ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ, ਮੁਲਾਜ਼ਮਾਂ ਤੇ ਮੱਧ ਵਰਗੀ ਲੋਕਾਂ ਨੂੰ ਬਜਟ ਵਿੱਚ ਕੁਝ ਵੀ ਨਹੀਂ ਦਿੱਤਾ, ਸਗੋਂ ਵਿੰਗੇ-ਟੇਡੇ ਢੰਗ ਨਾਲ ਜੋ ਪਹਿਲਾਂ ਮਿਲਦਾ ਸੀ, ਉਹ ਖੋਹਿਆ ਹੈ। ਸਰਕਾਰ ਨੇ ਮਨਰੇਗਾ ਸਕੀਮ ਦਾ ਬਜਟ ਤਾਂ ਬਹੁਤ ਹੀ ਘਟਾ ਦਿੱਤਾ ਹੈ।ਪਿਛਲੇ ਸਾਲ ਨਾਲੋਂ 19297 ਕਰੋੜ ਘਟਾਇਆ ਗਿਆ ਹੈ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਮੰਗ ਇਹ ਸੀ ਕਿ ਸਾਲ ਵਿੱਚ ਘੱਟੋ-ਘੱਟ 200 ਦਿਨ ਕੰਮ ਤੇ ਦਿਹਾੜੀ 1000 ਰੁਪਏ ਹੋਵੇ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਅਫ਼ਸਰਸ਼ਾਹੀ ਨਰੇਗਾ ਕਾਨੂੰਨ ਸਕੀਮ ਦਾ ਪੈਸਾ ਡਕਾਰ ਰਹੀ ਹੈ।ਜਾਲ੍ਹੀ ਜਾਬ ਕਾਰਡ ’ਤੇ ਝੂਠਾ-ਮੂਠਾ ਕੰਮ ਦਿਖਾ ਕੇ ਬੈਂਕਾਂ ਵਾਲਿਆਂ ਨਾਲ ਮਿਲ ਕੇ ਖਾਤਿਆਂ ਵਿੱਚ ਪੈਸੇ ਪਵਾ ਲਏ ਜਾਂਦੇ ਹਨ ਅਤੇ ਉਹ ਪੈਸਾ ਬੈਂਕਾਂ ’ਚੋਂ ਕਢਵਾ ਕੇ ਆਪਸ ਵਿੱਚ ਵੰਡ ਲਿਆ ਜਾਂਦਾ ਹੈ। ਜਿਨ੍ਹਾਂ ਗਰੀਬਾਂ ਨੂੰ ਨਰੇਗਾ ਸਕੀਮ ਅਧੀਨ ਕੰਮ ਮਿਲਣਾ ਚਾਹੀਦਾ ਹੈ, ਉਨ੍ਹਾਂ ਨੂੰ ਦਿੱਤਾ ਹੀ ਨਹੀਂ ਜਾਂਦਾ। ਸਮਾਗਮ ਨੂੰ ਸੀ ਪੀ ਆਈ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਏਟਕ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਮਹਿੰਦਰ ਪਾਲ ਸਿੰਘ ਮੁਹਾਲੀ, ਰੁਪਿੰਦਰ ਕੌਰ ਮਾੜੀਮੇਘਾ, ਸੀਮਾ ਸੋਹਲ, ਚਰਨ ਸਿੰਘ ਤਰਨ ਤਾਰਨ, ਜਸਵੰਤ ਸਿੰਘ ਸੂਰਵਿੰਡ ਤੇ ਸੁਖਦੇਵ ਸਿੰਘ ਕੋਟ ਧਰਮ ਚੰਦ ਨੇ ਵੀ ਸੰਬੋਧਨ ਕੀਤਾ।