ਸ਼ਿਮਲਾ : ਹਿਮਾਚਲ ’ਚ ਬੱਦਲ ਫਟਣ ਦੀਆਂ ਦੋ ਘਟਨਾਵਾਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 40 ਦੇ ਕਰੀਬ ਲਾਪਤਾ ਦੱਸੇ ਜਾਂਦੇ ਹਨ। ਭਾਰੀ ਮੀਂਹ ਨਾਲ ਕਈ ਘਰ ਤੇ ਸੜਕਾਂ ਰੁੜ੍ਹ ਗਈਆਂ ਤੇ ਦੋ ਪਣਬਿਜਲੀ ਪ੍ਰਾਜੈਕਟਾਂ ਨੂੰ ਨੁਕਸਾਨ ਪੁੱਜਾ ਹੈ। ਸ਼ਿਮਲਾ ਦੀ ਰਾਮਪੁਰ ਸਬ-ਡਵੀਜ਼ਨ ’ਚ ਸਮਾਗ ਖੁੱਡ (ਨਾਲਾ) ਵਿਚ ਬੱਦਲ ਫਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 28 ਲਾਪਤਾ ਹਨ। ਦੋ ਵਿਅਕਤੀਆਂ ਨੂੰ ਮੌਕੇ ਉੱਤੇ ਬਚਾਇਆ ਗਿਆ ਹੈ। ਬੱਦਲ ਫਟਣ ਦੀ ਘਟਨਾ ਬੁੱਧਵਾਰ ਰਾਤ ਇਕ ਵਜੇ ਦੇ ਕਰੀਬ ਦੀ ਹੈ। ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਸੂਬੇ ਵਿਚ ਚਾਰ ਪੁਲ ਤੇ ਫੁੱਟ ਬਿ੍ਰਜ ਰੁੜ੍ਹ ਗਏ। ਸੇਬ ਦੀ ਫਸਲ ਵੀ ਨੁਕਸਾਨੀ ਗਈ ਹੈ। ਲਾਪਤਾ ਵਿਅਕਤੀਆਂ ਦਾ ਖੁਰਾ-ਖੋਜ ਲਾਉਣ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਮੰਡੀ ਜ਼ਿਲ੍ਹੇ ਵਿਚ ਪਾਧਰ ਦੇ ਥਲਾਟੂਖੋੜ ਵਿਚ ਬੱਦਲ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 9 ਲਾਪਤਾ ਸਨ। ਕੁਝ ਘਰ ਢਹਿ ਗਏ ਤੇ ਸੜਕੀ ਸੰਪਰਕ ਵੀ ਟੁੱਟ ਗਿਆ। ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਨੂੰ ਕਈ ਥਾਵਾਂ ’ਤੇ ਨੁਕਸਾਨ ਪੁੱਜਾ ਹੈ। ਭੁੰਤਰ ਵਿਚ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ, ਕਿਉਂਕਿ ਪਾਰਵਤੀ ਨਦੀ ਤੇ ਮਲਾਨਾ ਖੁੱਡ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਮਲਾਨਾ 1 ਤੇ ਮਲਾਨਾ 2 ਪਣਬਿਜਲੀ ਪ੍ਰਾਜੈਕਟ ਨੁਕਸਾਨੇ ਗਏ ਹਨ। ਢਿਗਾਂ ਡਿੱਗਣ ਕਰਕੇ ਮਨਾਲੀ-ਚੰਡੀਗੜ੍ਹ ਕੌਮੀ ਸ਼ਾਹਰਾਹ ਕਈ ਥਾਵਾਂ ’ਤੇ ਬੰਦ ਹੋ ਗਿਆ ਹੈ ਤੇ ਮੰਡੀ ਦੇ ਪੰਡੋਹ ਵਿਚ ਬਿਆਸ ਦਰਿਆ ਦਾ ਪਾਣੀ ਘਰਾਂ ਵਿਚ ਦਾਖਲ ਹੋ ਗਿਆ ਸੀ। ਕਈ ਘਰ ਤੇ ਦੁਕਾਨਾਂ ਹੜ੍ਹ ਗਈਆਂ। ਪ੍ਰਭਾਵਤ ਇਲਾਕਿਆਂ ਵਿਚ ਸਾਰੀਆਂ ਸਿੱਖਿਆ ਸੰਸਥਾਵਾ ਬੰਦ ਕਰ ਦਿੱਤੀਆਂ ਗਈਆਂ ਹਨ। ਉੱਤਰਾਖੰਡ ਵਿਚ ਵੀਰਵਾਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਇਕ ਪਰਵਾਰ ਦੇ ਤਿੰਨ ਜੀਆਂ ਸਣੇ 7 ਵਿਅਕਤੀਆਂ ਦੀ ਮੌਤ ਹੋ ਗਈ। ਕਈ ਥਾਵਾਂ ’ਤੇ ਘਰ ਢਹਿ ਗਏ ਤੇ ਇਲਾਕਿਆਂ ਵਿਚ ਪਾਣੀ ਭਰ ਗਿਆ। ਕਈ ਦਰਿਆਵਾਂ ’ਚ ਪਾਣੀ ਦਾ ਪੱਧਰ ਵਧ ਗਿਆ। ਦੇਹਰਾਦੂਨ, ਹਲਦਵਾਨੀ ਤੇ ਚਮੋਲੀ ਵਿਚ ਮੀਂਹ ਨਾਲ ਸੰਬੰਧਤ ਘਟਨਾਵਾਂ ’ਚ ਚਾਰ ਵਿਅਕਤੀ ਲਾਪਤਾ ਹਨ। ਦੇਹਰਾਦੂਨ ਸਣੇ ਹੋਰ ਕਈ ਜ਼ਿਲ੍ਹਿਆਂ ਵਿਚ 12ਵੀਂ ਜਮਾਤ ਤੱਕ ਦੇ ਸਕੂਲ ਤੇ ਆਂਗਣਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ।
ਭੀਮਬਾਲੀ ਚੌਕੀ ਨੇੜੇ 20-25 ਮੀਟਰ ਫੁੱਟਪਾਥ ਰੁੜ੍ਹਨ ਤੇ ਢਿਗਾਂ ਡਿੱਗਣ ਨਾਲ ਕੇਦਾਰਨਾਥ ਰੂਟ ’ਤੇ 200 ਮੁਸਾਫਰ ਫਸ ਗਏ, ਜਿਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ। ਕੇਦਾਰਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸੜਕ ਖੁੱਲ੍ਹਣ ਤੱਕ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚਾਰਧਾਮ ਯਾਤਰਾ ਲਈ ਨਵੀਂ ਰਜਿਸਟਰੇਸ਼ਨ ਵੀ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ।
ਬੁੱਧਵਾਰ ਸ਼ਾਮ ਪਏ ਭਾਰੀ ਮੀਂਹ ਤੋਂ ਬਾਅਦ ਗੁਰੂਗ੍ਰਾਮ ਦੇ ਇਫਕੋ ਚੌਕ ਮੈਟਰੋ ਸਟੇਸ਼ਨ ਨੇੜੇ ਤਿੰਨ ਵਿਅਕਤੀ ਮੀਂਹ ਦੇ ਜਮ੍ਹਾਂ ਪਾਣੀ ਵਿੱਚੋਂ ਲੰਘਣ ਮੌਕੇ ਬਿਜਲੀ ਦੇ ਸੰਪਰਕ ਵਿਚ ਆਉਣ ਕਾਰਨ ਕਰੰਟ ਨਾਲ ਝੁਲਸ ਕੇ ਮਰ ਗਏ।
ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 3 ’ਚ ਇੱਕ ਔਰਤ ਅਤੇ ਉਸ ਦਾ ਪੁੱਤਰ ਖੁੱਲ੍ਹੇ ਨਾਲੇ ’ਚ ਡੁੱਬ ਗਏ। ਮਿ੍ਰਤਕਾਂ ਦੀ ਪਛਾਣ ਤਨੂਜਾ (22) ਅਤੇ ਉਸ ਦੇ ਬੱਚੇ ਪਿ੍ਰਆਂਸ਼ (3) ਵਾਸੀ ਗਾਜ਼ੀਆਬਾਦ ਵਜੋਂ ਹੋਈ ਹੈ। ਉਧਰ ਨੋਇਡਾ ’ਚ ਵੀ ਕੰਧ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦਿੱਲੀ ਦੇ ਕਈ ਇਲਾਕਿਆਂ ’ਚ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਹੋਣ ਤੋਂ ਬਾਅਦ ਵੀਰਵਾਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਕੇਰਲਾ ਦੇ ਵਾਇਨਾਡ ਜ਼ਿਲ੍ਹੇ ’ਚ ਭਾਰੀ ਮੀਂਹ ਤੋਂ ਬਾਅਦ ਢਿਗਾਂ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 276 ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿਚ 23 ਬੱਚੇ ਅਤੇ 70 ਮਹਿਲਾਵਾਂ ਸ਼ਾਮਲ ਹਨ। ਵੱਡੀ ਗਿਣਤੀ ਵਿਚ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।