ਤਹਿਰਾਨ : ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ‘ਹਮਾਸ’ ਦੇ ਨੇਤਾ ਇਸਮਾਈਲ ਹਨੀਯੇਹ ਦੀ ਹੱਤਿਆ ਕਰ ਦਿੱਤੀ ਗਈ। ਹਮਾਸ ਨੇ ਆਪਣੇ ਸਿਆਸੀ ਬਿਊਰੋ ਚੀਫ ਦੀ ਹੱਤਿਆ ਲਈ ਇਜ਼ਰਾਈਲੀ ਹਵਾਈ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਈਰਾਨ ਦੇ ਨੀਮ ਫੌਜੀ ਬਲ ‘ਰੈਵੋਲੂਸ਼ਨਰੀ ਗਾਰਡ’ ਨੇ ਕਿਹਾ ਕਿ ਤਹਿਰਾਨ ਵਿਚ ਹਨੀਯੇਹ ਦੇ ਟਿਕਾਣੇ ’ਤੇ ਰਾਤ 2 ਵਜੇ (ਭਾਰਤੀ ਸਮੇਂ ਮੁਤਾਬਕ 4 ਵਜੇ) ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਹਮਲੇ ਵਿਚ ਉਨ੍ਹਾ ਦਾ ਬਾਡੀਗਾਰਡ ਵੀ ਮਾਰਿਆ ਗਿਆ। ਈਰਾਨ ਨੇ ਹਨੀਯੇਹ ਦੇ ਸਤਿਕਾਰ ਵਿਚ ਤਿੰਨ ਦਿਨਾ ਸੋਗ ਐਲਾਨਿਆ ਹੈ। ਈਰਾਨੀ ਸੁਪਰੀਮ ਲੀਡਰ ਅਲੀ ਖਾਮੇਨੇਈ ਨੇ ਹਨੀਯੇਹ ਦੀ ਹੱਤਿਆ ਦਾ ਇਜ਼ਰਾਈਲ ਤੋਂ ਬਦਲਾ ਲੈਣ ਦੀ ਗੱਲ ਕਹੀ ਹੈ। ਇਸ ਨਾਲ ਖਿੱਤੇ ਵਿਚ ਟਕਰਾਅ ਹੋਰ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਖਾਮੇਨੇਈ ਨੇ ਕਿਹਾ ਕਿ ਹਨੀਯੇਹ ਨੂੰ ਈਰਾਨੀ ਧਰਤੀ ’ਤੇ ਮਾਰਿਆ ਗਿਆ ਹੈ। ਉਹ ਉਨ੍ਹਾ ਦਾ ਮਹਿਮਾਨ ਸੀ ਤੇ ਇਸ ਲਈ ਉਸ ਦੀ ਮੌਤ ਦਾ ਬਦਲਾ ਲੈਣਾ ਈਰਾਨ ਦਾ ਫਰਜ਼ ਹੈ। ਅਮਰੀਕਾ ਨੇ ਕਿਹਾ ਹੈ ਕਿ ਜੇ ਪਲਟਵਾਰ ਕੀਤਾ ਤਾਂ ਉਹ ਇਜ਼ਰਾਈਲ ਦਾ ਸਾਥ ਦੇਵੇਗਾ।
ਹਨੀਯੇਹ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਸਪੁਰਦੇ ਖਾਕ ਕੀਤਾ ਜਾਵੇਗਾ। ਹਨੀਯੇਹ ਦੀ ਅਗਵਾਈ ਵਿਚ ਹੀ ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ 75 ਸਾਲਾਂ ਦਾ ਸਭ ਤੋਂ ਵੱਡਾ ਹਮਲਾ ਕੀਤਾ ਸੀ, ਜਿਸ ਵਿਚ 1200 ਤੋਂ ਵੱਧ ਲੋਕ ਮਾਰੇ ਗਏ ਸਨ।ਹਨੀਯੇਹ ਦੇ ਬੇਟੇ ਅਬਦੁਲ ਸਲਾਮ ਹਨੀਯੇਹ ਨੇ ਕਿਹਾ ਕਿ ਇਸ ਤੋਂ ਪਹਿਲਾਂ ਚਾਰ ਵਾਰ ਉਨ੍ਹਾ ਦੇ ਪਿਤਾ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ। ਅੱਲ੍ਹਾ ਨੇ ਉਨ੍ਹਾ ਨੂੰ ਸ਼ਹਾਦਤ ਬਖਸ਼ੀ ਹੈ। ਉਨ੍ਹਾ ਹਮੇਸ਼ਾ ਫਲਸਤੀਨੀ ਏਕਤਾ ਲਈ ਕੰਮ ਕੀਤਾ। ਉਨ੍ਹਾ ਦੀ ਹੱਤਿਆ ਸਾਡੇ ਹੌਸਲੇ ਤੋੜ ਨਹੀਂ ਸਕਦੀ। ਫਲਸਤੀਨ ਦੀ ਆਜ਼ਾਦੀ ਤੱਕ ਲੜਦੇ ਰਹਾਂਗੇ। ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਅਲ ਥਾਨੀ ਨੇ ਇਜ਼ਰਾਈਲ ’ਤੇ ਹਨੀਯੇਹ ਦੀ ਹੱਤਿਆ ਦਾ ਦੋਸ਼ ਲਾਉਦਿਆਂ ਕਿਹਾ ਕਿ ਜੰਗ ਵਿਚ ਜੇ ਇਕ ਧਿਰ ਦੂਜੀ ਧਿਰ ਵੱਲੋਂ ਸਮਝੌਤਾ ਕਰਵਾ ਰਹੇ ਰਹੇ ਵਿਅਕਤੀ ਦੀ ਹੱਤਿਆ ਕਰ ਦੇਵੇਗੀ ਤਾਂ ਜੰਗਬੰਦੀ ਨਹੀਂ ਹੋ ਸਕਦੀ। ਅਮਨ ਲਈ ਦੋਹਾਂ ਧਿਰਾਂ ਨੂੰ ਗੰਭੀਰ ਹੋਣਾ ਪਵੇਗਾ।
ਪਾਕਿਸਤਾਨ ਨੇ ਕਿਹਾ ਕਿ ਹਨੀਯੇਹ ’ਤੇ ਇਜ਼ਰਾਈਲ ਦਾ ਹਮਲਾ ਦਹਿਸ਼ਤਗਰਦੀ ਹੈ। ਇਲਾਕੇ ਵਿਚ ਇਜ਼ਰਾਈਲ ਦੀ ਦਾਦਾਗਿਰੀ ਵਧਦੀ ਜਾ ਰਹੀ ਹੈ। ਫਿਲਹਾਲ ਇਸ ਕਤਲ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਹਾਲਾਂਕਿ, ਸ਼ੱਕ ਇਜਰਾਈਲ ’ਤੇ ਹੈ, ਜਿਸ ਨੇ 7 ਅਕਤੂਬਰ ਨੂੰ ਦੇਸ਼ ’ਤੇ ਅਚਾਨਕ ਹਮਲੇ ਮਗਰੋਂ ਹਨੀਯੇਹ ਅਤੇ ਹਮਾਸ ਦੇ ਵੱਖ-ਵੱਖ ਕਮਾਂਡਰਾਂ ਨੂੰ ਮਾਰਨ ਦਾ ਅਹਿਦ ਲਿਆ ਸੀ। ਇਜ਼ਰਾਈਲ ਨੇ ਅਜੇ ਤੱਕ ਇਸ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ। ਚੀਨ, ਫਲਸਤੀਨ, ਕਤਰ, ਤੁਰਕੀ ਆਦਿ ਦੇਸ਼ਾਂ ਨੇ ਹਮਾਸ ਆਗੂ ਹਨੀਯੇਹ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ।
ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਦੇ ਸਹੁੰ ਚੁੱਕ ਸਮਾਗਮ ਵਿਚ ਭਾਰਤ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਸ਼ਾਮਲ ਹੋਏ ਸਨ। ਉਨ੍ਹਾ ਤੋਂ ਇਲਾਵਾ ਅਰਮੇਨੀਆ, ਤਾਜ਼ਿਕਸਤਾਨ, ਮਿਸਰ, ਸੂਡਾਨ, ਇਰਾਕ, ਤੁਰਕੀ, ਸਾਊਦੀ ਅਰਬ, ਅਜ਼ਰਬਾਈਜਾਨ, ਕਿਊਬਾ, ਬਰਾਜ਼ੀਲ ਦੇ ਨੁਮਾਇੰਦੇ ਤੇ ਯੂਰਪੀਨ ਯੂਨੀਅਨ ਦੇ ਰਾਜਦੂਤ ਐਨਰਿਕ ਮੋਰਾ ਵੀ ਮੌਜੂਦ ਸਨ। ਹਮਾਸ ਤੋਂ ਇਲਾਵਾ ਲੜਾਕਾ ਜਥੇਬੰਦੀ ਹਿਜ਼ਬੁੱਲਾ ਤੇ ਯਮਨ ਦੇ ਹੂਤੀ ਬਾਗੀਆਂ ਦੇ ਨੁਮਾਇੰਦੇ ਵੀ ਪੁੱਜੇ ਸਨ।