ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿਚ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਵੀਰਵਾਰ ਪਾਰਟੀ ਵਿੱਚੋਂ ਕੱਢ ਦਿੱਤਾ। ਕਮੇਟੀ ਦੀ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਇਹ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ। ਕਮੇਟੀ ਦੇ ਦੂਜੇ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਗੁਲਜ਼ਾਰ ਸਿੰਘ ਰਣੀਕੇ ਹਨ। ਗਰੇਵਾਲ ਨੇ ਦੱਸਿਆ ਕਿ ਕਮੇਟੀ ਇਸ ਰਾਇ ਦੀ ਸੀ ਕਿ ਢੀਂਡਸਾ ਆਪਣੇ ਅਹੁਦੇ ਮੁਤਾਬਕ ਨਹੀਂ ਚੱਲ ਰਹੇ। ਉਹ ਨਾ ਸਿਰਫ ਅਣਅਧਿਕਾਰਤ ਬਿਆਨ ਦਾਗ ਰਹੇ ਹਨ, ਸਗੋਂ ਪਾਰਟੀ ਸੰਵਿਧਾਨ ਤੇ ਇਸ ਦੀਆਂ ਅਮੀਰ ਤੇ ਸ਼ਾਨਾਮੱਤੀਆਂ ਰਵਾਇਤਾਂ ਦੇ ਖਿਲਾਫ ਕੰਮ ਕਰ ਰਹੇ ਹਨ। ਅਨੁਸ਼ਾਸਨੀ ਕਮੇਟੀ ਨੇ ਪਹਿਲਾਂ ਕੱਢੇ ਗਏ 8 ਆਗੂਆਂ ਦੇ ਹੱਕ ਵਿਚ ਢੀਂਡਸਾ ਦੀ ਬਿਆਨਬਾਜ਼ੀ ਦਾ ਨੋਟਿਸ ਵੀ ਲਿਆ। ਭੰੂਦੜ ਨੇ ਕਿਹਾ ਕਿ ਢੀਂਡਸਾ ਨੇ ਆਪਣੇ ਖਿਲਾਫ ਕਾਰਵਾਈ ਲਈ ਕਮੇਟੀ ਨੂੰ ਮਜਬੂਰ ਕੀਤਾ। ਢੀਂਡਸਾ ਨੇ ਇਹ ਕਹਿ ਕੇ ਕਾਡਰ ਨੂੰ ਗੰੁਮਰਾਹ ਕਰਨ ਦੀ ਕੋਸਿਸ਼ ਕੀਤੀ ਕਿ 8 ਆਗੂਆਂ ਨੂੰ ਕੱਢਣ ਦਾ ਫੈਸਲਾ ਉਨ੍ਹਾ ਸਰਪ੍ਰਸਤ ਹੋਣ ਦੇ ਨਾਤੇ ਰੱਦ ਕਰ ਦਿੱਤਾ ਹੈ।