ਕੁਸਾਲੇ ਨੇ ਨਿਸ਼ਾਨੇਬਾਜ਼ੀ ’ਚ ਤੀਜਾ ਤਮਗਾ ਜਿਤਾਇਆ

0
125

ਪੈਰਿਸ : ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ 451.4 ਦੇ ਸਕੋਰ ਨਾਲ ਭਾਰਤ ਦੀ ਝੋਲੀ ਕਾਂਸੀ ਦਾ ਤਮਗਾ ਪਾਇਆ। ਸੋਨੇ ਤੇ ਚਾਂਦੀ ਦੇ ਤਮਗੇ ਕ੍ਰਮਵਾਰ ਚੀਨ ਦੇ ਯੁਕੁਨ ਲਿਉ (463.6) ਤੇ ਯੂਕਰੇਨ ਦੇ ਐੱਸ ਕੁਲਿਸ਼ (461.3) ਨੇ ਜਿੱਤੇ। ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਮਨੂੰ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ। ਕੁਸਾਲੇ ਦਾ ਪਿਤਾ ਤੇ ਭਰਾ ਸਰਕਾਰੀ ਸਕੂਲ ’ਚ ਅਧਿਆਪਕ ਹਨ, ਜਦੋਂਕਿ ਮਾਤਾ ਮਹਾਰਾਸ਼ਟਰ ਦੇ ਕੋਲ੍ਹਾਪੁਰ ਨੇੜੇ ਕੰਬਲਵਾੜੀ ਪਿੰਡ ਦੀ ਸਰਪੰਚ ਹੈ। ਇਸ ਤੋਂ ਪਹਿਲਾਂ ਸਾਲ 2012 ਵਿਚ ਲੰਡਨ ਉਲੰਪਿਕ ਦੌਰਾਨ ਜੌਏਦੀਪ ਕਰਮਾਕਰ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ਦੇ ਫਾਈਨਲ ਵਿਚ ਚੌਥੇ ਸਥਾਨ ’ਤੇ ਰਿਹਾ ਸੀ। ਕੁੁਸਾਲੇ, ਜੋ ਪੁਣੇ ਵਿਚ ਟਿਕਟ ਕੁਲੈਕਟਰ ਹੈ, ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਪ੍ਰੇਰਨਾ-ਸਰੋਤ ਮੰਨਦਾ ਹੈ। ਕੁਸਾਲੇ ਬੁੱਧਵਾਰ ਨੂੰ ਕੁਆਲੀਫਾਇੰਗ ਗੇੜ ਦੌਰਾਨ ਸੱਤਵੇਂ ਸਥਾਨ ’ਤੇ ਰਿਹਾ ਸੀ। ਮੁੱਕੇਬਾਜ਼ ਨਿਕਹਤ ਜ਼ਰੀਨ 50 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰਜ਼ ਮੁਕਾਬਲੇ ਵਿਚ ਚੀਨ ਦੀ ਵੂ ਯੂ ਕੋਲੋਂ ਹਾਰ ਗਈ। ਚੀਨੀ ਮੁੱਕੇਬਾਜ਼ ਨੇ ਜ਼ਰੀਨ ਨੂੰ 5-0 ਦੇ ਸਕੋਰ ਨਾਲ ਹਰਾਇਆ। ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਦੌੜ ’ਚ ਭਾਰਤ ਦੇ ਹੱਥ ਨਿਰਾਸ਼ਾ ਲੱਗੀ, ਜਦੋਂ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਕ੍ਰਮਵਾਰ 30ਵੇਂ ਅਤੇ 37ਵੇਂ ਸਥਾਨ ’ਤੇ ਰਹੇ। ਵਿਕਾਸ ਨੇ 1 ਘੰਟਾ 22 ਮਿੰਟ ਅਤੇ 36 ਸਕਿੰਟ ਦਾ ਸਮਾਂ ਲਿਆ, ਜਦਕਿ ਪਰਮਜੀਤ ਨੇ 1 ਘੰਟਾ 23 ਮਿੰਟ 48 ਸਕਿੰਟ ’ਚ ਫਾਈਨਲ ਲਾਈਨ ਪਾਰ ਕੀਤੀ। ਇਕੁਆਡੋਰ ਦੇ ਬ੍ਰਾਇਨ ਡੈਨੀਅਲ ਪਿਨਟਾਡੋ (1:18:55) ਨੇ ਸੋਨ ਤਮਗਾ ਹਾਸਲ ਕੀਤਾ ਅਤੇ ਬ੍ਰਾਜ਼ੀਲ ਦੇ ਕਾਇਓ ਬੋਨਫਿਮ (1:19:09) ਅਤੇ ਮੌਜੂਦਾ ਵਿਸ਼ਵ ਚੈਂਪੀਅਨ ਸਪੇਨ ਦੇ ਅਲਵਾਰੋ ਮਾਰਟਿਨ (1:19:11) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ।

LEAVE A REPLY

Please enter your comment!
Please enter your name here