18.3 C
Jalandhar
Thursday, November 21, 2024
spot_img

ਐੱਸ ਸੀ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਵਸੂਲਣ ਖਿਲਾਫ ਰੋਸ ਪ੍ਰਦਰਸ਼ਨ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੱਤ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋਂ ਕਾਂਸਟੀਚੂਐਂਟ ਕਾਲਜਾਂ ’ਚ ਪੜਦੇ ਐੱਸ ਸੀ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਵਸੂਲਣ ਖਿਲਾਫ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਬਾਹਰ ਵੀਰਵਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਕਾਂਸਟੀਚੂਐਂਟ ਕਾਲਜਾਂ ਅਤੇ ਯੂਨੀਵਰਸਿਟੀ ਕੈਂਪਸ ਤੋਂ ਸੈਕੜੇ ਵਿਦਿਆਰਥੀ ਸ਼ਾਮਿਲ ਹੋਏ। ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਦਿਆਰਥੀਆਂ ਅੱਗੇ ਗੱਲ ਰੱਖਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਂਸਟੀਚੂਐਂਟ ਕਾਲਜਾਂ ਨੂੰ ਐੱਸ ਸੀ ਵਿਦਿਆਰਥੀਆਂ ਤੋਂ ਪੀ ਟੀ ਏ ਫ਼ੰਡ ਵਸੂਲਣ ਦਾ ਫੁਰਮਾਨ ਜਾਰੀ ਕੀਤਾ ਗਿਆ, ਜੋ ਕਿ ਪੋਸਟ-ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਵਿਦਿਆਰਥੀਆਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਪੀ ਟੀ ਏ ਫੰਡ ਵਸੂਲਣ ਦੀ ਨੀਤੀ ਹੀ ਸਿੱਖਿਆ ਦੇ ਨਿੱਜੀਕਰਨ ਦੇ ਤਰਕ ਚੋਂ ਨਿਕਲੀ ਹੈ, ਜਿਸ ਦੇ ਤਹਿਤ ਕਾਲਜਾਂ ’ਚ ਅਧਿਆਪਕ, ਕਲਰਕ, ਸਕਿਉਰਟੀ ਗਾਰਡ ਆਦਿ ਭਰਤੀ ਕੀਤੇ ਜਾ ਰਹੇ ਹਨ। ਅਸਲ ’ਚ ਪੰਜਾਬ ਸਰਕਾਰ ਕਾਲਜਾਂ ’ਚ ਟੀਚਿੰਗ ਤੇ ਨਾਨ-ਟੀਚਿੰਗ ਅਮਲੇ ਦੀ ਪੱਕੀ ਭਰਤੀ ਕਰਨ ਤੋਂ ਲੰਮੇ ਸਮੇਂ ਤੋਂ ਲਗਾਤਾਰ ਟਾਲਾ ਵੱਟਦੀ ਆ ਰਹੀ ਹੈ।ਪਿਛਲੇ ਸਮੇਂ ਕੱਢੀਆਂ ਗਈਆਂ ਪੋਸਟਾਂ ਵੀ ਸਰਕਾਰ ਦੀ ਇਸੇ ਨੀਤੀ ਦਾ ਸ਼ਿਕਾਰ ਹੋਈਆਂ ਹਨ, ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਲਜਾਂ ’ਚ ਪੜ੍ਹਦੇ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਵਸੂਲ ਕੇ ਲੁੱਟ ਕੀਤੀ ਜਾ ਰਹੀ ਹੈ ਤੇ ਹੁਣ ਗਰੀਬ ਘਰਾਂ ਨਾਲ ਸੰਬੰਧਤ ਵਿਦਿਆਰਥੀਆਂ ਤੋਂ ਵੀ ਪੀ ਟੀ ਏ ਫੰਡ ਵਸੂਲਣ ਦੇ ਫਰਮਾਨ ਜਾਰੀ ਕੀਤੇ ਹਨ।
ਇਹ ਫੁਰਮਾਨ ਜਾਰੀ ਹੋਣ ਦੇ ਨਾਲ ਹੀ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਲਗਾਤਾਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਨੂੰ ਮਿਲ ਰਹੇ ਸਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਨੂੰ ਵਾਪਸ ਲੈਣ ਲਈ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਕੀਤੀ, ਸਗੋਂ ਇਸ ਪ੍ਰਤੀ ਬੇ-ਤੁਕੇ ਤਰਕ ਦਿੱਤੇ। ਯੂਨੀਵਰਸਿਟੀ ਦੇ ਆਰਜ਼ੀ ਤੌਰ ’ਤੇ ਲਗਾਏ ਗਏ ਵਾਈਸ ਚਾਂਸਲਰ ਨੇ ਆਪਣਾ ਨੌਕਰਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਇਹ ਫੈਸਲਾ ਵਾਪਸ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੇ ਜਥੇਬੰਦੀਆਂ ਦੀ ਅਗਵਾਈ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਉਪਰੰਤ ਪ੍ਰਸ਼ਾਸਨ ਨੇ ਆਗੂਆਂ ਨੂੰ ਮੀਟਿੰਗ ਲਈ ਸੱਦਿਆ, ਪਰ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਨੇ ਵਿਦਿਆਰਥੀ ਆਗੂਆਂ ਦੀ ਗੱਲ ਸੁਣਨ ਦੀ ਜਗ੍ਹਾ ਉਹਨਾਂ ਨਾਲ ਬਦਤਮੀਜ਼ੀ ਕਰਦਿਆਂ ਕਿਹਾ ਕਿ ‘ਬਾਹਰ ਨਿਕਲ ਜਾਓ’ ਇਸ ਉਪਰੰਤ ਵਿਦਿਆਰਥੀਆਂ ਨੇ ਇਸ ਬਦਤਮੀਜ਼ੀ ਖਿਲਾਫ ਸਿੰਡੀਕੇਟ ਰੂਮ ਵਿੱਚ ਉਸ ਨੂੰ ਬੰਦ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕੁਝ ਸਮੇਂ ਬਾਅਦ ਪ੍ਰਸ਼ਾਸਨ ਨੂੰ ਵਿਦਿਆਰਥੀ ਸੰਘਰਸ਼ ਅੱਗੇ ਝੁਕਣਾ ਪਿਆ ਅਤੇ ਪੀ ਟੀ ਏ ਫੰਡ ਦਾ ਫੈਸਲਾ ਵਾਪਸ ਲੈਣ ਲਈ ਸੋਮਵਾਰ ਤੱਕ ਪੱਤਰ ਜਾਰੀ ਕਰਨ ਦਾ ਭਰੋਸਾ ਦੇਣਾ ਪਿਆ।
ਇਸ ਭਰੋਸੇ ’ਤੇ ਵਿਦਿਆਰਥੀ ਜਥੇਬੰਦੀਆਂ ਨੇ ਧਰਨਾ ਖ਼ਤਮ ਕਰ ਦਿੱਤਾ। ਸੰਘਰਸ਼ ਵਿੱਚ ਗੈੱਸਟ ਫੈਕਲਟੀ ਅਧਿਆਪਕ ਯੂਨੀਅਨਾਂ ਨੇ ਵੀ ਸਮਰਥਨ ਦਿੱਤਾ। ਇਸ ਪ੍ਰਦਰਸ਼ਨ ਵਿੱਚ ’ਚ ਪੀ ਐੱਸ ਯੂ ਵੱਲੋਂ ਅਮਨਦੀਪ ਸਿੰਘ, ਪੀ ਐੱਸ ਯੂ (ਸ਼ਹੀਦ ਰੰਧਾਵਾ) ਵੱਲੋਂ ਹੁਸ਼ਿਆਰ ਸਿੰਘ ਪੀ ਐੱਸ ਯੂ (ਲਲਕਾਰ) ਵੱਲੋਂ ਗੁਰਵਿੰਦਰ, ਪੀ ਆਰ ਐੱਸ ਯੂ ਵੱਲੋਂ ਰਸ਼ਪਿੰਦਰ ਜਿੰਮੀ, ਏ ਆਈ ਐੈੱਸ ਐੱਫ ਤੋਂ ਗੁਰਜੰਟ, ਐੱਸ ਐੱਫ ਆਈ ਵੱਲੋਂ ਨਿਰਭੈ ਅਤੇ ਪੀ ਐੱਸ ਐੱਫ ਵੱਲੋਂ ਗਗਨ, ਪੰਜਾਬੀ ਯੂਨੀਵਰਸਿਟੀ ਗੈਸਟ ਫੈਕਲਟੀ ਐਸੋਸੀਏਸ਼ਨ ਵੱਲੋਂ ਵਰਿੰਦਰ ਖੁਰਾਣਾ, ਗੈੱਸਟ ਫੈਕਲਟੀ ਯੂਨੀਅਨ ਕਾਂਸਟੀਚੂਐਂਟ ਕਾਲਜਾਂ ਵੱਲੋਂ ਗੁਰਸੇਵਕ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਲਰਾਜ ਜੋਸ਼ੀ ਆਦਿ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles